16.1 C
Toronto
Thursday, April 16, 2026
spot_img
Homeਹਫ਼ਤਾਵਾਰੀ ਫੇਰੀ2029 ਤੱਕ ਲਾਟਵੀਆ ਵਿੱਚ ਕੈਨੇਡੀਅਨ ਫੌਜੀ ਰਹਿਣਗੇ ਤਾਇਨਾਤ

2029 ਤੱਕ ਲਾਟਵੀਆ ਵਿੱਚ ਕੈਨੇਡੀਅਨ ਫੌਜੀ ਰਹਿਣਗੇ ਤਾਇਨਾਤ

ਪੀਐਮ ਕਾਰਨੀ ਨੇ ਕੈਨੇਡੀਅਨ ਫੌਜੀ ਮਿਸ਼ਨ ਨੂੰ 2029 ਤੱਕ ਵਧਾਇਆ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ 2029 ਤੱਕ ਲਾਟਵੀਆ ਵਿੱਚ ਆਪਣੇ ਫੌਜੀ ਤਾਇਨਾਤ ਰੱਖੇਗਾ। ਇਹ ਫੈਸਲਾ ਰੂਸ ਵੱਲੋਂ ਯੂਰਪ ‘ਤੇ ਹਮਲੇ ਦੀ ਸੰਭਾਵਨਾ ਨੂੰ ਰੋਕਣ ਲਈ ਲਿਆ ਗਿਆ ਹੈ। ਲਾਟਵੀਆ ਦੀ ਰਾਜਧਾਨੀ ਰੀਗਾ ਵਿਚ ਕਾਨਫਰੰਸ ਦੌਰਾਨ, ਕਾਰਨੀ ਨੇ ਕਿਹਾ ਕਿ ਸਾਨੂੰ ਰੋਕਥਾਮ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਪੈਣਾ ਹੈ ਅਤੇ ਇਹੀ ਤਰੀਕਾ ਹੈ ਜਿਸ ਨਾਲ ਅਸੀਂ ਸੱਚਾ ਭਰੋਸਾ ਦੇ ਸਕਦੇ ਹਾਂ। ਪ੍ਰਧਾਨ ਮੰਤਰੀ ਕਾਰਨੀ ਦੇ ਦਫਤਰ ਨੇ ਦੱਸਿਆ ਕਿ ਹੁਣ ਲਾਟਵੀਆ ਵਿੱਚ ਓਪਰੇਸ਼ਨ ਰੀਅਸ਼ੋਰੈਂਸ ਤਹਿਤ 2,000 ਕੈਨੇਡੀਅਨ ਫੌਜੀ ਤਾਇਨਾਤ ਹਨ, ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਮਿਸ਼ਨ ਹੈ।
ਕੈਨੇਡੀਅਨ ਫੌਜੀ 2017 ਤੋਂ ਲਾਟਵੀਆ ਵਿੱਚ ਮੌਜੂਦ ਹਨ ਤਾਂ ਜੋ ਯੂਰਪ ਦੇ ਪੂਰਬੀ ਹਿੱਸੇ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਰੂਸ ਵੱਲੋਂ ਬਾਲਟਿਕ ਦੇਸ਼ਾਂ ‘ਤੇ ਹਮਲੇ ਤੋਂ ਰੋਕਿਆ ਜਾ ਸਕੇ। ਇਹ ਤਾਇਨਾਤੀ ਇੱਕ ਟ੍ਰਿਪ ਵਾਇਰ ਵਜੋਂ ਵੀ ਜਾਣੀ ਜਾਂਦੀ ਹੈ, ਜਿਸਦਾ ਮਤਲਬ ਇਹ ਹੈ ਕਿ ਜੇ ਰੂਸ ਹਮਲਾ ਕਰੇ, ਤਾਂ ਉਹ ਸਿੱਧਾ ਨਾਟੋ ਦੇ ਜਵਾਬ ਦਾ ਸਾਹਮਣਾ ਕਰੇ। ਹਾਲਾਂਕਿ ਇਹ ਮਿਸ਼ਨ 2026 ਵਿੱਚ ਖਤਮ ਹੋਣਾ ਸੀ, ਪਰ ਕਾਰਨੀ ਨੇ ਕਿਹਾ ਕਿ ਉਹ ਇਸਨੂੰ ਹੋਰ ਤਿੰਨ ਸਾਲਾਂ ਲਈ ਵਧਾਉਣ ਦਾ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਲਾਟਵੀਆ ਵਿੱਚ ਕੈਨੇਡੀਅਨ ਬ੍ਰਿਗੇਡ ਦੀ ਤਾਕਤ ਵੀ ਵਧਾਈ ਜਾਵੇਗੀ, ਜੋ ਕਿ ਨਾਟੋ ਦੀ ਸਾਂਝੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ। ਕੈਨੇਡਾ ਲਾਟਵੀਆ ਵਿੱਚ ਲਗਭਗ 10 ਦੇਸ਼ਾਂ ਦੇ ਫੌਜੀਆਂ ਦੀ ਅਗਵਾਈ ਕਰ ਰਿਹਾ ਹੈ, ਜੋ ਸਿਰਫ ਲਾਟਵੀਆ ਦੀ ਰੱਖਿਆ ਨੂੰ ਪੱਕਾ ਨਹੀਂ ਕਰ ਰਹੇ, ਸਗੋਂ ਉੱਥੇ ਫੌਜੀਆਂ ਦੀ ਟ੍ਰੇਨਿੰਗ ਵੀ ਕਰ ਰਹੇ ਹਨ। ਬੀਤੇ ਦਿਨੀਂ ਬਰਲਿਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਪੂਤਿਨ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨਾਲ ਸਿੱਧੀ ਗੱਲਬਾਤ ਕਰਨ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਪੂਤਿਨ ਵੱਖ-ਵੱਖ ਸ਼ਰਤਾਂ ਰੱਖ ਰਹੇ ਹਨ ਅਤੇ ਗੱਲਬਾਤ ਤੋਂ ਬਚ ਰਹੇ ਹਨ।

RELATED ARTICLES
POPULAR POSTS