ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਾਗਜ਼ੀ ਮੁੱਖ ਮੰਤਰੀ
ਪਟਿਆਲਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਦਿਨ ਵੀਰਵਾਰ ਨੂੰ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਪਹੁੰਚੇ। ਇਸ ਫਤਿਹ ਰੈਲੀ ਦੌਰਾਨ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ ਵਾਲਮੀਕੀ, ਸੰਗਰੂਰ ਤੋਂ ਅਰਵਿੰਦ ਖੰਨਾ, ਫਰੀਦਕੋਟ ਤੋਂ ਹੰਸ ਰਾਜ ਹੰਸ ਅਤੇ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕਾਂਗਰਸ ਪਾਰਟੀ ‘ਤੇ ਸਿਆਸੀ ਨਿਸ਼ਾਨੇ ਵਿੰਨੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਰਜ਼ੇ ਦੇ ਸਹਾਰੇ ਚੱਲ ਰਹੀ ਹੈ ਅਤੇ ਇਸ ਮੰਤਰੀ ਅਤੇ ਸੰਤਰੀ ਮੌਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਦਰਬਾਰ ਤੋਂ ਹੀ ਵਿਹਲ ਨਹੀਂ ਮਿਲਦੀ ਜਦਕਿ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਨਾਂ ਦੀ ਵੀ ਕੋਈ ਚੀਜ਼ ਨਹੀਂ, ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ‘ਤੇ ਝੂਠ ਦੀ ਰਾਜਨੀਤੀ ਕਰਨ ਦਾ ਆਰੋਪ ਵੀ ਲਗਾਇਆ।
ਪੀਐਮ ਮੋਦੀ ਨੇ ਕਿਹਾ ਕਿ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਅਤੇ ਕਾਂਗਰਸ ਪੰਜਾਬ ਵਿਚ ਆਹਮਣੇ-ਸਾਹਮਣੇ ਚੋਣ ਲੜਨ ਦਾ ਨਾਟਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਦੋ ਹਨ, ਪਰ ਦੁਕਾਨ ਇਕ ਹੀ ਹੈ। ‘ਇੰਡੀਆ’ ਗਠਜੋੜ ਸਬੰਧੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨਾ ਤਾਂ ਕੋਈ ਨੇਤਾ ਅਤੇ ਨਾ ਹੀ ਕੋਈ ਇਰਾਦਾ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ ਤੇ ਐਨਡੀਏ ਹੈ, ਜਦੋਂ ਕਿ ਦੂਜੇ ਪਾਸੇ ਭ੍ਰਿਸ਼ਟ ਲੋਕਾਂ ਦਾ ‘ਇੰਡੀਆ’ ਗਠਜੋੜ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ।
ਕੇਜਰੀਵਾਲ ਵਲੋਂ ਅੰਮ੍ਰਿਤਸਰ ‘ਚ ਕੀਤਾ ਜਾ ਚੁੱਕਾ ਹੈ ਰੋਡ ਸ਼ੋਅ : ਆਮ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਚੋਣ ਪ੍ਰਚਾਰ ਦਾ ਆਗਾਜ਼ ਅੰਮ੍ਰਿਤਸਰ ਵਿਖੇ ਪਿਛਲੇ ਦਿਨੀਂ ਕੀਤਾ ਸੀ। ਹੁਣ ਕੇਜਰੀਵਾਲ 25 ਮਈ ਤੋਂ ਬਾਅਦ ਪੰਜਾਬ ਵਿਚ ਮੁੜ ਸਰਗਰਮ ਹੋ ਜਾਣਗੇ ਕਿਉਂਕਿ 25 ਮਈ ਨੂੰ ਦਿੱਲੀ ਵਿਚ 6ਵੇਂ ਗੇੜ ਤਹਿਤ ਲੋਕ ਸਭਾ ਦੀਆਂ ਵੋਟਾਂ ਪੈ ਜਾਣੀਆਂ ਹਨ।
ਪੀਐਮ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ : ਪਟਿਆਲਾ ਵਿਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰਸਤਿਆਂ ਵਿਚ ਰੋਕ ਲਿਆ। ਕਿਸਾਨ ਰਾਜਪੁਰਾ ਵਾਲੇ ਪਾਸਿਓ ਪਟਿਆਲਾ ਪਹੁੰਚਣਾ ਚਾਹੁੰਦੇ ਸਨ, ਪਰ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਪ੍ਰਸ਼ਾਸਨ ਨੇ ਪਟਿਆਲਾ-ਰਾਜਪੁਰਾ ਹਾਈਵੇ ਹੀ ਬੰਦ ਕਰ ਦਿੱਤਾ ਸੀ। ਇਸੇ ਦੌਰਾਨ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿਰੋਧ ਨਾਲ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਪਟਿਆਲਾ ਦੇ ਲੋਕਾਂ ਨਾਲ ਪਰੰਪਰਿਕ ਸਾਂਝ ਹੈ।
ਰਾਹੁਲ, ਪ੍ਰਿਅੰਕਾ ਅਤੇ ਕੇਜਰੀਵਾਲ ਵੀ ਪੰਜਾਬ ‘ਚ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ : ਪੰਜਾਬ ਦੇ ਚੋਣਾਵੀ ਦੰਗਲ ਵਿਚ ਉਤਰੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਲਈ ਚੋਣ ਕਰਨ ਵਾਸਤੇ ਵੱਡੇ-ਵੱਡੇ ਸਟਾਰ ਪ੍ਰਚਾਰਕ ਵੀ ਪਹੁੰਚ ਰਹੇ ਹਨ। ਪੰਜਾਬ ‘ਚ ਲੋਕ ਸਭਾ ਦੀਆਂ ਚੋਣਾਂ ਵਿਚ ਸਿਰਫ ਇਕ ਹਫਤਾ ਹੀ ਬਾਕੀ ਬਚਿਆ ਹੈ ਅਤੇ ਸਾਰੀਆਂ ਪਾਰਟੀਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਰਵਿੰਦ ਕੇਜਰੀਵਾਲ, ਬਸਪਾ ਮੁਖੀ ਮਾਇਆਵਤੀ ਵੀ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ। ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਪੰਜਾਬ ‘ਚ ਭਾਜਪਾ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ 25 ਮਈ ਤੋਂ ਬਾਅਦ ਪੰਜਾਬ ਪਹੁੰਚਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਪੰਜਾਬ ਵਿਚ ਵੱਡੀਆਂ ਚੋਣ ਰੈਲੀਆਂ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 1 ਜੂਨ ਨੂੰ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ‘ਚੋਂ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਬਣੀ ਚਰਚਾ ਦਾ ਵਿਸ਼ਾ
ਪਟਿਆਲਾ : ਪੰਜਾਬ ਅੰਦਰ ਭਾਜਪਾ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੇ ਦੋ ਦਿਨਾ ਦੌਰੇ ਦੌਰਾਨ ਪੰਜਾਬ ਪਹੁੰਚੇ। ਉਨ੍ਹਾਂ ਵੀਰਵਾਰ ਨੂੰ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਇਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇਸ ਰੈਲੀ ਦੌਰਾਨ ਪ੍ਰਨੀਤ ਕੌਰ ਦੇ ਪਤੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਹੋਣ ਕਰਕੇ ਹਸਪਤਾਲ ਵਿਚ ਦਾਖਲ ਸਨ। ਭਾਵੇਂ ਹਸਪਤਾਲ ਤੋਂ ਅਮਰਿੰਦਰ ਸਿੰਘ ਨੂੰ ਛੁੱਟੀ ਮਿਲ ਚੁੱਕੀ ਹੈ ਪ੍ਰੰਤੂ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਉਹ ਰੈਲੀ ਵਿਚ ਸ਼ਾਮਲ ਨਹੀਂ ਹੋਏ।