4 ਅਪ੍ਰੈਲ ਨੂੰ ਆਤਮ ਸਮਰਪਣ ਕਰ ਸਕਦੇ ਹਨ ਸਾਬਕਾ ਅਮਰੀਕੀ ਰਾਸ਼ਟਰਪਤੀ
ਮੈਨਹਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਅਪਰਾਧਿਕ ਮਾਮਲੇ ਵਿਚ ਕੇਸ ਚੱਲੇਗਾ। ਨਿਊਯਾਰਕ ਦੀ ਮੈਨਹਟਨ ਜਿਊਰੀ ਨੇ ਉਨ੍ਹਾਂ ’ਤੇ ਇਹ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ਹੈ। 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਦੇ ਨਾਲ ਅਫ਼ੇਅਰ ਅਤੇ ਉਸ ਨੂੰ ਚੁੱਪ ਰਹਿਣ ਦੇ ਲਈ ਪੈਸੇ ਦੇਣ ਦੇ ਮਾਮਲੇ ’ਚ ਡੋਨਾਲਡ ਟਰੰਪ ਖਿਲਾਫ਼ ਇਹ ਕੇਸ ਚੱਲੇਗਾ। ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਖਿਲਾਫ਼ ਅਪਰਾਧਿਕ ਕੇਸ ਚੱਲੇਗਾ। ਜਦਕਿ ਕੋਰਟ ਵੱਲੋਂ ਉਨ੍ਹਾਂ ’ਤੇ ਕਿਹੜੇ-ਕਿਹੜੇ ਚਾਰਜ ਲਗਾਏ ਗਏ ਹਨ ਇਸ ਸਬੰਧੀ ਫ਼ਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਆਉਂਦੀ 4 ਅਪ੍ਰੈਲ ਨੂੰ ਡੋਨਾਲਡ ਟਰੰਪ ਆਤਮ ਸਮਰਪਣ ਕਰ ਸਕਦੇ ਹਨ। ਕੇਸ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਮੇਰੇ ’ਤੇ ਲਗਾਏ ਗਏ ਸਾਰੇ ਆਰੋਪ ਝੂਠੇ ਹਨ ਅਤੇ ਨਿਊਯਾਰਕ ’ਚ ਇਸ ਦੀ ਨਿਰਪੱਖ ਸੁਣਵਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮੈਂ ਅਮਰੀਕਾ ਦੀ ਜਨਤਾ ਦੇ ਨਾਲ ਖੜ੍ਹਾ ਹਾਂ, ਇਸ ਲਈ ਮੇਰੇ ’ਤੇ ਝੂਠੇ ਆਰੋਪ ਲਗਾਏ ਜਾ ਰਹੇ ਹਨ।