ਵਾਸ਼ਿੰਗਟਨ : ਅਰਬਪਤੀ ਕਾਰੋਬਾਰੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਅਹੁਦੇ ਲਈ ਚੁਣੇ ਗਏ ਹਨ। ਉਨ੍ਹਾਂ ਦੇ ਹਲਫ਼ਦਾਰੀ ਸਮਾਗਮ ਸਬੰਧੀ ਜਸ਼ਨ ਪਿਛਲੇ ਦਿਨਾਂ ਤੋਂ ਹੀ ਜਾਰੀ ਸਨ, ਜਦੋਂਕਿ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਮੁਜ਼ਾਹਰੇ ਵੀ ਕੀਤੇ। ਇਸ ਦੌਰਾਨ ਘੱਟੋ-ਘੱਟ ਚਾਰ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ, ਜਿਸ ਦੌਰਾਨ ਮੁਜ਼ਾਹਰਕਾਰੀਆਂ ਨੇ ਸਟੋਰਾਂ ਤੇ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਤੇ ਪੁਲਿਸ ਨਾਲ ਵੀ ਝੜਪਾਂ ਕੀਤੀਆਂ।ਇਸ ਤੋਂ ਪਹਿਲਾਂ ਟਰੰਪ ਇਕ ਕਾਫ਼ਲੇ ਦੇ ਰੂਪ ਵਿੱਚ ਸਹੁੰ-ਚੁੱਕ ਸਮਾਗਮ ਵਿਚ ਪੁੱਜੇ। ਉਨ੍ਹਾਂ ਆਪਣੇ ਸਹੁੰ-ਚੁੱਕ ਕਾਫ਼ਲੇ ਦੀ ਸ਼ੁਰੂਆਤ ਇਥੇ ਚਰਚ ਵਿੱਚ ਹਾਜ਼ਰੀ ਭਰ ਕੇ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪ੍ਰਥਮ ਮਹਿਲਾ ਮਿਲਾਨਿਆ ਟਰੰਪ, ਧੀ ਇਵਾਂਕਾ ਤੇ ਜਵਾਈ ਜੇਰਡ ਕੁਸ਼ਨਰ ਤੇ ਪੁੱਤਰਾਂ ਨੇ ਵੀ ਚਰਚ ਵਿੱਚ ਅਕੀਦਤ ਪੇਸ਼ ਕੀਤੀ। ਇਸ ਪਿੱਛੋਂ ਉਨ੍ਹਾਂ ਦਾ ਕਾਫ਼ਲਾ ਵਾਈਟ ਹਾਊਸ ਪੁੱਜਾ ਜਿਥੇ ਅਹੁਦਾ ਛੱਡ ਰਹੇ ਰਾਸ਼ਟਪਰਤੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਪਰਿਵਾਰ ਨੇ ਨਵੇਂ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਵੀਂ ਫਸਟ ਲੇਡੀ ਮਿਲੇਨੀਆ ਟਰੰਪ ਨੇ ਮਿਸ਼ੇਲ ਓਬਾਮਾ ਨੂੰ ਇਕ ਟਿਫੈਨੀ ਗਿਫ਼ਟ ਭੇਟ ਕੀਤਾ। ਸਹੁੰ-ਚੁੱਕ ਸਮਾਗਮ ਵਿੱਚ ਉਨ੍ਹਾਂ ਤੋਂ ਚੋਣਾਂ ਵਿੱਚ ਮਾਤ ਖਾਣ ਵਾਲੀ ਬੀਬੀ ਹਿਲੇਰੀ ਕਲਿੰਟਨ ਨੇ ਵੀ ਆਪਣੇ ਪਤੀ ਤੇ ਸਾਬਕਾ ਰਾਸ਼ਰਪਤੀ ਬਿਲ ਕਲਿੰਟਨ ਨਾਲ ਸ਼ਿਰਕਤ ਕੀਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …