ਨਸ਼ਾ ਮਿਕਸ ਕਰਦੇ ਨੌਜਵਾਨ ਨੇ ਮਕਬੂਲਪੁਰਾ ’ਚ ਨਸ਼ਾ ਵੇਚਣ ਵਾਲੇ ਪਰਿਵਾਰ ਦਾ ਪਤਾ ਵੀ ਦੱਸਿਆ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਜ਼ਿਲ੍ਹੇ ’ਚ ਸ਼ਰ੍ਹੇਆਮ ਨਸ਼ਾ ਵਿਕਣ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ’ਚ ਇਕ ਨੌਜਵਾਨ ਨੇ ਅੰਮਿ੍ਰਤਸਰ ਦੇ ਮਕਬੂਲਾਪੁਰਾ ’ਚ ਨਸ਼ਾ ਵੇਚਣ ਵਾਲੇ ਦਾ ਨਾਮ ਅਤੇ ਪਤਾ ਵੀ ਦੱਸਿਆ ਹੈ, ਪ੍ਰੰਤੂ ਪੁਲਿਸ ਹਾਲੇ ਇਥੋਂ ਤੱਕ ਨਹੀਂ ਪਹੁੰਚ ਸਕੀ। ਜ਼ਿਕਰਯੋਗ ਹੈ ਕਿ ਮਕਬੂਲਪੁਰਾ ਦਾ ਪਹਿਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਇਲਾਕੇ ’ਚ ਲਗਾਤਾਰ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉਥੇ ਹੀ ਵਾਇਰਲ ਵੀਡੀਓ ’ਚ ਇਕ ਨੌਜਵਾਨ ਆਪਣੇ ਹੱਥ ’ਚ ਇੰਜੈਕਸ਼ਨ ਫੜ ਕੇ ਉਸ ਵਿਚ ਨਸ਼ਾ ਮਿਕਸ ਕਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਜਦੋਂ ਉਸ ਤੋਂ ਸਖਤੀ ਨਾਲ ਪੁੱਛਿਆ ਗਿਆ ਕਿ ਉਸ ਨੇ ਨਸ਼ਾ ਕਿੱਥੋਂ ਖਰੀਦਿਆ ਹੈ ਤਾਂ ਉਸ ਨੇ ਮਕਬੂਲਪੁਰਾ ਫਲੈਟਸ ਵੱਲ ਇਸ਼ਾਰਾ ਕੀਤਾ। ਜਿੱਥੇ ਇਕ ਵਿਅਕਤੀ ਨਹੀਂ ਬਲਕਿ ਇਕ ਮਹਿਲਾ, ਉਸ ਦੀ ਬੇਟੀ ਅਤੇ ਬੇਟਾ ਸ਼ਰ੍ਹੇਆਮ ਨਸ਼ਾ ਵੇਚ ਰਹੇ ਹਨ ਅਤੇ ਉਹ ਉਥੋਂ ਹੀ ਨਸ਼ਾ ਲੈ ਕੇ ਆਇਆ ਹੈ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਇਕ ਨਵਵਿਆਹੁਤਾ ਲੜਕੀ ਦਾ ਨਸ਼ੇ ’ਚ ਧੁੱਤ ਹੋਈ ਦਾ ਵੀਡੀਓ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਸੇ ਇਲਾਕੇ ਤੋਂ ਨਸ਼ੇ ਨਾਲ ਸਬੰਧਤ 4 ਵੀਡੀਓ ਸਾਹਮਣੇ ਆ ਚੁੱਕੇ ਹਨ, ਜਿਸ ’ਚ ਨਸ਼ਾ ਖਰੀਦਣ ਤੋਂ ਲੈ ਕੇ ਵੇਚਣ ਵਾਲੇ ਵੀ ਬੇਨਕਾਬ ਹੋਏ ਹਨ।