-0.1 C
Toronto
Thursday, December 25, 2025
spot_img
Homeਪੰਜਾਬਪੰਜਾਬ ਵਿਚ ਗੈਰਕਾਨੂੰਨੀ ਟਰੈਵਲ ਏਜੰਟਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਭਗਵੰਤ ਮਾਨ

ਪੰਜਾਬ ਵਿਚ ਗੈਰਕਾਨੂੰਨੀ ਟਰੈਵਲ ਏਜੰਟਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਭਗਵੰਤ ਮਾਨ

ਕਿਹਾ : ਗੈਰਕਾਨੂੰਨੀ ਟਰੈਵਲ ਏਜੰਟਾਂ ਖਿਲਾਫ ਕਰਾਂਗੇ ਸਖਤ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਬਣਾਏ ਮਨੁੱਖੀ ਤਸਕਰੀ ਵਿਰੋਧੀ ਯੂਨਿਟ (ਏਐੱਚਟੀਯੂ) ਨੂੰ ਹੋਰ ਮਜ਼ਬੂਤ ਬਣਾਉਣ ਲਈ ਚੰਡੀਗੜ੍ਹ ‘ਚ 16 ਹਾਈ-ਟੈਕ ਗੱਡੀਆਂ ਤੇ 56 ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਗੈਰਕਾਨੂੰਨੀ ਟਰੈਵਲ ਏਜੰਟਾਂ ਵੱਲੋਂ ਵੱਡੇ ਪੱਧਰ ‘ਤੇ ਲੋਕਾਂ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਅਤੇ ਮਨੁੱਖੀ ਤਸਕਰੀ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਅਜਿਹੇ ਗੈਰਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਐਲਾਨ ਕੀਤਾ ਕਿ ਗੈਰਕਾਨੂੰਨੀ ਟਰੈਵਲ ਏਜੰਟਾਂ ‘ਤੇ ਨੱਥ ਪਾਉਣ ਲਈ ਇਮੀਗ੍ਰੇਸ਼ਨ ਐਕਟ ਵਿੱਚ ਸੋਧਾਂ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕੈਨੇਡਾ ‘ਚ ਫਸੇ 700 ਦੇ ਕਰੀਬ ਵਿਦਿਆਰਥੀਆਂ ਦੇ ਮਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਟਰੈਵਲ ਏਜੰਟਾਂ ਨੇ ਜਾਅਲੀ ਦਸਤਾਵੇਜ਼ਾਂ ‘ਤੇ ਭੇਜ ਕੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਸੂਬਾ ਸਰਕਾਰ ਲਗਾਤਾਰ ਕੈਨੇਡੀਅਨ ਅੰਬੈਸੀ ਨਾਲ ਸੰਪਰਕ ਕਰ ਰਹੀ ਹੈ।
ਮੁੱਖ ਮੰਤਰੀ ਨੇ ਰਵਾਨਾ ਕੀਤੇ ਹਾਈ-ਟੈੱਕ ਵਾਹਨਾਂ ਬਾਰੇ ਕਿਹਾ ਕਿ ਇਨ੍ਹਾਂ ਵਾਹਨਾਂ ਨਾਲ ਸੂਬੇ ‘ਚ ਔਰਤਾਂ ਤੇ ਬੱਚਿਆਂ ਦੀ ਮਨੁੱਖੀ ਤਸਕਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ‘ਚ ਮਦਦ ਮਿਲੇਗੀ। ਇਹ ਵਾਹਨ ਐਡਵਾਂਸ ਮੋਬਾਈਲ ਨੈੱਟਵਰਕ ਵੀਡੀਓ ਰਿਕਾਰਡਿੰਗ ਸਿਸਟਮ (ਐੱਮਐੱਨਵੀਆਰਐਸ) ਅਧੀਨ ਚਾਰ ਕੈਮਰੇ-ਦੋ ਆਊਟਡੋਰ ਤੇ ਦੋ ਇਨਡੋਰ ਤੇ ਵਹੀਕਲ ਲੋਕੇਸ਼ਨ ਟਰੈਕਿੰਗ ਸਿਸਟਮ (ਵੀਐੱਲਟੀਐੱਸ) ਨਾਲ ਲੈਸ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੜਕਾਂ ‘ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਤੇ ਸੜਕ ਹਾਦਸੇ ਰੋਕਣ ਲਈ ‘ਸੜਕ ਸੁਰੱਖਿਆ ਫੋਰਸ’ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫੋਰਸ ਨਾਲ ਥਾਣਿਆਂ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ‘ਤੇ ਬੋਝ ਵੀ ਘਟੇਗਾ। ਇਸ ਮੌਕੇ ਡੀਜੀਪੀ ਗੌਰਵ ਯਾਦਵ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

RELATED ARTICLES
POPULAR POSTS