-9.5 C
Toronto
Friday, December 5, 2025
spot_img
Homeਦੁਨੀਆਭਗੌੜੇ ਹੀਰਾ ਕਾਰੋਬਾਰੀ ਨੀਰਵ ਨੇ ਲੰਡਨ 'ਚ ਨਵੇਂ ਕਾਰੋਬਾਰ ਦੀ ਨੀਂਹ ਰੱਖੀ

ਭਗੌੜੇ ਹੀਰਾ ਕਾਰੋਬਾਰੀ ਨੀਰਵ ਨੇ ਲੰਡਨ ‘ਚ ਨਵੇਂ ਕਾਰੋਬਾਰ ਦੀ ਨੀਂਹ ਰੱਖੀ

80 ਲੱਖ ਪੌਂਡ ਦੇ ਫਲੈਟ ‘ਚ ਭਗੌੜੇ ਹੀਰਾ ਕਾਰੋਬਾਰੀ ਨੇ ਲਾਏ ਡੇਰੇ
ਲੰਡਨ/ਬਿਊਰੋ ਨਿਊਜ਼ : ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿਚ ਹੋਏ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਭਾਰਤ ਵਿਚ ‘ਵਾਂਟੇਡ’ ਤੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇੰਗਲੈਂਡ ਵਿਚ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। ਉਹ ਲੰਡਨ ਦੇ ਰੱਜੇ-ਪੁੱਜੇ ਪੱਛਮੀ ਇਲਾਕੇ ਵਿਚ ਅੱਸੀ ਲੱਖ ਪੌਂਡ ਦੇ ਅਪਾਰਟਮੈਂਟ ਵਿਚ ਰਹਿ ਰਿਹਾ ਹੈ ਤੇ ਉਸ ਨੂੰ ਆਮ ਘੁੰਮਦੇ-ਫਿਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਵੀ ਵੱਧ ਅਪਾਰਟਮੈਂਟ ਦੇ ਲਾਗੇ ਹੀ ਨੀਰਵ ਨੇ ਹੀਰਿਆਂ ਦਾ ਨਵਾਂ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਯੂਕੇ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ 48 ਸਾਲਾ ਮੋਦੀ ਨੂੰ ਮਸ਼ਹੂਰ ਸੈਂਟਰ ਪੁਆਇੰਟ ਟਾਵਰ ਬਲਾਕ ਵਿਚ ਤਿੰਨ ਕਮਰਿਆਂ ਵਾਲੇ ਫਲੈਟ ਵਿਚ ਦੇਖਿਆ ਗਿਆ ਹੈ। ਇਸ ਲਗਜ਼ਰੀ ਅਪਾਰਟਮੈਂਟ (ਫਲੈਟ) ਦਾ ਕਿਰਾਇਆ ਪ੍ਰਤੀ ਮਹੀਨਾ ਕਰੀਬ 17,000 ਪੌਂਡ ਹੈ। ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਅਗਸਤ 2018 ਵਿਚ ਸਪੱਸ਼ਟ ਕੀਤਾ ਸੀ ਕਿ ਭਾਰਤ ਨੇ ਮੋਦੀ ਦੀ ਹਵਾਲਗੀ ਸਬੰਧੀ ਦਸਤਾਵੇਜ਼ ਯੂਕੇ ਸਰਕਾਰ ਨੂੰ ਸੌਂਪ ਦਿੱਤੇ ਹਨ ਤੇ ਉਸ ਵੇਲੇ ਤੋਂ ਹੀ ਬਰਤਾਨਵੀ ਸਰਕਾਰ ਨੇ ਉਸ ‘ਤੇ ਨਜ਼ਰ ਰੱਖੀ ਹੋਈ ਹੈ। ਯੂਕੇ ਦੇ ਗ੍ਰਹਿ ਮੰਤਰਾਲੇ ਨੇ ‘ਨਿੱਜੀ ਕੇਸਾਂ’ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਲਗੀ ਪ੍ਰਕਿਰਿਆ ਵਾਰੰਟ ਜਾਰੀ ਹੋਣ ‘ਤੇ ਹੋ ਸਕਦੀ ਹੈ, ਜਿਵੇਂ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਕੇਸ ਵਿਚ ਹੋਇਆ ਸੀ। ਜ਼ਿਕਰਯੋਗ ਹੈ ਕਿ ਨੀਰਵ ਦੇ ਡਿਜ਼ਾਈਨਰ ਗਹਿਣੇ ਹੌਲੀਵੁੱਡ ਸਟਾਰ ਪਹਿਨਦੇ ਰਹੇ ਹਨ। ਰਿਪੋਰਟ ਮੁਤਾਬਕ ਹੀਰਾ ਕਾਰੋਬਾਰੀ ਨੂੰ ਯੂਕੇ ਦੀ ਅਥਾਰਿਟੀ ਵੱਲੋਂ ਕੌਮੀ ਬੀਮਾ ਨੰਬਰ ਜਾਰੀ ਕੀਤਾ ਗਿਆ ਹੈ ਤੇ ਉਹ ਕਾਨੂੰਨੀ ਤੌਰ ‘ਤੇ ਕੰਮ ਕਰ ਸਕਦਾ ਹੈ। ਹਾਲਾਂਕਿ ਉਸ ਖ਼ਿਲਾਫ਼ ਇੰਟਰਪੋਲ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਚੁੱਕੀ ਹੈ।
ਭਗੌੜਿਆਂ ਲਈ ‘ਸਮਝੌਤਾ ਯੋਜਨਾ’ ਚਲਾ ਰਹੀ ਹੈ ਭਾਜਪਾ ਸਰਕਾਰ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਨੀਰਵ ਮੋਦੀ ਵੱਲੋਂ ਲੰਡਨ ਵਿਚ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਆਈਆਂ ਰਿਪੋਰਟਾਂ ਤੋਂ ਬਾਅਦ ਕਿਹਾ ਹੈ ਕਿ ਭਾਜਪਾ ਸਰਕਾਰ ‘ਧੋਖੇਬਾਜ਼ਾਂ ਲਈ ਸਮਝੌਤਾ ਯੋਜਨਾ’ ਚਲਾ ਰਹੀ ਹੈ। ਵਿਰੋਧੀ ਧਿਰ ਦੀ ਤਰਜਮਾਨ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਭਗੌੜਿਆਂ ਨੂੰ ਮੋਦੀ ਸਰਕਾਰ ਪੰਜ ਸਾਲ ਬਾਅਦ ਵੀ ਦੇਸ਼ ਵਾਪਸ ਨਹੀਂ ਲਿਆ ਸਕੀ ਜਦਕਿ ਉਨ੍ਹਾਂ ਲੋਕਾਂ ਦੇ ਇਕ ਲੱਖ ਕਰੋੜ ਰੁਪਏ ਹੜੱਪ ਲਏ ਹਨ।

RELATED ARTICLES
POPULAR POSTS