Breaking News
Home / ਕੈਨੇਡਾ / ਪੀਸੀਐਚਐਸ ਸੀਨੀਅਰਜ਼ ਗਰੁੱਪ ਨੇ ਲਗਾਇਆ ਟੂਰ

ਪੀਸੀਐਚਐਸ ਸੀਨੀਅਰਜ਼ ਗਰੁੱਪ ਨੇ ਲਗਾਇਆ ਟੂਰ

ਬਰੈਂਪਟਨ/ਡਾ ਝੰਡ : ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸੀਨੀਅਰਜ਼ ਗਰੁੱਪ ਨੇ ਲੰਘੇ ਸ਼ੁੱਕਰਵਾਰ 24 ਅਗਸਤ ਨੂੰ ਮਿਲਟਨ ਸ਼ਹਿਰ ਦੇ ਨੇੜੇ ਕਰਾਫ਼ੋਰਡ ਲੇਕ ਕਨਜ਼ਰਵੇਸ਼ਨ ਏਰੀਏ ਦਾ ਬੜਾ ਮਹੱਤਵ-ਪੂਰਵਕ ਤੇ ਗਿਆਨ-ਵਰਧਕ ਟੂਰ ਲਗਾਇਆ। ਇਸ ਟੂਰ ਦਾ ਉਦੇਸ਼ ਓਨਟਾਰੀਓ ਦੀ ਸੱਭ ਤੋਂ ਡੂੰਘੀ (ਲੱਗਭੱਗ 50 ਫੁੱਟ) ਕਰਾਫ਼ੋਰਡ ਲੇਕ ਵੇਖਣ ਦੇ ਨਾਲ ਨਾਲ ਇਸ ਦੇ ਨੇੜੇ ਬਣੇ ਕੈਨੇਡਾ ਦੇ ਪੁਰਾਣੇ ਵਸਨੀਕਾਂ ਦੇ ਘਰ ‘ਲੌਂਗਮੈਨਜ਼ ਹਾਊਸ’ ਦੇ ਅਸਲੀ ਰੂਪ ਨੂੰ ਅੱਖੀਂ ਵੇਖਣਾ ਅਤੇ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ। ਇਸ ਟੂਰ ਦਾ ਪ੍ਰਬੰਧ 50 ਸੰਨੀਮੀਡੋ ਬੁਲੇਵਾਰਡ ਸਥਿਤ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਆਫ਼ਿਸ ਵੱਲੋਂ ਕੀਤਾ ਗਿਆ ਜਿੱਥੇ ਇਸ ਸੀਨੀਅਰਜ਼ ਗਰੁੱਪ ਦੀ ਮੀਟਿੰਗ ਹਰ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੁੰਦੀ ਹੈ।
ਪਾਰਕ ਵਿਚ ਰੁੱਖਾਂ ਦੀ ਸੰਘਣੀ ਛਾਂ ਹੇਠ ਡਿੱਠੇ ਬੈਂਚਾਂ ‘ਤੇ ਬੈਠ ਕੇ ਸਾਰਿਆਂ ਆਪਣੇ ਨਾਲ ਲਿਆਂਦੇ ਹੋਏ ਵੱਖ-ਵੱਖ ਪ੍ਰਕਾਰ ਦੇ ਦੁਪਹਿਰ ਦੇ ਖਾਣੇ ਨੂੰ ਇਕ ਦੂਸਰੇ ਨਾਲ ਸ਼ੇਅਰ ਕਰਦਿਆਂ ਹੋਇਆਂ ਛਕਿਆ ਅਤੇ ਖਾਣ-ਪੀਣ ਤੋਂ ਵਿਹਲੇ ਹੋ ਕੇ ਕਰਾਅਫ਼ੋਰਡ ਲੇਕ ਵੱਲ ਸੈਰ ਕਰਨ ਲਈ ਤੁਰ ਪਏ। ਓਧਰ ਨੂੰ ਜਾਂਦੇ ਟੇਢੇ-ਮੇਢੇ ਰਸਤੇ ਵਿਚ ਰੁੱਖਾਂ ਦੇ ਤਣਿਆਂ ਦੇ ਨਾਲ ਬਣੀਆਂ ਕਈ ਤਰ੍ਹਾਂ ਦੀਆਂ ਕਲਾ-ਕਿਰਤਾਂ ਜਿਨ੍ਹਾਂ ਵਿਚ ਬਾਘ, ਬਾਜ਼, ਮਗਰਮੱਛ, ਤਿੱਤਲੀ ਆਦਿ ਸ਼ਾਮਲ ਸਨ, ਦੇ ਨਾਲ ਖਲੋ-ਖਲੋ ਕੇ ਸਾਰਿਆਂ ਨੇ ਤਸਵੀਰਾਂ ਖਿਚਵਾਈਆਂ ਅਤੇ ਹੌਲੀ-ਹੌਲੀ ਤੁਰਦੇ ਹੋਏ ਕਰਾਅਫ਼ੋਰਡ ਲੇਕ ਤੱਕ ਪਹੁੰਚ ਗਏ। ਉੱਥੇ ਲੱਗੇ ਹੋਏ ਬੋਰਡ ਉੱਪਰ ਸਾਫ਼ ਲਿਖਿਆ ਹੋਇਆ ਸੀ ਕਿ ਇਹ ਝੀਲ 15 ਮੀਟਰ (49.2 ਫੁੱਟ) ਡੂੰਘੀ ਓਨਟਾਰੀਓ ਦੀਆਂ ਸਾਰੀਆਂ ਝੀਲਾਂ ਨਾਲੋਂ ਡੂੰਘੀ ਹੈ।
ਸਾਰਿਆਂ ਨੇ ਉੱਥੇ ਵੀ ਖ਼ੂਬ ਤਸਵੀਰਾਂ ਖਿੱਚੀਆਂ ਗਈਆਂ ਅਤੇ ਫਿਰ ਸਾਰੇ ਰਵਾਂ-ਰਵੀਂ ਵਾਪਸੀ ਲਈ ਚੱਲ ਪਏ। ਬੱਸ ‘ਤੇ ਸਵਾਰ ਹੋਏ ਅਤੇ ਸਾਢੇ ਕੁ ਤਿੰਨ ਵਜੇ ਪੀ.ਸੀ.ਐੱਚ.ਐੱਸ. ਦੇ ਦਫ਼ਤਰ ਅੱਗੇ ਪਹੁੰਚ ਗਏ ਜਿੱਥੋਂ ਆਪੋ-ਆਪਣੀਆਂ ਗੱਡੀਆਂ ਰਾਹੀਂ ਘਰਾਂ ਨੂੰ ਰਵਾਨਗੀ ਪਾਈ। ਇਹ ਯਾਦਗਾਰੀ ਟੂਰ ਆਮ ਪਿਕਨਿਕ ਰੂਪੀ ਟੂਰਾਂ ਵਰਗਾ ਨਹੀਂ ਸੀ ਸਗੋਂ ਇਸ ਨਾਲ ਗਰੁੱਪ ਦੇ ਮੈਂਬਰਾਂ ਨੂੰ ਕੈਨੇਡਾ ਦੇ ਪੁਰਾਣੇ ਵਾਸੀਆਂ ਦੇ ਜੀਵਨ-ਢੰਗ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਕਰਨ ਦਾ ਖ਼ੂਬਸੂਰਤ ਅਵਸਰ ਮਿਲਿਆ ਜਿਸ ਦੇ ਲਈ ਉਹ ਪੀ.ਸੀ.ਐੱਚ.ਐੱਸ. ਦੇ ਪ੍ਰਬੰਧਕਾਂ, ਗਰੁੱਪ-ਕੋਆਰਡੀਨੇਟਰਾਂ ਪ੍ਰੇਮ ਤੇ ਹਰਜੀਤ ਕੌਰ ਅਤੇ ਪੁਰਾਤਨ ਕੈਨੇਡੀਅਨਾਂ ਦੀ ਵੰਸ਼ ਵਿੱਚੋਂ ਇਸ ਗਰੁੱਪ ਦੇ ਨਾਲ ਸ਼ਾਮਲ ਹੋਏ ਮਿਸਟਰ ਮਕਵਾ ਤੇ ਮਿਸਿਜ਼ ਸ਼ੈਰਨ ਦੇ ਧੰਨਵਾਦੀ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੀ.ਸੀ.ਐੱਚ.ਐੱਸ. ਵੱਲੋਂ ਦੋ ਹਫ਼ਤੇ ਪਹਿਲਾਂ ਇਸ ਸੀਨੀਅਰਜ਼ ਗਰੁੱਪ ਦਾ ਬਰੈਂਪਟਨ ਦੇ ਹਾਰਟ ਲੇਕ ਕਨਜ਼ਰਵੇਸ਼ਨ ਏਰੀਏ ਵਿਚ ਬਣੇ ‘ਮੈਡੀਸੀਨ ਪਾਰਕ’ ਜਿਸ ਵਿਚ ਬਹੁਤ ਸਾਰੇ ਦਵਾਈਆਂ ਪੱਖੋਂ ਬੇਸ਼ਕੀਮਤੀ ਰੁੱਖਾਂ ਤੇ ਪੌਦਿਆਂ ਲਗਾਏ ਗਏ ਹਨ, ਜਿਹੜੇ ਕੈਨੇਡਾ ਦੇ ਐਬੋਰਿਜਨਲ ਲੋਕਾਂ ਲਈ ਬੜੇ ਮਹੱਤਵਪੂਰਨ ਸਨ, ਦਾ ਟੂਰ ਲਵਾਇਆ ਗਿਆ ਸੀ ਜਿਸ ਨੂੰ ਗਰੁੱਪ ਦੇ ਮੈਂਬਰਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …