ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਬੋਰਡ ਦੇ ਪੇਪਰ ਵਿਚੋਂ ਪੰਜਾਬੀ ਨੂੰ ਹਟਾ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਇਸ ਗੱਲ ਦਾ ਉਦੋਂ ਖੁਲਾਸਾ ਹੋਇਆ ਜਦੋਂ ਲੰਘੇ ਕੱਲ੍ਹ ਪੀਪੀਐਸਸੀ ਦਾ ਪੇਪਰ ਹੋਇਆ। ਇਸ ਪੇਪਰ ਰਾਹੀਂ ਪੀਸੀਐਸ ਅਫ਼ਸਰਾਂ ਦੀ ਚੋਣ ਕੀਤੀ ਜਾਂਦੀ ਹੈ। ਸਿਰਸਾ ਨੇ ਇਸ ਨੂੰ ਲੈ ਕੇ ਜਿੱਥੇ ਮਾਨ ਸਰਕਾਰ ਨੂੰ ਪੰਜਾਬੀ ਨੂੰ ਨਾ ਹਟਾਉਣ ਦੀ ਬੇਨਤੀ ਕੀਤੀ ਉਥੇ ਹੀ ਉਨ੍ਹਾਂ ‘ਆਪ’ ਦੀ ਦਿੱਲੀ ਸਰਕਾਰ ਨੂੰ ਪੰਜਾਬੀ ਅਤੇ ਸਿੱਖਾਂ ਨਾਲ ਭੇਦਭਾਵ ਕਰਨ ਦੇ ਮੁੱਦੇ ’ਤੇ ਘੇਰਿਆ। ਜਦਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੀਪੀਐਸਸੀ ਬੋਰਡ ਦੇ ਪੇਪਰ ਵਿਚੋਂ ਪੰਜਾਬੀ ਨੂੰ ਹਟਾਏ ਜਾਣ ਸਬੰਧੀ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਸਿਰਸਾ ਨੇ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਸਾਡੀ ਸਾਰਿਆਂ ਦੀ ਹੈ, ਇਸ ਨੂੰ ਬੰਦ ਨਾ ਕਰੋ। ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ’ਚ ਪੰਜਾਬੀ ਬੰਦ ਹੋਈ ਹੈ, ਹੌਲੀ-ਹੌਲੀ ਪੰਜਾਬ ਦੇ ਸਕੂਲਾਂ ’ਚ ਪੰਜਾਬੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀਪੀਐਸਸੀ ਦੇ ਪੇਪਰ ਵੀ ਪੰਜਾਬੀ ’ਚ ਹੀ ਲਏ ਜਾਣ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰਾਂ ਦੀਆਂ 78 ਪੋਸਟਾਂ ਲਈ ਪੇਪਰ ਹੋਇਆ ਸੀ। ਇਸ ਵਿਚ ਵੀ ਪੰਜਾਬੀ ਦਾ ਪ੍ਰਸ਼ਨ ਪੱਤਰ ਨਹੀਂ ਦਿੱਤਾ ਗਿਆ ਸੀ।