ਵਾਲਮਾਰਟ ਦੇ ਮੈਨੇਜਰ ਨੇ ਹੀ ਸਟਾਫ਼ ‘ਤੇ ਚਲਾਈਆਂ ਗੋਲੀਆਂ
ਵਰਜੀਨੀਆ : ਅਮਰੀਕਾ ਦੇ ਵਰਜੀਨੀਆ ‘ਚ ਮੰਗਲਵਾਰ ਨੂੰ ਹੋਈ ਫਾਈਰਿੰਗ ਦੌਰਾਨ 10 ਦੀ ਵਿਅਕਤੀਆਂ ਦੀ ਮੌਤ ਹੋ ਗਈ। ਫਾਈਰਿੰਗ ਦੀ ਇਹ ਘਟਨਾ ਵਰਜੀਨੀਆ ਸਥਿਤ ਇਕ ਵਾਲਮਾਰਟ ਵਿਚ ਵਾਪਰੀ। ਇਸ ਸਾਰੀ ਘਟਨਾ ਨੂੰ ਇਕ ਅੱਖੀਂ ਦੇਖਣ ਵਾਲੇ ਨੇ ਦੱਸਿਆ ਕਿ ਸਟੋਰ ਦੇ ਮੈਨੇਜਰ ਨੇ ਹੀ ਆਪਣੇ ਸਟਾਫ ‘ਤੇ ਇਹ ਫਾਈਰਿੰਗ ਕੀਤੀ ਸੀ ਅਤੇ ਬਾਅਦ ਵਿਚ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਰਾਤੀਂ 10 ਕੁ ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਅਸੀਂ ਤੁਰੰਤ ਮੌਕੇ ‘ਤੇ ਪਹੁੰਚੇ ਪ੍ਰੰਤੂ ਉਸ ਤੋਂ ਪਹਿਲਾਂ ਉਥੇ ਕਈ ਵਿਅਕਤੀ ਮਾਰੇ ਗਏ ਸਨ ਅਤੇ ਕਈ ਜਖਮੀ ਸਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਾਨੂੰ ਵਾਲਮਾਰਟ ਦੇ ਅੰਦਰੋਂ ਹਮਲਾਵਰ ਦੀ ਡੈੱਡਬਾਡੀ ਵੀ ਮਿਲੀ ਹੈ। ਅਮਰੀਕਾ ਵਿਚ ਇਕ ਹਫਤੇ ਦੌਰਾਨ ਫਾਈਰਿੰਗ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਕੋਲੋਰਾਡੋ ਦੇ ਗੇ ਕਲੱਬ ‘ਚ ਫਾਈਰਿੰਗ ਹੋਈ ਸੀ, ਜਿਸ ‘ਚ 5 ਵਿਅਕਤੀਆਂ ਦੀ ਮੌਤ ਹੋ ਗਈ ਸੀ।