Breaking News
Home / ਕੈਨੇਡਾ / ਟੋਰਾਂਟੋ ਡਾਊਨ ਟਾਊਨ ਵਿਖੇ ਹੋਣ ਵਾਲੀ ਸਕੋਸੀਆ ਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ 21 ਅਕਤੂਬਰ ਦਿਨ ਐਤਵਾਰ ਨੂੰ

ਟੋਰਾਂਟੋ ਡਾਊਨ ਟਾਊਨ ਵਿਖੇ ਹੋਣ ਵਾਲੀ ਸਕੋਸੀਆ ਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ 21 ਅਕਤੂਬਰ ਦਿਨ ਐਤਵਾਰ ਨੂੰ

ਕੇਸਰ ਸਿੰਘ ਬੜੈਚ ਤੇ ਗੁਰਮੇਜ ਰਾਏ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨਾਲ ਲੱਗੀਆਂ ਸ਼ਰਤਾਂ ‘ਤੇ ਚੱਟਾਨ ਵਾਂਗ ਕਾਇਮ
ਬਰੈਂਪਟਨ/ਡਾ. ਝੰਡ : ਟੋਰਾਂਟੋ ਡਾਊਨ ਟਾਊਨ ਵਿਚ ਹਰ ਸਾਲ ਅਕਤੂਬਰ ਦੇ ਤੀਸਰੇ ਐਤਵਾਰ ਹੋਣ ਵਾਲੀ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਆਸ-ਪਾਸ ਵਾਲੇ ਹੋਰ ਸ਼ਹਿਰਾਂ ਦੇ ਵਾਸੀਆਂ ਲਈ ਵੱਡੀ ਖਿੱਚ ਦਾ ਕਾਰਨ ਬਣਦੀ ਹੈ। ਹਜ਼ਾਰਾਂ ਦੀ ਗਿਣਤੀ ਵਿਚ 42 ਕਿਲੋ ਮੀਟਰ ਫੁੱਲ-ਮੈਰਾਥਨ ਅਤੇ 21 ਕਿਲੋਮੀਟਰ ਹਾਫ਼-ਮੈਰਾਥਨ ਲਾਉਣ ਵਾਲੇ ਲੰਮੀ ਦੌੜ ਦੇ ਦੌੜਾਕਾਂ ਤੋਂ ਇਲਾਵਾ ਬਹੁਤ ਸਾਰੇ ਹੋਰ ਹਜ਼ਾਰਾਂ ਦੀ ਗਿਣਤੀ ਵਿਚ ਇਸ ਵਿਚ 5 ਕਿਲੋਮੀਟਰ ਦੀ ਸ਼ੁਗਲੀਆ ਦੌੜ ਵੀ ਲਗਾਉਂਦੇ ਹਨ। ਇਸ ਵੱਡੇ ਈਵੈਂਟ ਦੇ ਪ੍ਰਬੰਧਕਾਂ ਅਨੁਸਾਰ ਪਿਛਲੇ ਸਾਲ ਇਸ ਮੈਰਾਥਨ ਦੌੜ ਵਿਚ 35,000 ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਸੀ। ਇਸ ਵਾਰ ਇਹ ਦੌੜ ਆਉਂਦੇ ਐਤਵਾਰ 21 ਅਕਤੂਬਰ ਨੂੰ ਹੋ ਰਹੀ ਹੈ ਜਿਸ ਵਿਚ ਹਜ਼ਾਰਾਂ ਹੀ ਦੌੜਾਕ ਇਸ ਵਿਚ ਭਾਗ ਲੈਣਗੇ।
ਪਿਛਲੇ ਸਾਲਾਂ ਵਾਂਗ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਇਸ ਈਵੈਂਟ ਵਿਚ ਹਿੱਸਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਪਿਛਲੇ 3-4 ਮਹੀਨਿਆਂ ਤੋਂ ਇਸ ਦੇ ਲਈ ਤਿਆਰੀਆਂ ਵਿਚ ਜੁੱਟ ਹੋਏ ਹਨ ਅਤੇ ਪਹਿਲਾਂ ਤੋਂ ਨਿਸਚਤ ਕੀਤੀ ਗਈਆਂ ਥਾਵਾਂ ‘ਤੇ ਇਕੱਠੇ ਹੋਣ ਉਪਰੰਤ ਹਫ਼ਤੇ ਵਿਚ ਤਿੰਨ-ਚਾਰ ਵਾਰ ਬਰੈਂਪਟਨ ਦੀ ਕਿਸੇ ਨਾ ਕਿਸੇ ਟਰੇਲ ‘ਤੇ 20-25 ਕਿਲੋਮੀਟਰ ਲੰਮੀ ਦੌੜ ਲਗਾਉਂਦੇ ਰਹੇ ਹਨ। ਕਲੱਬ ਦੇ ਮੈਂਬਰ ਆਪਣਾ ਪਿਛਲਾ ਟਾਈਮ ਘੱਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਇਸ ਸਬੰਧੀ ਆਪਸ ਵਿਚ ਸ਼ਰਤਾਂ ਵੀ ਲਗਾਈਆਂ ਹੋਈਆਂ ਹਨ ਜਿਨ੍ਹਾਂ ਵਿਚ ਕੇਸਰ ਸਿੰਘ ਬੜੈਚ (70 ਸਾਲ) ਅਤੇ ਗੁਰਮੇਜ ਰਾਏ (58 ਸਾਲ) ਸ਼ਾਮਲ ਹਨ ਜਿਨ੍ਹਾਂ ਨੇ ਅਜਿਹੀਆਂ ਦੋ ਸ਼ਰਤਾਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨਾਲ ਲਗਾਈਆਂ ਹੋਈਆਂ ਹਨ। ਇੱਥੇ ਇਹ ਵਰਨਣਯੋਗ ਹੈ ਕਿ ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ (62 ਸਾਲ) 42 ਕਿਲੋਮੀਟਰ ਫੁੱਲ-ਮੈਰਾਥਨ ਦੌੜਨਗੇ, ਜਦਕਿ ਬਾਕੀ ਮੈਂਬਰ 21 ਕਿਲੋਮੀਟਰ ਹਾਫ਼-ਮੈਰਾਥਨ ਵਿਚ ਭਾਗ ਲੈ ਰਹੇ ਹਨ।
ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਦੇ ਮੈਂਬਰ ‘ਏਅਰਫ਼ਲਾਈਟ ਸਰਵਿਸਿਜ’ ਜੋ ਇਸ ਮੈਰਾਥਨ ਦੌੜ ਦੇ ਸਪਾਂਸਰਾਂ ਵਿੱਚੋਂ ਇਕ ਹੈ, ਵੱਲੋਂ ਕਲੱਬ ਨੂੰ ਦਿੱਤੀਆਂ ਗਈਆਂ ਨਵੀਆਂ ਟੀ-ਸ਼ਰਟਾਂ ਅਤੇ ਕੇਸਰੀ ਦਸਤਾਰਾਂ ਪਹਿਨੀ ਸਵੇਰੇ 6.15 ਵਜੇ ਏਅਰਪੋਰਟ ਰੋਡ ‘ਤੇ ਬੋਵੇਰਡ ਦੇ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਦੀ ਪਾਰਕਿੰਗ ਵਿਚ ਟਿਮ ਹੌਰਟਿਨ ਦੇ ਨੇੜੇ ਇਕੱਠੇ ਹੋ ਰਹੇ ਹਨ ਜਿੱਥੋਂ ਉਹ ਬੱਸ ਵਿਚ ਸਵਾਰ ਹੋ ਕੇ ਡਾਊਨਟਾਊਨ ਲਈ ਰਵਾਨਾ ਹੋਣਗੇ। ਰਸਤੇ ਵਿਚ ਹਲਕੇ ਬਰੇਕਫ਼ਾਸਟ ਲਈ ਉਹ ਕੁਝ ਸਮੇਂ ਲਈ ਮਨਜੀਤ ਸਿੰਘ ਦੇ ਘਰ ਵਿਖੇ ਰੁਕਣਗੇ ਅਤੇ ਕਈ ਮੈਂਬਰ ਆਪੋ ਆਪਣੇ ਸਾਧਨਾਂ ਰਾਹੀਂ ਸਿੱਧੇ ਵੀ ਡਾਊਨਟਾਊਨ ਪਹੁੰਚਣਗੇ। ਮੈਂਬਰਾਂ ਵਿਚ ਲੱਗੀਆਂ ਸ਼ਰਤਾਂ ਬਾਰੇ ਉਨ੍ਹਾਂ ਦੱਸਿਆ ਕਿ ਪਹਿਲੀ ਸ਼ਰਤ ਵਿਚ ਕੇਸਰ ਸਿੰਘ ਬੜੈਚ ਦਾ ਕਹਿਣਾ ਹੈ ਕਿ ਉਹ 21 ਕਿਲੋਮੀਟਰ ਹਾਫ਼-ਮੈਰਾਥਨ 2 ਘੰਟੇ 30 ਮਿੰਟਾਂ ਵਿਚ ਲਗਾ ਸਕਦਾ ਹੈ ਜਦ ਕਿ ਸੰਧੂਰਾ ਬਰਾੜ ਅਨੁਸਾਰ ਕੇਸਰ ਦੇ ਲਈ ਇਹ ਸੰਭਵ ਨਹੀਂ ਹੈ ਕਿਉਂਕਿ ਉਸ ਦਾ ਇਸ ਦੌੜ ਵਿਚ ਪਿਛਲੇ ਸਾਲ ਦਾ ਟਾਈਮ 2 ਘੰਟੇ 46 ਮਿੰਟ ਹੈ ਅਤੇ ਉਸ ਦੇ ਲਈ ਏਨਾ ਫ਼ਰਕ ਕੱਢਣਾ ਸੌਖਾ ਨਹੀਂ ਹੈ। ਏਸੇ ਤਰ੍ਹਾਂ ਗੁਰਮੇਜ ਰਾਏ ਨੇ ਸੰਧੂਰਾ ਸਿੰਘ ਨਾਲ ਇਹ ਦੌੜ 2 ਘੰਟੇ 35 ਮਿੰਟਾਂ ਵਿਚ ਲਾਉਣ ਦੀ ਦੂਸਰੀ ਸ਼ਰਤ ਲਗਾਈ ਹੈ ਜਿਸ ਦਾ ਪਿਛਲੇ ਸਾਲ ਦਾ ਟਾਈਮ 2 ਘੰਟੇ 52 ਮਿੰਟ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਸ਼ਰਤਾਂ ਲਈ ਕੇਸਰ ਸਿੰਘ ਬੜੈਚ ਅਤੇ ਗੁਰਮੇਜ ਰਾਏ ਦੋਹਾਂ ਨੇ 500-500 ਡਾਲਰ ਅਤੇ ਸੰਧੂਰਾ ਸਿੰਘ ਬਰਾੜ ਨੇ 1,000 ਡਾਲਰ ਤੀਸਰੀ ਧਿਰ ਸੁਖਦੇਵ ਸਿੱਧਵਾਂ ਕੋਲ ਪਹਿਲਾਂ ਹੀ ਜਮ੍ਹਾ ਕਰਵਾਏ ਹੋਏ ਹਨ। ਵੇਖੋ, ਹੁਣ ਆਉਂਦੇ ਐਤਵਾਰ ਇਹ ਸ਼ਰਤ ਕੌਣ-ਕੌਣ ਜਿੱਤਦਾ ਹੈ। ਖ਼ੈਰ, ਸ਼ਰਤ ਇਨ੍ਹਾਂ ਵਿੱਚੋਂ ਕੋਈ ਵੀ ਜਿੱਤੇ, ਕਲੱਬ ਦੇ ਮੈਂਬਰਾਂ ਦੇ ਦੋਹੀਂ ਹੱਥੀਂ ਲੱਡੂ ਹਨ। ਉਨ੍ਹਾਂ ਦੀ ਗਰੈਂਡ ਪਾਰਟੀ ਤਾਂ ਪੱਕੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …