ਪੰਜਾਬ ‘ਚ ਮੁੱਖ ਪਾਰਟੀਆਂ ਦੇ ਬਹੁਤੇ ਉਮੀਦਵਾਰ ਕਰੋੜਪਤੀ
ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਸਭ ਤੋਂ ਵੱਧ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਉਂਦੀ 1 ਜੂਨ ਨੂੰ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਲਈ ਪੰਜਾਬ ‘ਚ ਮੁੱਖ ਸਿਆਸੀ ਪਾਰਟੀਆਂ ਵਲੋਂ ਚੋਣ ਮੈਦਾਨ ਵਿਚ ਉਤਾਰੇ ਬਹੁਤੇ ਉਮੀਦਵਾਰ ਕਰੋੜਪਤੀ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਸਭ ਤੋਂ ਅਮੀਰ ਉਮੀਦਵਾਰ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਤੇ ਪੰਜਾਬ ਇਲੈਕਸ਼ਨ ਵਾਚ ਵਲੋਂ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੇ ਹਲਫਨਾਮਿਆਂ ਦੀ ਘੋਖ ਕਰਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ 13-13 ਉਮੀਦਵਾਰ ਕਰੋੜਪਤੀ ਹਨ। ਜਦੋਂ ਕਿ ਕਾਂਗਰਸ ਪਾਰਟੀ ਦੇ 13 ਵਿਚੋਂ 12 ਉਮੀਦਵਾਰ ਕਰੋੜਪਤੀ ਹਨ।
ਪੰਜਾਬ ਇਲੈਕਸ਼ਨ ਵਾਚ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਰਸਿਮਰਤ ਕੌਰ ਬਾਦਲ ਦੀ ਚੱਲ ਅਤੇ ਅਚੱਲ ਜਾਇਦਾਦ 198 ਕਰੋੜ ਰੁਪਏ ਹੈ, ਜਦੋਂ ਕਿ ਲੁਧਿਆਣਾ ਤੋਂ ‘ਜਨ ਸੇਵਾ ਡਰਾਈਵਰ’ ਪਾਰਟੀ ਵਲੋਂ ਚੋਣ ਲੜ ਰਹੇ ਰਾਜੀਵ ਕੁਮਾਰ ਮਹਿਰਾ ਦੀ ਕੁੱਲ ਚੱਲ ਤੇ ਅਚੱਲ ਜਾਇਦਾਦ ਸਿਰਫ 2500 ਰੁਪਏ ਹੈ। ਰਿਪੋਰਟ ਮੁਤਾਬਕ ਬੇਸ਼ੱਕ ਹਰਸਿਮਰਤ ਕੌਰ ਬਾਦਲ ਉਮੀਦਵਾਰਾਂ ਦੀ ਸੂਚੀ ਵਿਚ ਸਭ ਤੋਂ ਵੱਧ ਜਾਇਦਾਦ ਦੇ ਮਾਲਕ ਹਨ, ਪਰ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਤੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਕਰੋੜਪਤੀ ਹਨ। ਪਰਨੀਤ ਕੌਰ ਦੀ ਜਾਇਦਾਦ 60 ਕਰੋੜ ਰੁਪਏ ਹੈ, ਜਦੋਂ ਕਿ ਸੁਖਪਾਲ ਖਹਿਰਾ ਦੀ ਜਾਇਦਾਦ 50 ਕਰੋੜ ਰੁਪਏ ਦੱਸੀ ਗਈ ਹੈ।
ਰਿਪੋਰਟ ਅਨੁਸਾਰ ਚੋਣ ਕਮਿਸ਼ਨ ਵਲੋਂ ਦਿੱਤੀ ਗਈ ਜਾਣਕਾਰੀ ਵਿਚ ਹਰਸਿਮਰਤ ਕੌਰ ਬਾਦਲ ਨੇ 54 ਕਰੋੜ ਰੁਪਏ, ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ 12 ਕਰੋੜ ਅਤੇ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ 12 ਕਰੋੜ ਰੁਪਏ ਦੀਆਂ ਦੇਣਦਾਰੀਆਂ ਦੇ ਵੇਰਵੇ ਦਿੱਤੇ ਹਨ। ਰਿਪੋਰਟ ਮੁਤਾਬਕ 328 ਉਮੀਦਵਾਰਾਂ ਵਿਚੋਂ 69 ਉਮੀਦਵਾਰਾਂ ਨੇ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ 3 ਮਹਿਲਾਵਾਂ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਕਾਂਗਰਸ ਨੇ 2, ਅਕਾਲੀ ਦਲ ਨੇ 1 ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ।
23 ਉਮੀਦਵਾਰ ਅਨਪੜ੍ਹ : ਰਿਪੋਰਟ ਅਨੁਸਾਰ ਪੰਜਾਬ ਦੇ ਚੋਣ ਮੈਦਾਨ ਵਿਚ ਉਤਰੇ 328 ਉਮੀਦਵਾਰਾਂ ਵਿਚੋਂ 23 ਅਨਪੜ੍ਹ ਹਨ, ਜਦੋਂਕਿ 184 ਉਮੀਦਵਾਰਾਂ ਨੇ ਆਪਣੀ ਵਿੱਦਿਅਕ ਯੋਗਤਾ 5ਵੀਂ ਤੋਂ 12ਵੀਂ ਐਲਾਨ ਕੀਤੀ ਹੈ। ਸਿਰਫ 109 ਉਮੀਦਵਾਰਾਂ ਨੇ ਹੀ ਆਪਣੀ ਵਿਦਿਅਕ ਯੋਗਤਾ ਗਰੈਜੂਏਸ਼ਨ ਜਾਂ ਇਸ ਤੋਂ ਵੱਧ ਐਲਾਨ ਕੀਤੀ ਹੈ।