ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ‘ਲਾਂਗ ਮਾਰਚ’ ਉਤੇ ਨਿਕਲੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੰਟੇਨਰ ਹੇਠਾਂ ਆਉਣ ਨਾਲ ਸਦਫ਼ ਨਈਮ ਨਾਮੀ ਮਹਿਲਾ ਪੱਤਰਕਾਰ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਦਫ ਚੈਨਲ 5 ਦੀ ਰਿਪੋਰਟਰ ਸੀ ਤੇ ਇਮਰਾਨ ਖ਼ਾਨ ਦੇ ਮਾਰਚ ਨੂੰ ਕਵਰ ਕਰ ਰਹੀ ਸੀ।
ਉਸ ਨੇ ਇਕ ਦਿਨ ਪਹਿਲਾਂ ਹੀ ਇਮਰਾਨ ਖ਼ਾਨ ਦੀ ਇੰਟਰਵਿਊ ਵੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਦਫ਼ ਇਮਰਾਨ ਖ਼ਾਨ ਦੇ ਪ੍ਰਚਾਰ ਵਾਲੇ ਕੰਟੇਨਰ ‘ਤੇ ਸਵਾਰ ਸੀ। ਇਸ ਦੌਰਾਨ ਉਥੇ ਮੌਜੂਦ ਲੋਕਾਂ ‘ਚੋਂ ਕਿਸੇ ਨੇ ਉਸ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਸਦਫ਼ ਹੇਠਾਂ ਡਿੱਗ ਗਈ ਅਤੇ ਕੰਟੇਨਰ ਦਾ ਪਹੀਆ ਉਸ ਦੀ ਗਰਦਨ ਉਪਰੋਂ ਲੰਘ ਗਿਆ। ਹਾਲਾਂਕਿ, ਕੁੱਝ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸਦਫ਼ ਇਮਰਾਨ ਖ਼ਾਨ ਦੇ ਕੰਟੇਨਰ ਦੇ ਨਾਲ ਹੀ ਇਕ ਹੋਰ ਵਾਹਨ ‘ਤੇ ਸਵਾਰ ਸੀ।
ਇਮਰਾਨ ਖ਼ਾਨ ਦਾ ਕਾਫ਼ਲਾ ਗੁੱਜਰਾਂਵਾਲਾ ਨੇੜੇ ਕੰਮੋਕੀ ਵਿਖੇ ਪਹੁੰਚਿਆ ਸੀ, ਜਦੋਂ ਇਹ ਘਟਨਾ ਵਾਪਰੀ। ਇਮਰਾਨ ਖਾਨ ਨੇ ਸਦਫ਼ ਨੂੰ ਇਕ ਬਹਾਦਰ ਅਤੇ ਸੂਝਵਾਨ ਪੱਤਰਕਾਰ ਦੱਸਿਆ। ਉਨ੍ਹਾਂ ਨੇ ਮ੍ਰਿਤਕ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਹਾਦਸੇ ਤੋਂ ਦੁਖੀ ਹਨ।
ਲਾਹੌਰ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਦਫ਼ ਦੇ ਪਰਿਵਾਰ ਦੀ ਮਦਦ ਕਰੇਗੀ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …