Breaking News
Home / ਕੈਨੇਡਾ / ਸਾਡੇ ਸੀਨੀਅਰਜ਼ ਮਾਣਮੱਤੀ ਸੇਵਾ-ਮੁਕਤ ਜ਼ਿੰਦਗੀ ਦੇ ਪੂਰੇ ਹੱਕਦਾਰ ਹਨ : ਜਗਮੀਤ ਸਿੰਘ

ਸਾਡੇ ਸੀਨੀਅਰਜ਼ ਮਾਣਮੱਤੀ ਸੇਵਾ-ਮੁਕਤ ਜ਼ਿੰਦਗੀ ਦੇ ਪੂਰੇ ਹੱਕਦਾਰ ਹਨ : ਜਗਮੀਤ ਸਿੰਘ

logo-2-1-300x105ਬਰੈਂਪਟਨ/ਡਾ. ਝੰਡ
ਓਨਟਾਰੀਓ ਦੀ ਲਿਬਰਲ ਸਰਕਾਰ ਨੇ ਇਸ ਮਹੀਨੇ ਪੇਸ਼ ਕੀਤੇ ਆਪਣੇ ਬੱਜਟ ਵਿੱਚ ਬਜ਼ੁਰਗਾਂ ਨੂੰ ਸਿਹਤਮੰਦ ਰੱਖਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਹੈ ਅਤੇ ਉੱਪਰੋਂ ਸਿੱਤਮ ਇਹ ਕਿ ਇਹ ਫੈਸਲਾ ਸਰਕਾਰ ਵੱਲੋਂ ਕਿਸੇ ਨੂੰ ਬਿਨਾਂ ਪੁੱਛੇ-ਦੱਸੇ ਲਿਆ ਗਿਆ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, ਸਗੋਂ ਓਨਟਾਰੀਓ ਦੇ ਐੱਨ.ਡੀ.ਪੀ. ਦੇ ਡਿਪਟੀ ਲੀਡਰ ਨੇ ਦੱਸੀ ਹੈ। ਪਰੈੱਸ ਦੇ ਨਾਂ ਜਾਰੀ ਆਪਣੇ  ਬਿਆਨ ਵਿੱਚ ਉਨ੍ਹਾਂ ਕਿਹਾ ਹੈ ਕਿ ਆਮ ਬਜ਼ੁਰਗ ਨੂੰ ਤੰਦਰੁਸਤ ਰਹਿਣ ਲਈ ਲੱਗਭੱਗ ਅੱਠ ਦਵਾਈਆਂ ਦੀ ਲੋੜ ਹੁੰਦੀ ਹੈ ਅਤੇ ਹਰ ਤਿੰਨਾਂ ਬਜ਼ੁਰਗਾਂ ਵਿੱਚੋਂ ਇੱਕ ਨੂੰ 10 ਦਵਾਈਆਂ ਦੀ ਵੀ ਜ਼ਰੂਰਤ ਪੈਂਦੀ ਹੈ। ਜੇਕਰ ਹੁਣ ਅਸੀਂ ਇਸ ਦੇ ਬਾਰੇ ਕੁਝ ਨਾ ਕੀਤਾ ਤਾਂ ਸਾਡੇ ਬਜ਼ੁਰਗ ਜਿਹੜੇ 19,500 ਡਾਲਰ ਸਲਾਨਾ ਆਮਦਨੀ ਉੱਪਰ ਗ਼ੁਜ਼ਾਰਾ ਕਰ ਰਹੇ ਹਨ, ਉਨ੍ਹਾਂ ਲਈ ਹੋਰ ਵੀ ਮੁਸ਼ਕਲਾਂ ਪੈਦਾ ਹੋ ਜਾਣਗੀਆਂ।
ਉਨ੍ਹਾਂ ਹੋਰ ਕਿਹਾ ਕਿ ਜਦੋਂ ਭਾਈਚਾਰੇ ਵਿੱਚ ਵਿਚਰਦਿਆਂ ਉਹ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਨ ਤਾਂ ਉਹ ਦੱਸਦੇ ਹਨ ਕਿ ਉਹ ਕਿਵੇਂ ਆਪਣੇ ਬੱਜਟ ਨੂੰ ਮੁਸ਼ਕਲ ਨਾਲ ਕੰਟਰੋਲ ਕਰ ਰਹੇ ਹਨ। ਦਵਾਈਆਂ ਦੀ ਕੀਮਤ ਵਿੱਚ ਇਹ ਵਾਧਾ ਤਾਂ ਉਨ੍ਹਾਂ ਦੇ ਜੀਵਨ ਵਿੱਚ ਇੱਕ ਭੁਚਾਲ ਦੀ ਨਿਆਈਂ ਹੋਵੇਗਾ ਜੋ ਉਨ੍ਹਾਂ ਦੇ ਬੱਜਟ ਨੂੰ ਹਿਲਾ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਲਿਬਰਲ ਸਰਕਾਰ ਦੇ ਇਸ ਫੈਸਲੇ ਤੋਂ ਬੜੇ ਚਿੰਤਤ ਹਨ। ਸਰਕਾਰ ਇਹ ਵਾਧਾ ਸ਼ਾਇਦ ਇਸ ਲਈ ਕਰ ਰਹੀ ਕਿ ਬਜ਼ੁਰਗ ਦਵਾਈਆਂ ਤੋਂ ਵਾਂਝੇ ਰਹਿ ਜਾਣ। ਇਸ ਸੂਰਤੇ-ਹਾਲ ਵਿੱਚ ਸਾਡੇ ਬਹੁਤ ਸਾਰੇ ਬਜ਼ੁਰਗਾਂ ਨੂੰ ਹਸਪਤਾਲਾਂ ਵਿੱਚ ਭਰਤੀ ਹੋਣਾ ਪਵੇਗਾ ਜਿੱਥੇ ਪਹਿਲਾਂ ਹੀ ਬੜੀ ਭੀੜ ਹੈ ਅਤੇ ਉਨ੍ਹਾਂ ਦੇ ਇਲਾਜ ਵਿੱਚ ਬੇਲੋੜੀ ਦੇਰੀ ਹੋਵੇਗੀ। ਇਸ ਦੇ ਉਲਟ ਉਹ ਆਪਣੇ ਘਰਾਂ ਵਿੱਚ ਰਹਿ ਕੇ ਸਗੋਂ ਤੰਦਰੁਸਤ ਰਹਿ ਸਕਦੇ ਹਨ ਜੇਕਰ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਸਮੇਂ-ਸਿਰ ਵਾਜਬ ਕੀਮਤਾਂ ਉੱਪਰ ਮਿਲਦੀਆਂ ਰਹਿਣ।
ਜਗਮੀਤ ਸਿੰਘ ਨੇ ਇਸ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਕੈਥਲਿਨ ਵਿੱਨ ਨੇ ਆਪਣੀ ਆਖ਼ਰੀ ਚੋਣ-ਮੁਹਿੰਮ ਵਿੱਚ ਇਹ ਵਾਅਦਾ ਕੀਤਾ ਸੀ ਕਿ ਜੀਵਨ-ਭਰ ‘ਹੱਡ-ਭੰਨ ਕਮਾਈ’ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਜੀਵਨ ਦੇ ‘ਸੁਨਹਿਰੀ-ਪੜਾਅ’ ‘ਤੇ ਰੁਲਣ ਨਹੀਂ ਦਿੱਤਾ ਜਾਵੇਗਾ। ਇਸ ਸਮੇਂ ਓਨਟਾਰੀਓ ਸੂਬੇ ਵਿੱਚ ਲਿਬਰਲਾਂ ਦੀ ਬਹੁ-ਗਿਣਤੀ ਸਰਕਾਰ ਹੈ। ਫਿਰ ਵੀ ਉਹ ਆਪਣਾ ਇਹ ਵਾਅਦਾ ਤੋੜ ਕੇ ਬਜ਼ੁਰਗਾਂ ਨੂੰ ਰੋਲਣ ਵਾਲੀ ਕਾਰਵਾਈ ਕਰ ਰਹੇ ਹਨ ਅਤੇ ਚੋਣਾਂ ਵਿੱਚ ਕੀਤੇ ਹੋਏ ਵਾਅਦਿਆਂ ਤੋਂ ਪਿੱਛੇ ਭੱਜ ਰਹੇ ਹਨ। ਹੋ ਸਕਦਾ ਹੈ ਸਾਡੀ ਪ੍ਰੀਮੀਅਰ ਨੂੰ ਕਾਗਜ਼ਾਂ ਵਿੱਚ ਇਹ ਸਕੀਮ ਬੜੀ ਚੰਗੀ ਲੱਗ ਰਹੀ ਹੋਵੇ, ਪਰ ਦਰਅਸਲ ਉਹ ਇਸ ਨਾਲ ਸਤਿਕਾਰਤ ਬਜ਼ੁਰਗਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ।
ਉਨ੍ਹਾਂ ਕਿਹਾ ਕਿ ਓਨਟਾਰੀਓ ਦੀ ਐੱਨ.ਡੀ.ਪੀ. ਸਰਕਾਰ ਦੇ ਇਸ ਕਦਮ ਦੀ ਭਾਰੀ ਨਿੰਦਾ ਕਰਦੀ ਹੈ ਅਤੇ ਬਜ਼ੁਰਗਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਉਹ ਇਸ ਗੱਲ ‘ਤੇ ਜ਼ੋਰ ਪਾ ਰਹੀ ਹੈ ਕਿ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਇਹ ਵਾਧਾ ਤੁਰਤ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਪੜਾਅ ‘ਤੇ ਮਾਣ-ਮੱਤੀ ਜ਼ਿੰਦਗੀ ਜਿਊਣ ਦੇ ਬੁਨਿਆਦੀ ਹੱਕ ਤੋਂ ਵਾਂਝਿਆਂ ਨਾ ਰੱਖਿਆ ਜਾਵੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …