ਭਾਜਪਾਈਆਂ ਨੇ ਮੋਦੀ ਹਟਾਓ ਦੇਸ਼ ਬਚਾਓ ਦੇ ਪੋਸਟਰ ਫਾੜੇ, ਮੋਦੀ ਲਿਆਓ ਦੇਸ਼ ਬਚਾਓ ਦੇ ਪੋਸਟਰ ਲਗਾਏ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਐਲਾਨ ਹੁੰਦਿਆਂ ਹੀ ਇਥੇ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਇਥੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਪੋਸਟਰ ਵਾਰ ਵੀ ਸ਼ੁਰੂ ਹੋ ਚੁੱਕੀ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਇਥੇ ਦਿੱਲੀ ਦੀ ਤਰਜ ’ਤੇ ਮੋਦੀ ਹਟਾਓ ਅਤੇ ਦੇਸ਼ ਬਚਾਓ ਦੇ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ਨੂੰ ਲੰਘੀ ਦੇਰ ਰਾਤ ਭਾਜਪਾਈਆਂ ਵੱਲੋਂ ਫਾੜ ਦਿੱਤਾ ਗਿਆ ਅਤੇ ਇਨ੍ਹਾਂ ਦੀ ਜਗ੍ਹਾ ਮੋਦੀ ਲਿਆਓ ਦੇਸ਼ ਬਚਾਓ ਦੇ ਪੋਸਟਰ ਲਗਾ ਦਿੱਤੇ ਗਏ। ਭਾਜਪਾ ਆਗੂਆਂ ਨੇ ਕਿਹਾ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਪੋਸਟਰਬਾਜ਼ੀ ਕਰਕੇ ਕਾਨੂੰਨ ਦਾ ਮਜ਼ਾਕ ਉਡਾਇਆ ਹੈ ਅਤੇ ਉਹ ਇਸ ਸਬੰਧੀ ਮੰਤਰੀ ਖਿਲਾਫ਼ ਕਾਰਵਾਈ ਦੇ ਲਈ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਨੂੰ ਸ਼ਿਕਾਇਤ ਦੇਣਗੇ। ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲਗਾਏ ਗਏ ਪੋਸਟਰਾਂ ਨੂੰ ਇਤਰਾਜ਼ਯੋਗ ਅਤੇ ਗੈਰਕਾਨੂੰਨੀ ਕਰਾਰ ਦਿੰਦੇ ਹੋਏ ਇਸ ’ਤੇ ਇਤਰਾਜ ਪ੍ਰਗਟਾਇਆ ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਿਆਨ ਰਹੇ ਕਿ ‘ਆਪ’ ਵੱਲੋਂ ਸਮੁੱਚੇ ਦੇਸ਼ ਅੰਦਰ ਮੋਦੀ ਖਿਲਾਫ਼ ਪੋਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸੇ ਮੁਹਿੰਮ ਤਹਿਤ ਲੰਘੇ ਕੱਲ੍ਹ ਜਲੰਧਰ ’ਚ ਵੀ ਮੋਦੀ ਹਟਾਓ ਅਤੇ ਦੇਸ਼ ਬਚਾਓ ਦੇ ਪੋਸਟਰ ਲਗਾਏ ਗਏ ਸਨ।