ਸਪਰਿੰਗਫੀਲਡ (ਓਹਾਇਓ) : ਸਪਰਿੰਗਫੀਲਡ ਦੇ ਕਾਰੋਬਾਰੀ ਵਸਨੀਕ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਸਪਰਿੰਗਫੀਲਡ, ਕੋਲੰਬਸ, ਇੰਡੀਆਨਾ, ਸਿਨਸਿਨਾਤੀ ਤੋਂ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਨੇ ਸਪਰਿੰਗਫੀਲਡ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲਿਆ। ਅਵਤਾਰ ਸਿੰਘ ਦੀ ਅਗਵਾਈ ਵਿਚ ਪਿਛਲੇ 25 ਸਾਲਾਂ ਤੋਂ ਵੱਡੀ ਗਿਣਤੀ ‘ਚ ਸਿੱਖ ਭਾਈਚਾਰਾ ਓਹਾਇਓ ਦੇ ਸਪਰਿੰਗਫੀਲਡ ਵਿੱਚ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਹਰ ਸਾਲ ਕੱਢੀ ਜਾਂਦੀ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲੈਂਦਾ ਹੈ।
ਇਸ ਵੇਰ ਸਿੱਖ ਭਾਈਚਾਰਾ ਸ਼ਹੀਦਾਂ ਦੀਆਂ ਤਸਵੀਰਾਂ ਦੇ ਪੋਸਟਰ ਲਗਾ ਕੇ ਜੀਪਾਂ, ਵੈਨਾਂ, ਕਾਰਾਂ ਵਿਚ ਸਵਾਰ ਹੋ ਕੇ ਸ਼ਾਮਿਲ ਹੋਇਆ। ਉਹਨਾਂ ਨੇ ਅਮਰੀਕਨ ਝੰਡੇ ਚੁੱਕੇ ਹੋਏ ਸਨ। ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਬਾਰੇ ਜਾਣਕਾਰੀ ਦੇਣ ਲਈ ਹਰ ਸਾਲ ਦੀ ਤਰ੍ਹਾਂ ਇਸ ਵੇਰ 25ਵੇਂ ਸਾਲ ਦੇ ਮੌਕੇ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਪਰੇਡ ਤਿੰਨ ਮੀਲਾਂ ਤੋਂ ਵੱਧ ਲੰਬੀ ਸੀ ਅਤੇ ਸੜਕਾਂ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਲੋਕ ਇਸ ਪਰੇਡ ਨੂੰ ਹੱਥ ਹਿਲਾ ਕੇ, ਝੰਡੇ ਲਹਿਰਾਕੇ ਜੀਅ ਆਇਆਂ ਆਖ ਰਹੇ ਸਨ। ਲੋਕਾਂ ਨੇ ਲਾਲ, ਚਿੱਟੇ, ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ।
ਇਸ ਪਰੇਡ ਵਿੱਚ 3000 ਵਿਅਕਤੀਆਂ ਨੇ 300 ਤੋਂ ਵੱਧ ਗੱਡੀਆਂ ਨਾਲ ਹਿੱਸਾ ਲਿਆ। ਸਥਾਨਿਕ ਸੰਸਥਾਵਾਂ ਦਾ ਇਸ ਪਰੇਡ ਲਈ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਸ਼ਹਿਰ ਦੀ ਪਰੇਡ ਅਮਰੀਕਾ ਵਿਚ ਆਯੋਜਿਤ ਕੀਤੀ ਜਾਣ ਵਾਲੀ ਵਿਸ਼ੇਸ਼ ਮਹੱਤਵ ਰੱਖਣ ਵਾਲੀ ਪਰੇਡ ਹੈ।
ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਿਕ ਅਦਾਰਿਆਂ ਦੀਆ ਝਲਕੀਆਂ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ।