Breaking News
Home / ਪੰਜਾਬ / ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਸਾਰੇ ਵਰਗ ਆਪਣਾ ਯੋਗਦਾਨ ਪਾਉਣ : ਰਾਜਨਾਥ ਸਿੰਘ

ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਸਾਰੇ ਵਰਗ ਆਪਣਾ ਯੋਗਦਾਨ ਪਾਉਣ : ਰਾਜਨਾਥ ਸਿੰਘ

ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਕਹੀ ਗੱਲ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਲਈ ਸਰਕਾਰ, ਸਮਾਜ ਦਾ ਹਰ ਵਰਗ ਅਤੇ ਸਮਾਜਿਕ ਜਥੇਬੰਦੀਆਂ ਮਿਲ ਕੇ ਕੰਮ ਕਰਨ। ਉਹ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਸਥਿਤ ਆਸ਼ਰਮ ਵਿੱਚ ਸ੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਹੀ ਮਾਰਗਦਰਸ਼ਕ ਕਰ ਸਕਦੇ ਹਨ ਤੇ ਉਹ ਹੀ ਸਾਰਿਆਂ ਨੂੰ ਸਮਾਜ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਗੁਰੂ ਦੀ ਭੂਮਿਕਾ ਰਾਹ ਦਸੇਰੇ ਵਾਲੀ ਹੁੰਦੀ ਹੈ, ਜੋ ਸਾਨੂੰ ਪਰਮਾਤਮਾ ਵੱਲ ਜਾਣ ਦਾ ਰਸਤਾ ਦੱਸਦੇ ਹਨ। ਉਨ੍ਹਾਂ ਕਿਹਾ ਦੇਸ਼ ਵਿੱਚ ਬਹੁਤ ਸਾਰੇ ਧਰਮ ਹਨ ਤੇ ਸਾਰਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦਾ ਭਵਿੱਖ ਹਨ ਤੇ ਗੁਰੂ ਹੀ ਸਮਾਜ ਨੂੰ ਠੀਕ ਰਾਹ ‘ਤੇ ਲੈ ਕੇ ਜਾ ਸਕਦੇ ਹਨ। ਉਨ੍ਹਾਂ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਲੱਖਾਂ ਸ਼ਰਧਾਲੂਆਂ ਨੂੰ ਆਪਣੇ ਨਾਲ ਜੋੜ ਕੇ ਧਰਮ ਦੀ ਰੱਖਿਆ ਕਰ ਰਹੇ ਹਨ ਤੇ ਸਮਾਜ ਕਲਿਆਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਬੰਦੇ ਦਾ ਭਾਵੇਂ ਕੋਈ ਰੁਤਬਾ ਹੋਵੇ ਪਰ ਹਰ ਕਿਸੇ ਦਾ ਆਪਣਾ ਧਰਮ ਹੁੰਦਾ ਹੈ ਅਤੇ ਸਭ ਨੂੰ ਆਪਣਾ ਧਰਮ ਮੰਨਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਧਰਮ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਭਾਵੇਂ ਸਿਆਸਤ ਹੀ ਕਿਉਂ ਨਾ ਹੋਵੇ। ਸਮਾਗਮ ਦੀ ਸ਼ੁਰੂਆਤ ਸੰਸਥਾਨ ਦੇ ਬ੍ਰਹਮਗਿਆਨੀ ਸਾਧਕ ਵੇਦ ਪਾਠੀਆਂ ਵੱਲੋਂ ਇਕ ਸੁਰ ਵਿਚ ਵੇਦ ਮੰਤਰਾਂ ਦੇ ਉਚਾਰਣ ਨਾਲ ਕੀਤੀ ਗਈ। ਸਾਧਵੀ ਜਯੰਤੀ ਭਾਰਤੀ ਅਤੇ ਸਵਾਮੀ ਯੋਗੇਸ਼ਾਨੰਦ ਨੇ ਸਤਿਸੰਗ ਵਿਚਾਰਾਂ ਵਿੱਚ ਇਸ ਵਿਸ਼ੇਸ਼ ਦਿਵਸ ਦੀ ਮਹਿਮਾ ਦਾ ਵਰਨਣ ਕੀਤਾ। ਰਾਜਨਾਥ ਸਿੰਘ ਨੇ ਅੱਗੇ ਆਖਿਆ ਕਿ ਰੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਹਾਦਰ ਫੌਜੀਆਂ ਰਾਹੀਂ ਦੇਸ਼ ਦੀ ਰੱਖਿਆ ਕਰਨ। ਉਨ੍ਹਾਂ ਆਖਿਆ ਕਿ ਦੇਸ਼ ਅੰਮ੍ਰਿਤ ਕਾਲ ਵਿੱਚ ਦਾਖ਼ਲ ਹੋ ਚੁੱਕਿਆ ਹੈ ਅਤੇ ਆਗਾਮੀ 25 ਸਾਲਾ ਦੌਰਾਨ ਭਾਰਤ ਨੂੰ ਸਾਲ 2047 ਤੱਕ ਵਿਕਸਤ ਦੇਸ਼ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇੱਕ ਵਾਰ ਮਹਾਤਮਾ ਗਾਂਧੀ ਨੇ ਆਖਿਆ ਸੀ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਧਰਮ ਤੇ ਰਾਜਨੀਤੀ ਦਾ ਕੋਈ ਸਬੰਧ ਨਹੀਂ ਹੈ, ਉਹ ਨਹੀਂ ਜਾਣਦੇ ਕਿ ਧਰਮ ਕੀ ਹੁੰਦਾ ਹੈ।
ਉਨ੍ਹਾਂ ਆਖਿਆ ਕਿ ਸਿਆਸਤ ਦਾ ਮਤਲਬ ਸੱਤਾ ਵਿੱਚ ਹੋਣਾ ਨਹੀਂ ਹੁੰਦਾ ਸਗੋਂ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ।

Check Also

ਚਰਨਜੀਤ ਸਿੰਘ ਚੰਨੀ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ  

ਸੰਤ ਸੀਚੇਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਚੰਨੀ ਹਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ …