Breaking News
Home / ਪੰਜਾਬ / ਜਸਟਿਸ ਜ਼ੋਰਾ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਲ

ਜਸਟਿਸ ਜ਼ੋਰਾ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਲ

ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜ਼ੋਰਾ ਸਿੰਘ ਕਮਿਸ਼ਨ ਨੇ ਕੀਤੀ ਸੀ ਜਾਂਚ
ਨਵੀਂ ਦਿੱਲੀ : ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ ਰਹੇ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਉਧਰ ਬਾਗ਼ੀ ਧੜੇ ਨਾਲ ਰਲੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਮੁੜ ‘ਆਪ’ ਨਾਲ ਤੁਰ ਪਏ ਹਨ। ਦਿੱਲੀ ਵਿਚ ‘ਆਪ’ ਦੇ ਮੁੱਖ ਦਫ਼ਤਰ ਵਿਖੇ ਜਸਟਿਸ ਜ਼ੋਰਾ ਸਿੰਘ ਨੂੰ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਜ਼ੋਰਾ ਸਿੰਘ ਨੇ ਕਿਹਾ ਕਿ 35 ਸਾਲ ਦੀਆਂ ਸੇਵਾਵਾਂ ਮਗਰੋਂ ਉਨ੍ਹਾਂ ਸਮਾਜ ਸੇਵਾ ਵੱਲ ਆਉਣ ਦਾ ਫ਼ੈਸਲਾ ਲਿਆ। ‘ਆਪ’ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿਚ ਚੰਗੇ ਕੰਮ ਕੀਤੇ ਹਨ। ਬੇਅਦਬੀ ਕਾਂਡ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਰਿਪੋਰਟ ਤਤਕਾਲੀ ਬਾਦਲ ਸਰਕਾਰ ਨੂੰ ਦੇ ਦਿੱਤੀ ਸੀ ਜਿਸ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਨੂੰ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਹੁੰਦੀ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਅਤੇ ਹੋਰ ਲੋਕ ਜੇਲ੍ਹਾਂ ਵਿੱਚ ਬੰਦ ਹੁੰਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ 28 ਜਨਵਰੀ ਨੂੰ ਬਰਨਾਲਾ, 29 ਜਨਵਰੀ ਨੂੰ ਗੜ੍ਹਸ਼ੰਕਰ ਅਤੇ 2 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਰੈਲੀਆਂ ਕਰਨਗੇ। ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੇਜਰੀਵਾਲ ਲੋਕਾਂ ਲਈ ਉਮੀਦ ਦੀ ਕਿਰਨ ਬਣੇ ਹਨ ਤੇ ਹੁਣ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਹੋਰ ਹਮਾਇਤ ਮਿਲੇਗੀ। ਇਸ ਮੌਕੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਨਵਦੀਪ ਸਿੰਘ ਸੰਘਾ ਤੇ ਹੋਰ ਆਗੂ ਹਾਜ਼ਰ ਸਨ।

ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਸਕਦੇ ਹਨ ਜ਼ੋਰਾ ਸਿੰਘ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਏ ਸੇਵਾਮੁਕਤ ਜੱਜ ਜ਼ੋਰਾ ਸਿੰਘ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਸੂਤਰਾਂ ਅਨੁਸਾਰ ਖਹਿਰਾ ਧੜੇ ਨੂੰ ਛੱਡ ਕੇ ਮੁੜ ਪਾਰਟੀ ਦੇ ਖੇਮੇ ਵਿਚ ਆਏ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਤਕਰੀਬਨ ਮਹੀਨਾ ਕੁ ਪਹਿਲਾਂ ਹੀ ਜ਼ੋਰਾ ਸਿੰਘ ਦੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਵਾ ਦਿੱਤੀ ਸੀ। ਸੂਤਰਾਂ ਅਨੁਸਾਰ ‘ਆਪ’ ਵੱਲੋਂ ਉਨ੍ਹਾਂ ਨੂੰ ਲੋਕ ਸਭਾ ਦੇ ਰਾਖਵੇਂ ਹਲਕੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਾਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਫਤਿਹਗੜ੍ਹ ਸਾਹਿਬ ਤੋਂ ‘ਆਪ’ ਦੇ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਲੰਮੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾਈ ਬੈਠੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ। ਜਸਟਿਸ ਜ਼ੋਰਾ ਸਿੰਘ ਨੂੰ ‘ਆਪ’ ਵਿਚ ਸ਼ਾਮਲ ਕਰਨ ਦਾ ਮੁੱਖ ਜ਼ਰੀਆ ਹਿਮਾਚਲ ਪ੍ਰਦੇਸ਼ ਤੋਂ ‘ਆਪ’ ਦੇ ਆਗੂ ਵਕੀਲ ਅਮਨ ਗੁਲੇਰੀਆ ਬਣੇ ਹਨ ਜੋ ਰੋੜੀ ਦੇ ਨਜ਼ਦੀਕੀ ਹਨ। ‘ਆਪ’ ਲੀਡਰਸ਼ਿਪ ਮੋਹਾਲੀ ਵਿਚ ਰਹਿ ਰਹੇ ਜ਼ੋਰਾ ਸਿੰਘ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਪਿਛਲੀ ਬਾਦਲ ਸਰਕਾਰ ਵੱਲੋਂ ਨਿਭਾਈ ਮਾੜੀ ਭੂਮਿਕਾ ਨੂੰ ਉਭਾਰਨ ਦਾ ਯਤਨ ਕਰੇਗੀ। ਉਧਰ ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਨੇ ਜ਼ੋਰਾ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਸਿਆਸੀ ਦਿਵਾਲੀਆਪਨ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੇਵਾਮੁਕਤ ਜੱਜ ਜ਼ੋਰਾ ਸਿੰਘ ਨੇ ਆਪਣੀ ਰਿਪੋਰਟ ਵਿਚ ਬਾਦਲਾਂ ਦੇ ਕਹਿਣ ‘ਤੇ ਪੁਲਿਸ ਅਫ਼ਸਰਾਂ ਅਤੇ ਦੋਸ਼ੀਆਂ ਨੂੰ ਬਚਾਇਆ ਸੀ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …