80 ਅਮਰੀਕੀ ਫੌਜੀਆਂ ਦੀ ਮੌਤ ਦਾ ਦਾਅਵਾ
ਤਹਿਰਾਨ/ਬਿਊਰੋ ਨਿਊਜ਼ : ਇਰਾਨ ਨੇ ਬੁੱਧਵਾਰ ਨੂੰ ਇਰਾਕ ‘ਚ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਦੇ ਫ਼ੌਜੀ ਟਿਕਾਣਿਆਂ ‘ਤੇ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗ਼ ਦਿੱਤੀਆਂ। ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੇ ਬੁਲਾਰੇ ਜੋਨਾਥਨ ਹੌਫ਼ਮੈਨ ਨੇ ਕਿਹਾ ਕਿ ਸੱਤ ਜਨਵਰੀ ਨੂੰ ਸ਼ਾਮ ਕਰੀਬ 5.30 ਵਜੇ ਇਰਾਨ ਨੇ ਮਿਜ਼ਾਈਲਾਂ ਦਾਗੀਆਂ ਹਨ ਤੇ ਅਲ-ਅਸਦ ਅਤੇ ਇਰਬਿਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤਹਿਰਾਨ ਨੇ ਇਸ ਕਾਰਵਾਈ ਨੂੰ ‘ਅਮਰੀਕਾ ਦੇ ਮੂੰਹ ‘ਤੇ ਚਪੇੜ ਕਰਾਰ ਦਿੱਤਾ ਹੈ।’ ਇਰਾਨ ਦੇ ਸਰਕਾਰੀ ਟੀਵੀ ਮੁਤਾਬਕ ਅਮਰੀਕੀ ਡਰੋਨ ਹਮਲੇ ‘ਚ ਮਾਰੇ ਗਏ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੇ ਗਏ ਹਨ। ਇਰਾਨੀ ਟੀਵੀ ਨੇ ਦਾਅਵਾ ਕੀਤਾ ਹੈ ਕਿ ‘ਕਰੀਬ 80 ਦਹਿਸ਼ਤਗਰਦ ਅਮਰੀਕੀ ਫ਼ੌਜੀ’ ਮਾਰੇ ਗਏ ਹਨ।ਇਰਾਕ ਵਿਚ ਅਮਰੀਕਾ ਦੇ ਕਰੀਬ 5000 ਜਵਾਨ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਖਿਲਾਫ ਕਾਇਮ ਫ਼ੌਜੀ ਗੱਠਜੋੜ ਦਾ ਹਿੱਸਾ ਹਨ। ਇਰਾਕੀ ਫ਼ੌਜ ਦਾ ਕਹਿਣਾ ਹੈ ਕਿ ਕਰੀਬ 22 ਮਿਜ਼ਾਈਲਾਂ ਇਰਾਨ ਨੇ ਦੋ ਟਿਕਾਣਿਆਂ ਵੱਲ ਦਾਗ਼ੀਆਂ ਹਨ ਜਿੱਥੇ ਅਮਰੀਕੀ ਫ਼ੌਜ ਤਾਇਨਾਤ ਹੈ। ਇਰਾਨ ਮੁਤਾਬਕ ਅਮਰੀਕਾ ਦੇ ਕਈ ਹਵਾਈ ਉਪਕਰਨ, ਹੈਲੀਕੌਪਟਰ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਵੀ ਨੁਕਸਾਨਿਆ ਗਿਆ ਹੈ। ਰੈਵੋਲਿਊਸ਼ਨਰੀ ਗਾਰਡਜ਼ ਦੇ ਸੂਤਰ ਮੁਤਾਬਕ ਖਿੱਤੇ ਵਿਚ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੇ 140 ਟਿਕਾਣਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਜੇ ਮੁੜ ਅਮਰੀਕਾ ਨੇ ਕੋਈ ਗ਼ਲਤੀ ਕੀਤੀ ਤਾਂ ਹਮਲਾ ਦੁਬਾਰਾ ਕਰਾਂਗੇ।’ ਸੂਤਰਾਂ ਮੁਤਾਬਕ 15 ਮਿਜ਼ਾਈਲਾਂ ਅਲ-ਅਸਦ ਟਿਕਾਣੇ ‘ਤੇ ਵੱਜੀਆਂ ਹਨ ਤੇ ਅਮਰੀਕੀ ਰਾਡਾਰ ਇਨ੍ਹਾਂ ਦੀ ਸ਼ਨਾਖ਼ਤ ਕਰ ਕੇ ਰੋਕਣ ਵਿਚ ਨਾਕਾਮ ਰਿਹਾ ਹੈ। ਇਰਾਕੀ ਫ਼ੌਜ ਨੇ ਆਪਣਾ ਕੋਈ ਨੁਕਸਾਨ ਹੋਣ ਤੋਂ ਇਨਕਾਰ ਕੀਤਾ ਹੈ। ਇਰਾਨ ਦੇ ‘ਸੁਪਰੀਮ ਲੀਡਰ’ ਅਯਾਤੁੱਲ੍ਹਾ ਅਲੀ ਖ਼ਮੇਨੀ ਨੇ ਟੀਵੀ ‘ਤੇ ਲਾਈਵ ਬਰਾਡਕਾਸਟ ਦੌਰਾਨ ਕਿਹਾ ‘ਪਿਛਲੀ ਰਾਤ ਅਮਰੀਕਾ ਦੇ ਮੂੰਹ ‘ਤੇ ਥੱਪੜ ਜੜ ਦਿੱਤਾ ਗਿਆ ਹੈ।’ ਰੈਵੋਲਿਊਸ਼ਨਰੀ ਗਾਰਡਜ਼ ਨੇ ਵਾਸ਼ਿੰਗਟਨ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਹੋਰ ਜ਼ਿਆਦਾ ਨੁਕਸਾਨ ਹੋਵੇ, ਅਮਰੀਕਾ ਤੇ ਸਹਿਯੋਗੀ ਆਪਣੀ ਫ਼ੌਜਾਂ ਖਿੱਤੇ ਵਿਚੋਂ ਕੱਢ ਲੈਣ। ਉਧਰ ਪੈਂਟਾਗਨ ਦੇ ਬੁਲਾਰੇ ਜੋਨਾਥਨ ਹੌਫ਼ਮੈਨ ਨੇ ਕਿਹਾ ਕਿ ਇਰਾਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਸੁਰੱਖਿਆ ਬਲਾਂ ਤੇ ਹੋਰ ਮੁਲਾਜ਼ਮਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਕਦਮ ਚੁੱਕ ਲਏ ਸਨ। ਇਨ੍ਹਾਂ ਟਿਕਾਣਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਸੀ। ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਐਵੀਏਸ਼ਨ ਅਥਾਰਿਟੀ ਨੇ ਇਰਾਕ, ਇਰਾਨ ਤੇ ਖਾੜੀ ਉਤੋਂ ਲੰਘਣ ਵਾਲੀਆਂ ਸਾਰੀਆਂ ਨਾਗਰਿਕ ਉਡਾਨਾਂ ਰੋਕ ਦਿੱਤੀਆਂ ਹਨ।
ਭਾਰਤੀ ਜਲ ਸੈਨਾ ਵੱਲੋਂ ਖਾੜੀ ਖੇਤਰ ‘ਚ ਲੜਾਕੂ ਬੇੜੇ ਤਾਇਨਾਤ
ਨਵੀਂ ਦਿੱਲੀ: ਅਮਰੀਕਾ ਤੇ ਇਰਾਨ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਸਮੁੰਦਰ ਰਾਹੀਂ ਹੁੰਦੇ ਵਪਾਰ ਲਈ ਸੁਰੱਖਿਆ ਯਕੀਨੀ ਬਣਾਉਣ ਤੇ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ‘ਚ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਖਾੜੀ ਖੇਤਰ ‘ਚ ਲੜਾਕੂ ਬੇੜੇ ਤਾਇਨਾਤ ਕਰ ਦਿੱਤੇ ਹਨ।
ਇਰਾਨੀ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ : ਡੋਨਾਲਡ ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਇਰਾਕ ‘ਚ ਅਮਰੀਕਾ ਦੇ ਫੌਜੀ ਅੱਡਿਆਂ ‘ਤੇ ਕੀਤੇ ਹਮਲੇ ‘ਚ ਅਮਰੀਕਾ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਇਰਾਨ ਵੱਲ ਸ਼ਾਂਤੀ ਦਾ ਹੱਥ ਵੀ ਵਧਾਇਆ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਰਾਨੀ ਹਮਲੇ ‘ਚ ਨਾ ਅਮਰੀਕਾ ਤੇ ਨਾ ਹੀ ਇਰਾਕ ਨੂੰ ਕੋਈ ਜਾਨੀ ਨੁਕਸਾਨ ਪੁੱਜਾ ਹੈ। ਇਥੇ ਵ੍ਹਾਈਟ ਹਾਊਸ ‘ਚ ਟਰੰਪ ਨੇ ਕਿਹਾ ਕਿ ਇਰਾਨ ਦਹਿਸ਼ਤਗਰਦੀ ਦਾ ਗੜ੍ਹ ਹੈ ਤੇ ਇਸ ਨੂੰ ਪ੍ਰਮਾਣੂ ਹਥਿਆਰ ਤਾਕਤ ਬਣਨ ਦੀ ਇਜਾਜ਼ਤ ਨਹੀਂ ਦੇਵਾਂਗੇ। ਟਰੰਪ ਨੇ ਕਿਹਾ ਕਿ ਇਰਾਨ ਨਾਲ ਪ੍ਰਮਾਣੂ ਕਰਾਰ ਤਹਿਤ ਕੰਮ ਕਰਦੇ ਮੁਲਕਾਂ ਨੂੰ ਇਕਜੁੱਟ ਤੇ ਸਪਸ਼ਟ ਸੁਨੇਹਾ ਦੇਣ ਦੀ ਲੋੜ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …