ਵਾਸ਼ਿੰਗਟਨ/ਬਿਊਰੋ ਨਿਊਜ਼ : ਤਾਜ਼ਾ ਨੈਸ਼ਨਲ ਓਪੀਨੀਅਨ ਪੋਲ ਵਿੱਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ‘ਤੇ ਨੌਂ ਅੰਕਾਂ ਦੀ ਲੀਡ ਮਿਲੀ ਹੈ। ਸੀਐਨਐਨ/ਓਆਰਸੀ ਦੇ ਸਰਵੇਖਣ ਮੁਤਾਬਕ ਸਿੱਧੀ ਟੱਕਰ ਵਿਚ ਹਿਲੇਰੀ ਨੂੰ 52 ਫ਼ੀਸਦ ਜਦੋਂ ਕਿ ਟਰੰਪ ਨੂੰ 43 ਫ਼ੀਸਦ ਲੋਕਾਂ ਦਾ ਸਮਰਥਨ ਮਿਲਿਆ ਹੈ। ਇਸ ਨਿਊਜ਼ ਨੈੱਟਵਰਕ ਵੱਲੋਂ ਇਸ ਤੋਂ ਪਹਿਲਾਂ ਕਰਾਏ ਸਰਵੇਖਣ ਤੋਂ ਹੁਣ ਹਿਲੇਰੀ ਨੂੰ ਸੱਤ ਅੰਕਾਂ ਦਾ ਲਾਭ ਮਿਲਿਆ ਹੈ। ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਬਾਅਦ ਜ਼ਿਆਦਾਤਰ ਅਮਰੀਕੀ ਸੋਚਣ ਲੱਗੇ ਹਨ ਕਿ ਹਿਲੇਰੀ ਦੀਆਂ ਨੀਤੀਆਂ ਮੁਲਕ ਨੂੰ ਸਹੀ ਦਿਸ਼ਾ ਵਿਚ ਲਿਜਾਣਗੀਆਂ। ਸੀਬੀਐਸ ਨਿਊਜ਼ ਵੱਲੋਂ ਕਰਾਏ ਗਏ ਵੱਖਰੇ ਸਰਵੇਖਣ ਵਿਚ ਹਿਲੇਰੀ ਨੂੰ ਟਰੰਪ ‘ਤੇ ਸੱਤ ਅੰਕਾਂ ਦੀ ਲੀਡ ਦਿੱਤੀ ਗਈ ਹੈ। ਹਿਲੇਰੀ ਨੂੰ 46 ਫ਼ੀਸਦ ਜਦੋਂ ਕਿ ਟਰੰਪ ਨੂੰ 39 ਫ਼ੀਸਦ ਵੋਟਰਾਂ ਦਾ ਸਮਰਥਨ ਮਿਲਿਆ ਹੈ। ਰੀਅਲਕਲੀਅਰਪੌਲਟਿਕਸ ਡਾਟ ਕਾਮ, ਜੋ ਸਾਰੇ ਅਹਿਮ ਕੌਮੀ ਸਰਵੇਖਣਾਂ ਉਤੇ ਨਜ਼ਰ ਰੱਖਦਾ ਹੈ, ਮੁਤਾਬਕ ਹਿਲੇਰੀ ਨੂੰ ਟਰੰਪ ਉਤੇ ਔਸਤਨ 3.9 ਫ਼ੀਸਦ ਲੀਡ ਮਿਲੀ ਹੈ। ਇਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ‘ਧਾਂਦਲੀ’ ਹੋ ਸਕਦੀ ਹੈ ਕਿਉਂਕਿ ਰਿਪਬਲਿਕਨ ਉਮੀਦਵਾਰ ਉਸ ਦੀ ਮੁਹਿੰਮ ਨੂੰ ਲੀਹੋਂ ਲਾਹੁਣ ਦੇ ਯਤਨ ਕਰ ਰਹੀ ਹੈ। ਉਨਾਂ ਆਪਣੀ ਵਿਰੋਧੀ ਹਿਲੇਰੀ ਨੂੰ ‘ਸ਼ੈਤਾਨ’ ਕਿਹਾ ਹੈ। ਕੋਲੰਬਸ ਦੇ ਟਾਊਨ ਹਾਲ ਵਿਚ ਟਰੰਪ ਨੇ ਕਿਹਾ, ‘ਮੈਨੂੰ ਡਰ ਹੈ ਕਿ ਚੋਣ ਵਿੱਚ ਧਾਂਦਲੀ ਹੋਣ ਜਾ ਰਹੀ ਹੈ। ਉਸ (ਬਰਨੀ ਸੈਂਡਰਜ਼) ਨੇ ਸ਼ੈਤਾਨ ਨਾਲ ਸਮਝੌਤਾ ਕੀਤਾ ਹੈ। ਹਿਲੇਰੀ ਸ਼ੈਤਾਨ ਹੈ।’ ਇਰਾਕ ਜੰਗ ‘ਚ ਮਾਰੇ ਗਏ ਮੁਸਲਿਮ-ਅਮਰੀਕੀ ਸੈਨਿਕ ਦੇ ਪਿਤਾ ਖਿਜ਼ਰ ਖਾਨ ‘ਤੇ ਜਵਾਬੀ ਹਮਲਾ ਬੋਲਦਿਆਂ ਟਰੰਪ ਨੇ ਕਿਹਾ ਸੀ ਕਿ ਉਹ ਸੈਨਿਕ ਦੀ ਮਾਂ ਨੂੰ ਬੋਲਣ ਦੀ ਆਗਿਆ ਨਹੀਂ ਦਿੰਦੇ। ਇਸ ਟਿੱਪਣੀ ਬਾਅਦ ਮੁਸਲਿਮ ਬੀਬੀਆਂ ਨੇ ਸੋਸ਼ਲ ਮੀਡੀਆ ‘ਤੇ ਰਿਪਬਲਿਕਨ ਉਮੀਦਵਾਰ ਖ਼ਿਲਾਫ਼ ਮੁਹਿੰਮ ਛੇੜ ਦਿੱਤੀ ਹੈ। ਜੈਨਬ ਚੌਧਰੀ ਨੇ ਟਵੀਟ ਕੀਤਾ, ‘ਮੈਂ ਸਾਬਕਾ ਜਨਤਕ ਸੇਵਕ, ਮੀਡੀਆ ਮਾਹਿਰ, ਸਾਰੇ ਅਮਰੀਕੀਆਂ ਦੀ ਆਜ਼ਾਦੀ ਦੀ ਰੱਖਿਆ ਲਈ ਲੜਨ ਵਾਲੀ ਅਤੇ ਮਾਣਮੱਤੀ ਮੁਸਲਿਮ ਹਾਂ। ਕੀ ਤੁਸੀਂ ਸਾਨੂੰ ਹੁਣ ਸੁਣ ਰਹੇ ਹੋ।’
ਸ਼ਹੀਦ ਦੇ ਮਾਪਿਆਂ ਨੂੰ ਨਸੀਹਤ ਦੇ ਕੇ ਫਸੇ ਟਰੰਪ
ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰੀ ਹਾਸਲ ਕਰਨ ਤੋਂ ਬਾਅਦ ਵੀ ਡੋਨਾਲਡ ਟਰੰਪ ਦੀ ਵਿਵਾਦਾਂ ਭਰੀ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ। ਉਹ ਇਰਾਕ ਵਿਚ ਸ਼ਹੀਦ ਪਾਕਿਸਤਾਨੀ ਮੂਲ ਦੇ ਅਮਰੀਕੀ ਜਵਾਨ ਕੈਪਟਨ ਹਮਾਂਯੂ ਖਾਨ ਦੇ ਪਿਤਾ ਖਿੱਜਰ ਖਾਨ ਨੂੰ ਨਸੀਹਤ ਦੇ ਕੇ ਫਿਰ ਵਿਵਾਦਾਂ ਵਿਚ ਫਸ ਗਏ ਹਨ। ਹਿਲੇਰੀ ਕਲਿੰਟਨ ਤੋਂ ਇਲਾਵਾ ਓਹਾਯੋ ਦੇ ਗਵਰਨਰ ਤੇ ਰਿਪਬਲਿਕਲ ਪਾਰਟੀ ਦੇ ਨੇਤਾ ਜਾਨ ਕਾਂਸਿਚ ਨੇ ਵੀ ਟਰੰਪ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਡੈਮੋਕਰੇਟ ਪਾਰਟੀ ਦੀ ਕਨਵੈਨਸ਼ਨ ਵਿਚ ਖਿੱਜਰ ਖਾਨ ਨੇ ਟਰੰਪ ਦੇ ਮੁਸਲਿਮ ਵਿਰੋਧੀ ਬਿਆਨ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ। ਉਹਨਾਂ ਨੇ ਕਿਹਾ ਕਿ ਟਰੰਪ ਨੇ ਦੇਸ਼ ਲਈ ਆਪਣਾ ਕੁਝ ਵੀ ਬਲੀਦਾਨ ਨਹੀਂ ਕੀਤਾ ਹੈ। ਇਸਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਸ ਨੂੰ (ਖਿੱਜਰ ਦਾ ਭਾਸ਼ਣ) ਕਿਸ ਨੇ ਲਿਖਿਆ ਸੀ। ਹਿਲੇਰੀ ਲਈ ਬਿਆਨਬਾਜ਼ੀ ਲਿਖਣ ਵਾਲਿਆਂ ਨੇ ਇਹ ਲਿਖਿਆ ਹੈ। ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਮੈਂ ਬਹੁਤ ਬਲੀਦਾਨ ਕੀਤਾ ਹੈ। ਮੈਂ ਬਹੁਤ ਸਖਤ ਮਿਹਨਤ ਕੀਤੀ ਹੈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਹਮਾਂਯੂ ਦੀ ਮਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਸੀ। ਬਾਅਦ ਵਿਚ ਟਰੰਪ ਨੇ ਇਕ ਬਿਆਨ ਜਾਰੀ ਕਰਕੇ ਹਮਾਂਯੂ ਨੂੰ ਹੀਰੋ ਦੱਸਿਆ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …