ਅੰਮ੍ਰਿਤਸਰ/ਬਿਊਰੋ ਨਿਊਜ਼
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੰਗ ਕਰਮੀਆਂ ਲਈ ਬਣਾਇਆ ਗਿਆ ਥੀਏਟਰ “ਪੰਜਾਬ ਨਾਟਸ਼ਾਲਾ” ਹੁਣ ਦੇਸ਼ ਦਾ ਪਹਿਲਾ ਸੂਰਜੀ ਊਰਜਾ ਨਾਲ ਚੱਲਣ ਵਾਲਾ ਥੀਏਟਰ ਬਣ ਗਿਆ ਹੈ। ਇਹ ਉਪਰਾਲਾ ਪੰਜਾਬ ਨਾਟਸ਼ਾਲਾ ਨੂੰ ਸਥਾਪਤ ਕਰਨ ਵਾਲੇ ਇੰਜਨੀਅਰ ਜਤਿੰਦਰ ਸਿੰਘ ਬਰਾੜ ਨੇ ਕੀਤਾ ਹੈ। ਬਰਾੜ ਮੁਤਾਬਕ ਹੁਣ ਇੱਥੇ ਕੀਤੇ ਜਾਣ ਵਾਲੇ ਨਾਟਕਾਂ ਲਈ ਲਾਈਟਾਂ ਤੇ ਹੋਰ ਬਿਜਲੀ ‘ਤੇ ਹੋਣ ਵਾਲੇ ਖਰਚੇ ਵਿੱਚ 75 ਫੀਸਦੀ ਤੱਕ ਘਟ ਜਾਣਗੇ।
ਬਰਾੜ ਨੇ ਦੱਸਿਆ ਕਿ ਪਹਿਲਾਂ ਡੇਢ ਘੰਟਾ ਚੱਲਣ ਵਾਲੇ ਹਰ ਸ਼ੋਅ ਵਿੱਚ 200 ਯੂਨਿਟ ਬਿਜਲੀ ਖਰਚ ਹੁੰਦੀ ਸੀ। ਇਸ ਦਾ ਖਰਚਾ 5 ਹਜ਼ਾਰ ਦੇ ਕਰੀਬ ਆਉਂਦਾ ਸੀ। ਹੁਣ ਸੋਲਰ ਸਿਸਟਮ ਲੱਗਣ ਤੋਂ ਬਾਅਦ ਬਿਜਲੀ ਸਿਰਫ 50 ਯੂਨਿਟ ਖਰਚ ਹੁੰਦੀ ਹੈ। ਇਸ ਦਾ ਖਰਚਾ ਸਿਰਫ 400 ਰੁਪਏ ਦੇ ਕਰੀਬ ਹੀ ਆਉਂਦਾ ਹੈ। ਇਸ ਸਿਸਟਮ ਦੇ ਲੱਗਣ ਨਾਲ ਹਵਾ ਤੇ ਆਵਾਜ਼ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਮਿਲ ਰਿਹਾ ਹੈ।

