ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ 50 ਲੱਖ ਡਾਲਰ ਹੋਇਆ ਜ਼ੁਰਮਾਨਾ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਦਾਲਤ ਨੇ ਜਿਣਸੀ ਸੋਸ਼ਣ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਅਮਰੀਕਾ ਦੇ ਮੈਨਹਟਨ ਵਿਚ ਇਕ ਫੈਡਰਲ ਅਦਾਲਤ ਨੇ ਟਰੰਪ ਨੂੰ ਮੈਗਜ਼ੀਨ ਰਾਈਟਰ ਈ. ਜੀਨ ਕੈਰੋਲ ਦਾ 1990 ਦੇ ਦਹਾਕੇ ਦੌਰਾਨ ਜਿਣਸੀ ਸੋਸ਼ਣ ਕਰਨ ਤੇ ਫਿਰ ਉਸਦੀ ਬਦਨਾਮੀ ਕਰਨ ਦਾ ਦੋਸ਼ੀ ਪਾਇਆ ਹੈ। ਹਾਲਾਂਕਿ ਟਰੰਪ ਨੇ ਕੈਰੋਲ ਵਲੋਂ ਲਗਾਏ ਗਏ ਆਰੋਪਾਂ ਨੂੰ ਨਕਾਰ ਦਿੱਤਾ ਹੈ। ਅਦਾਲਤ ਨੇ ਟਰੰਪ ਨੂੰ 50 ਲੱਖ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਹੈ, ਜੋ ਰਾਈਟਰ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਛੇ ਪੁਰਸ਼ਾਂ ਅਤੇ 3 ਮਹਿਲਾਵਾਂ ਦੀ ਜਿਊਰੀ ਨੇ ਕਰੀਬ ਤਿੰਨ ਘੰਟੇ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਟਰੰਪ ਨੂੰ ਹੁਕਮ ਸੁਣਾਇਆ ਕਿ ਕੈਰੋਲ ਨੂੰ 50 ਲੱਖ ਡਾਲਰ ਦਾ ਹਰਜਾਨਾ ਦਿੱਤਾ ਜਾਵੇ। ਮੀਡੀਆ ਰਿਪੋਰਟ ਮੁਤਾਬਕ ਸਾਬਕਾ ਰਾਸ਼ਟਰਪਤੀ ਨੂੰ ਜਿਨਸੀ ਅਪਰਾਧੀ ਵਜੋਂ ਰਜਿਸਟਰ ਕਰਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਮੁਕੱਦਮਾ ਅਪਰਾਧਕ ਦੀ ਬਜਾਏ ਸਿਵਲ ਅਦਾਲਤ ਵਿਚ ਸੀ। ਡੋਨਾਲਡ ਟਰੰਪ ਆਪਣੇ ਖਿਲਾਫ ਚੱਲੇ ਸਿਵਲ ਟਰਾਇਲ ਵਿਚ ਸ਼ਾਮਲ ਨਹੀਂ ਹੋਏ ਸੀ। ਫੈਸਲਾ ਸੁਣਾਏ ਜਾਣ ਸਮੇਂ ਵੀ ਉਹ ਹਾਜ਼ਰ ਨਹੀਂ ਸਨ। ਜ਼ਿਕਰਯੋਗ ਹੈ ਕਿ ਇਹ ਇਕ ਸਿਵਲ ਮਾਮਲਾ ਹੈ, ਇਸ ਲਈ ਇਸ ਵਿਚ ਟਰੰਪ ਦੇ ਸਾਹਮਣੇ ਜੇਲ੍ਹ ਜਾਣ ਦਾ ਖ਼ਤਰਾ ਨਹੀਂ ਹੈ। ਇਸੇ ਦੌਰਾਨ ਟਰੰਪ ਨੇ ਇਸ ਫੈਸਲੇ ਨੂੰ ਅਪਮਾਨਜਨਕ ਦੱਸਦੇ ਹੋਏ ਕਿਹਾ ਕਿ ਉਹ ਕੈਰੋਲ ਨੂੰ ਨਹੀਂ ਜਾਣਦੇ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਅਭਿਆਨ ਚਲਾਇਆ ਜਾ ਰਿਹਾ ਹੈ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …