3.6 C
Toronto
Thursday, November 6, 2025
spot_img
Homeਪੰਜਾਬਕਦੀ ਵਿਕਾਸ 'ਚ ਨੰਬਰ ਵਨ ਪੰਜਾਬ, ਹੁਣ ਡਰੱਗ 'ਚ ਅੱਵਲ : ਹਾਈਕੋਰਟ

ਕਦੀ ਵਿਕਾਸ ‘ਚ ਨੰਬਰ ਵਨ ਪੰਜਾਬ, ਹੁਣ ਡਰੱਗ ‘ਚ ਅੱਵਲ : ਹਾਈਕੋਰਟ

ਮੁੱਖ ਮੰਤਰੀ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਐਨਡੀਪੀਐਸ ਨਾਲ ਜੁੜੇ ਮਾਮਲਿਆਂ ‘ਜ ਤੇਜ਼ੀ ਨਾਲ ਕਾਰਵਾਈ ਕਰੇਗੀ
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਨ ਚੋਣਾਂ ਦੇ ਮਾਮਲਿਆਂ ਵਿਚ ਬਿਆਨ ਦਰਜ ਕਰਵਾਉਣ, ਚਰਚਾ ਨਸ਼ੇ ‘ਤੇ ਛਿੜ ਗਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਸ਼ੇ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਇਹ ਭਰੋਸਾ ਦੇਣਾ ਪਿਆ ਕਿ ਐਨਡੀਪੀਐਸ ਨਾਲ ਜੁੜੇ ਮਾਮਲਿਆਂ ਵਿਚ ਸਰਕਾਰ ਤੇਜ਼ੀ ਨਾਲ ਕਾਰਵਾਈ ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਕਿਸੇ ਹੋਰ ਮਾਮਲੇ ਨੂੰ ਲੈ ਕੇ ਬਿਆਨ ਦਰਜ ਕਰਵਾਉਣ ਪਹੁੰਚੇ ਸਨ, ਪਰ ਚਰਚਾ ਨਸ਼ੇ ‘ਤੇ ਛਿੜ ਗਈ। ਇਸ ਦੌਰਾਨ ਜਸਟਿਸ ਦਯਾ ਚੌਧਰੀ ਨੇ ਕਿਹਾ ਕਿ ਕਦੀ ਪੰਜਾਬ ਵਿਕਾਸ ਦੇ ਮਾਮਲੇ ਵਿਚ ਦੇਸ਼ ‘ਚ ਪਹਿਲੇ ਨੰਬਰ ‘ਤੇ ਸੀ, ਪਰ ਹੁਣ ਡਰੱਗ ਦੇ ਵਧਦੇ ਮਾਮਲਿਆਂ ਦੇ ਕਾਰਨ ਇਹ ਨਸ਼ੇ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਅਦਾਲਤ ਨੂੰ ਯਕੀਨ ਦਿਵਾਇਆ ਕਿ ਸਰਕਾਰ ਐਨਡੀਪੀਐਸ ਨਾਲ ਜੁੜੇ ਸਾਰੇ ਮਾਮਲਿਆਂ ਵਿਚ ਤੇਜ਼ੀ ਨਾਲ ਕਾਰਵਾਈ ਕਰੇਗੀ।
ਕੈਪਟਨ ਇੱਥੇ ਸਾਲ 2002 ਦੀ ਇਕ ਚੋਣ ਅਰਜ਼ੀ ‘ਤੇ ਸੁਣਵਾਈ ਦੌਰਾਨ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਸਨ। ਇਸ ਦੌਰਾਨ ਜਸਟਿਸ ਦਯਾ ਚੌਧਰੀ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਪੰਜਾਬ ਵਿਚ ਫਰਜ਼ੀ ਐਨਡੀਪੀਐਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਸੀਐਫਐਸਐਲ ਦੀ ਰਿਪੋਰਟ ਆਉਣ ਵਿਚ ਹੀ ਦੇਰੀ ਹੁੰਦੀ ਹੈ। ਸਾਫ ਹੈ ਕਿ ਐਨਡੀਪੀਐਸ ਐਕਟ ਦੇ ਮਤਿਆਂ ਨੂੰ ਸਹੀ ਤਰ੍ਹਾਂ ਨਾਲ ਲਾਗੂ ਹੀ ਨਹੀਂ ਕੀਤਾ ਗਿਆ ਹੈ।
ਜਸਟਿਸ ਦਯਾ ਚੌਧਰੀ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਖੁਦ ਹਾਈਕੋਰਟ ਵਿਚ ਆਏ ਹਨ ਤਾਂ ਉਹ ਇਸ ਬਾਰੇ ਵਿਚ ਜਵਾਬ ਦੇਣ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਹਾਈਕੋਰਟ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਮਾਮਲਿਆਂ ਵਿਚ ਬੇਹੱਦ ਗੰਭੀਰ ਹੈ ਅਤੇ ਉਹ ਖੁਦ ਵਿਅਕਤੀਗਤ ਤੌਰ ‘ਤੇ ਇਸਦੀ ਨਿਗਰਾਨੀ ਕਰ ਰਹੇ ਹਨ। ਜਲਦੀ ਹੀ ਇਸ ਮਾਮਲੇ ਵਿਚ ਉਚ ਅਧਿਕਾਰੀਆਂ ਨਾਲ ਬੈਠਕ ਕਰਕੇ ਇਸਦਾ ਹੱਲ ਕੱਢਣਗੇ।
ਇਸ ਤੋਂ ਪਹਿਲਾਂ, ਚੋਣਾਂ ਸਬੰਧੀ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੁੰਦੇ ਹੀ ਜਸਟਿਸ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛਿਆ ਕਿ ਇਹ ਕਦ ਦਾ ਮਾਮਲਾ ਹੈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦਾ ਮਾਮਲਾ ਹੈ। ਇਸ ‘ਤੇ ਜਸਟਿਸ ਚੌਧਰੀ ਨੇ ਪੁੱਛਿਆ ਕਿ ਉਸ ਤੋਂ ਬਾਅਦ ਉਹ ਹੁਣ ਤੱਕ ਕਿੰਨੀਆਂ ਚੋਣਾਂ ਲੜ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ 2002 ਤੋਂ ਬਾਅਦ ਪੰਜ ਵਾਰ ਚੋਣਾਂ ਲੜ ਚੁੱਕੇ ਹਨ ਤਾਂ ਜਸਟਿਸ ਚੌਧਰੀ ਨੇ ਪਟੀਸ਼ਨਰ ਕੋਲੋਂ ਪੁੱਛਿਆ ਕਿ ਜਦ ਇਸ ਚੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜ ਵਾਰ ਚੋਣ ਲੜ ਚੁੱਕੇ ਹਨ ਤਾਂ ਹੁਣ ਇਸ ਅਰਜ਼ੀ ‘ਤੇ ਉਸਦਾ ਕੀ ਕਹਿਣਾ ਹੈ। ਪਰ ਪਟੀਸ਼ਨਕਰਤਾ ਵਲੋਂ ਵਕੀਲ ਪੇਸ਼ ਨਾ ਹੋਣ ਕਰਕੇ ਹਾਈਕੋਰਟ ਨੇ ਇਸ ਅਰਜ਼ੀ ‘ਤੇ ਸੁਣਵਾਈ ਰੋਕ ਦਿੱਤੀ।
ਨਸ਼ਿਆਂ ਦੇ ਸੌਦਾਗਰਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ ਕਿ ਨਸ਼ਿਆਂ ਦੇ ਸੌਦਾਗਰਾਂ ਤੇ ਤਸਕਰਾਂ ਨੂੰ ਪਹਿਲੀ ਦੋਸ਼ ਸਿੱਧੀ ਵਿਚ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਮੌਤ ਦੀ ਸਜ਼ਾ ਦੀ ਸਿਫਾਰਿਸ਼ ਕਰਨ ਦਾ ਫੈਸਲਾ ਕਰ ਚੁੱਕੀ ਹੈ। ਕੈਪਟਨ ਨੇ ਲਿਖਿਆ ਕਿ ਉਹ ਆਪਣੇ ਵਚਨ ‘ਤੇ ਦ੍ਰਿੜ ਹਨ ਕਿ ਪੰਜਾਬ ਵਿਚੋਂ ਇਸ ਬੁਰਾਈ ਨੂੰ ਜੜੋਂ ਪੁੱਟਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ।
ਪੁਲਿਸ ਵਿਭਾਗ ਸਣੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਹੋਵੇਗਾ ਡੋਪ ਟੈਸਟ
ਪਹਿਲੇ ਪੜਾਅ ‘ਚ ਭਰਤੀ ਤੇ ਤਰੱਕੀ ‘ਤੇ ਵੀ ਡੋਪ ਟੈਸਟ ਹੋਵੇਗੀ ਲਾਜ਼ਮੀ
ਮੁੱਖ ਮੰਤਰੀ ਨੇ ਦਿੱਤੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਤੇ ਸਰਕਾਰੀ ਮੁਲਾਜ਼ਮਾਂ ਦੀ ਨਵੀਂ ਭਰਤੀ ਤੇ ਪ੍ਰਮੋਸ਼ਨ ‘ਚ ਡੋਪ ਟੈਸਟ ਨੂੰ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਪੁਰਾਣੇ ਸਰਕਾਰੀ ਮੁਲਾਜ਼ਮਾਂ ਦਾ ਸਲਾਨਾ ਡੋਪ ਟੈਸਟ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਇਸ ਸਬੰਧੀ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਸ਼ਾ ਸਮੱਗਲਰਾਂ ਲਈ ਮੌਤ ਦੀ ਸਜ਼ਾ ਲਈ ਕਾਨੂੰਨ ਵਿਚ ਤਬਦੀਲੀ ਕਰਨ ਦੀ ਮੰਗ ਨੂੰ ਉਠਾਉਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮਾਂ ਦਾ ਸਲਾਨਾ ਡੋਪ ਟੈਸਟ ਕੀਤਾ ਜਾਵੇਗਾ। ਪਹਿਲੇ ਪੜਾਅ ‘ਚ ਇਸ ਨੂੰ ਭਰਤੀ ਤੇ ਪ੍ਰਮੋਸ਼ਨ ‘ਚ ਲਾਗੂ ਕੀਤਾ ਜਾਵੇਗਾ। ਇਹ ਫੈਸਲਾ ਪੁਲਿਸ ਮੁਲਾਜ਼ਮਾਂ ‘ਤੇ ਵੀ ਲਾਗੂ ਹੋਵੇਗਾ। ਅਕਾਲੀ-ਭਾਜਪਾ ਸਰਕਾਰ ਨੇ ਜੂਨ 2016 ‘ਚ ਪੁਲਿਸ ਮੁਲਾਜ਼ਮਾਂ ਦੀ ਭਰਤੀ ਦੌਰਾਨ ਡੋਪ ਟੈਸਟ ਨੂੰ ਲਾਜ਼ਮੀ ਕੀਤਾ ਸੀ। ਇਸ ਦੌਰਾਨ 1.27 ਫੀਸਦੀ ਨੌਜਵਾਨਾਂ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ।
ਕਾਂਗਰਸ ਸਰਕਾਰ ਨੇ ਹੁਣ ਇਸ ਨੂੰ ਪੁਲਿਸ ਮੁਲਾਜ਼ਮਾਂ ਸਮੇਤ ਸਾਰੇ ਸਰਕਾਰੀ ਮੁਲਾਜ਼ਮਾਂ ‘ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਉਧਰ ਕੈਪਟਨ ਨੇ ਇਹ ਨਿਰਦੇਸ਼ ਦਿੱਤੇ ਹਨ ਕਿ ਨਵੀਂ ਭਰਤੀ ਜਾਂ ਤਰੱਕੀ ਤੋਂ ਇਲਾਵਾ ਇਸ ਨੂੰ ਸਾਰੇ ਮੁਲਾਜ਼ਮਾਂ ‘ਤੇ ਵੀ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨੇ ਇਹ ਫੈਸਲਾ ਪਿਛਲੇ ਇਕ ਮਹੀਨੇ ਤੋਂ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਉਸ ਕਾਰਨ ਲੋਕਾਂ ਵਿਚ ਵਧ ਰਹੇ ਗੁੱਸੇ ਦੇ ਮੱਦੇਨਜ਼ਰ ਲਿਆ ਹੈ।
ਅਹਿਮ ਪਹਿਲੂ ਇਹ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਅਕਸਰ ਹੀ ਦੋਸ਼ ਲੱਗਦੇ ਰਹਿੰਦੇ ਹਨ, ਜਿਸ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਡੋਪ ਟੈਸਟ ‘ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਡੋਪ ਟੈਸਟ ਲਾਜ਼ਮੀ ਨਹੀਂ ਸੀ।
ਅਕਾਲੀ ਸਰਕਾਰ ਨੇ ਕੇਵਲ ਪੁਲਿਸ ਮੁਲਾਜ਼ਮਾਂ ਦੀ ਭਰਤੀ ਵੇਲੇ ਹੀ ਇਸਦੀ ਵਰਤੋਂ ਕੀਤੀ ਸੀ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਰੈਗੂਲਰ ਫੀਚਰ ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾ ਦਿੱਤਾ ਹੈ।
ਸਰਕਾਰ ਕੁਦਰਤੀ ਨਸ਼ਿਆਂ ਤੋਂ ਪਾਬੰਦੀ ਹਟਾਏ : ਡਾ. ਗਾਂਧੀ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਮਤਾ ਪਾਸ ਕਰਨ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਮੌਤ ਦੀ ਸਜ਼ਾ ਨਸ਼ਾ ਤਸਕਰਾਂ ‘ਤੇ ਕਾਬੂ ਪਾਉਣ ਦਾ ਕੋਈ ਹੱਲ ਨਹੀਂ ਹੈ। ਡਾ. ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਕਾਨੂੰਨ ਪਾਸ ਕਰਵਾਉਣ ਦੀ ਬਜਾਏ ਅਫੀਮ, ਭੁੱਕੀ ਵਰਗੇ ਕੁਦਰਤੀ ਨਸ਼ਿਆਂ ਤੋਂ ਪਾਬੰਦੀ ਹਟਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਨੂੰ ਜ਼ਹਿਰੀਲੇ ਨਸ਼ਿਆਂ ਤੋਂ ਬਚਾਇਆ ਜਾ ਸਕੇ।ઠਨਸ਼ੇ ਖਿਲਾਫ ਕੈਪਟਨ ਵਲੋਂ ਪਾਸ ਗਏ ਮਤੇ ਦੀ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਕਈ ਆਗੂਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਨਸ਼ੇ ਦੇ ਜਾਲ ‘ਚ ਫਸੇ ਕਿਸਾਨ ਤੋਂ ਲੈ ਕੇ ਐਨ ਆਰ ਆਈ ਤੱਕ
ਜਲੰਧਰ : ਹਰੀ ਕ੍ਰਾਂਤੀ ਨਾਲ ਲਹਿਰਾਉਂਦੇ ਪੰਜਾਬ ਵਿਚ ਨਸ਼ਾ ਆਮ ਗੱਲ ਹੋ ਚੁੱਕੀ ਹੈ। ਸੂਬੇ ਦੇ ਨੌਜਵਾਨ ਅਫੀਮ, ਹੈਰੋਇਨ ਅਤੇ ਕੋਕੀਨ, ਨਸ਼ੀਲੇ ਟੀਕਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਨਸ਼ੇ ਲਈ ਪੰਜਾਬ ਪੂਰਾ ਨਿਸ਼ਾਨਾ ਬਣ ਚੁੱਕਾ ਹੈ, ਜਿੱਥੇ ਕਿਸਾਨਾਂ, ਰਾਜਨੀਤਕਾਂ, ਵਰਦੀਧਾਰੀਆਂ ਤੋਂ ਲੈ ਕੇ ਬੀਐਸਐਫ ਦੇ ਜਵਾਨਾਂ ਤੋਂ ਇਲਾਵਾ ਐਨਆਰਆਈਜ਼ ਨੇ ਨਸ਼ਾ ਫੈਲਾਉਣ ਵਿਚ ਪੂਰਾ ਰੋਲ ਅਦਾ ਕੀਤਾ ਹੈ। ਪਿਛਲੇ ਇਕ ਦਹਾਕੇ ਵਿਚ ਸਾਰੇ ਸੈਕਟਰ ਦੇ ਲੋਕਾਂ ਨੇ ਨਸ਼ਿਆਂ ਦੀ ਖੇਡ ਵਿਚ ਵਾਰੇ ਨਿਆਰੇ ਕੀਤੇ ਹਨ ਅਤੇ ਇਸ ਵਿਚ ਕਈ ਰਾਜਨੀਤਕ ਅਧਿਕਾਰੀ ਵੀ ਜੇਲ੍ਹ ਵੀ ਹਵਾ ਖਾ ਚੁੱਕੇ ਹਨ।
ਪੁਲਿਸ : ਆਈਜੀ ਪਰਮਰਾਜ ਸਿੰਘ ਉਮਰਾਨੰਗਲ ਰਾਜਾ ਕੰਦੋਲਾ ਡਰੱਗ ਰੈਕੇਟ ਵਿਚ ਈਡੀ ਦੀ ਜਾਂਚ ਦਾ ਸਾਹਮਣਾ ਰਹੇ ਹਨ। ਐਸਐਸਪੀ ਮੋਗਾ ਰਾਜਜੀਤ ਸਿੰਘ ਇੰਦਰਜੀਤ ਸਿੰਘ ਡਰੱਗ ਰੈਕੇਟ ਵਿਚ ਕੇਸ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਪੁਲਿਸ ਦਾ ਇੰਸਪੈਕਟਰ ਇੰਦਰਜੀਤ ਸਿੰਘ ਹੈਰੋਇਨ ਸਮੇਤ ਗ੍ਰਿਫਤਾਰ ਹੋਇਆ ਤੇ ਜੇਲ੍ਹ ਵਿਚ ਬੰਦ ਹੈ। ਪੰਜਾਬ ਦੇ ਡੀਜੀਪੀ ਪੱਧਰ ਦੇ ਅਧਿਕਾਰੀਆਂ ‘ਤੇ ਵੀ ਡਰੱਗ ਰੈਕੇਟ ਵਿਚ ਸ਼ਾਮਲ ਹੋਣ ਦੇ ਆਰੋਪ ਹਨ ਅਤੇ ਇਸ ਨੂੰ ਲੈ ਕੇ ਪੰਜਾਬ ਵਿਚ ਡੀਜੀਪੀ ਪੱਧਰ ਦੇ ਅਧਿਕਾਰੀ ਆਹਮਣੇ ਸਾਹਮਣੇ ਹਨ। ਡੀਐਸਪੀ ਦਲਜੀਤ ਸਿੰਘ ਢਿੱਲੋਂ ਅਤੇ ਐਸਐਚਓ ਬਲਬੀਰ ਸਿੰਘ ‘ਤੇ ਵੀ ਲੜਕੀਆਂ ਨੂੰ ਨਸ਼ਾ ਦੇਣ ਦੇ ਆਰੋਪ ਲੱਗੇ ਹਨ।
ਕਿਸਾਨ : ਦੇਸ਼ ਦੀ ਜਨਤਾ ਦਾ ਪੇਟ ਪਾਲਣ ਵਾਲੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਵੀ ਤਸਕਰਾਂ ਦੇ ਲਾਲਚ ਵਿਚ ਫਸ ਚੁੱਕੇ ਹਨ। ਤਸਕਰ ਉਨ੍ਹਾਂ ਕਿਸਾਨਾਂ ‘ਤੇ ਲਾਲਚ ਦਾ ਜਾਲ ਸੁੱਟਦੇ ਹਨ, ਜਿਨ੍ਹਾਂ ਦੇ ਖੇਤ ਕੰਡਿਆਲੀ ਤਾਰ ਦੇ ਦੂਜੇ ਪਾਸੇ ਹਨ ਅਤੇ ਉਨ੍ਹਾਂ ਨੂੰ ਪੈਸਿਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪੰਜਾਬ ਦੇ ਸਰਹੱਦੀ ਖੇਤਰਾਂ ਦੇ ਅੰਤਰਗਤ 212 ਪਿੰਡਾਂ ਵਿਚ ਰਹਿਣ ਵਾਲੇ ਲਗਭਗ 6000 ਪਰਿਵਾਰਾਂ ਦੇ ਖੇਤ ਕੰਡਿਆਲੀ ਤਾਰ ਤੋਂ ਦੂਜੇ ਪਾਸੇ ਹਨ। ਜੇਕਰ ਜ਼ਮੀਨ ਦੀ ਪੈਮਾਇਸ਼ ਕੀਤੀ ਜਾਵੇ ਤਾਂ ਇਹ ਤਕਰੀਬਨ 24 ਹਜ਼ਾਰ ਏਕੜ ਬਣਦੀ ਹੈ। ਕਿਸਾਨਾਂ ਦੀ ਵਰਤੋਂ ਇਕ ਕੋਰੀਅਰ ਵਾਲੇ ਦੇ ਰੂਪ ਵਿਚ ਹੁੰਦੀ ਹੈ, ਜੋ 400 ਤੋਂ 500 ਮੀਟਰ ਦੇ ਕੰਡਿਆਲੀ ਤਾਰ ਵਾਲੇ ਖੇਤਰ ਨੂੰ ਪਾਰ ਕਰਕੇ ਡਰੱਗ ਨੂੰ ਸੂਚਨਾ ਵਾਲੇ ਸਥਾਨ ਤੱਥ ਪਹੁੰਚਾ ਦਿੰਦੇ ਹਨ। ਕਿਸਾਨਾਂ ਨੂੰ ਇਕ ਕਿੱਲੋ ਦੇ ਪੈਕੇਟ ਦੇ ਬਦਲੇ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਦਿੱਤੇ ਜਾਂਦੇ ਹਨ। ਪਹਿਲਾਂ ਕੁਝ ਕਿਸਾਨ ਵੱਡੇ ਪੈਕਟਾਂ ਨੂੰ ਖੇਤੀ ਦੇ ਔਜਾਰਾਂ ਵਿਚ ਲੁਕੋ ਕੇ ਲਿਆਉਂਦੇ ਸਨ, ਪਰ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵਲੋਂ ਕੀਤੇ ਗਏ ਅਪਰੇਸ਼ਨਾਂ ਤੋਂ ਬਾਅਦ ਅਜਿਹੇ ਮਾਮਲੇ ਘੱਟ ਹੋਏ ਹਨ। ਬੀਐਸਐਫ ਦੇ ਇੰਟੈਲੀਜੈਂਸ ਸੂਤਰਾਂ ਦੇ ਮੁਤਾਬਕ, ਹੁਣ ਅਜਿਹੀ ਸੂਚਨਾ ਹੈ ਕਿ ਡਰੱਗ ਦਾ ਧੰਦਾ ਛੋਟੀ ਮਾਤਰਾ ਵਿਚ ਕੀਤਾ ਜਾ ਰਿਹਾ ਹੈ।
ਬੀਐਸਐਫ : ਪੰਜਾਬ ਨਾਲ ਪਾਕਿਸਤਾਨ ਦੀ 553 ਕਿਲੋਮੀਟਰ ਸੀਮਾ ਲੱਗਦੀ ਹੈ। ਇਥੋਂ ਤਸਕਰ ਅਸਾਨੀ ਨਾਲ ਹੈਰੋਇਨ ਪੰਜਾਬ ਦੇ ਜ਼ਰੀਏ ਅੱਗੇ ਕੈਨੇਡਾ ਅਤੇ ਅਮਰੀਕਾ ਤੱਕ ਪਹੁੰਚਾਉਂਦੇ ਹਨ। ਇਸ ਵਿਚ ਸਰਹੱਦਾਂ ਦੀ ਸੁਰੱਖਿਆ ਕਰਨ ਵਾਲੇ ਜਵਾਨ ਵੀ ਆਪਣੇ ਹੱਥ ਰੰਗ ਰਹੇ ਹਨ। 9 ਜਨਵਰੀ 2016 ਨੂੰ ਮੋਹਾਲੀ ਪੁਲਿਸ ਨੇ ਬੀਐਸਐਫ ਦੇ ਜਵਾਨ ਅਨਿਲ ਕੁਮਾਰ ਨੂੰ ਗ੍ਰਿਫਤਾਰ ਕੀਤਾ, ਜਿਸਦੇ ਤਸਕਰ ਗੁਰਜੰਟ ਸਿੰਘ ਨਾਲ ਗੂੜ੍ਹੇ ਸਬੰਧ ਸਨ ਅਤੇ ਉਹ ਸਰਹੱਦ ‘ਤੇ ਤਸਕਰਾਂ ਦੀ ਮੱਦਦ ਕਰਦਾ ਸੀ। ਬੀਐਸਐਫ ਦਾ ਗੁਰਦੇਵ ਸਿੰਘ 2013 ਵਿਚ 110 ਕਰੋੜ ਦੀ ਹੈਰੋਇਨ ਸਮੇਤ ਫਾਜ਼ਿਲਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬੀਐਸਐਫ ਦੇ ਜਵਾਨ ਹਰਪ੍ਰਤਾਪ ਸਿੰਘ ਨੇ ਤਾਂ 1.14 ਕਰੋੜ ਦੀ ਰਾਸ਼ੀ ਵੀ ਬਾਰਡਰ ਤੋਂ ਹੈਰੋਇਨ ਦੀ ਖੇਪ ਪਾਰ ਕਰਵਾਉਣ ਲਈ ਜੇਬ ਵਿਚ ਪਾ ਲਈ ਸੀ। ਕੁਝ ਸਮਾਂ ਪਹਿਲਾਂ ਮੁਹਾਲੀ ਪੁਲਿਸ ਨੇ ਪ੍ਰੇਮ ਸਿੰਘ ਨਾਂ ਦੇ ਬੀਐਸਐਫ ਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਸਰਹੱਦ ਤੋਂ 150 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਪਾਰ ਕਰਵਾਉਣ ਵਿਚ ਤਸਕਰਾਂ ਦੀ ਮੱਦਦ ਕੀਤੀ ਸੀ। ਪਿਛਲੇ ਸਾਲਾਂ ਵਿਚ 60 ਤੋਂ ਜ਼ਿਆਦਾ ਬੀਐਸਐਫ ਦੇ ਜਵਾਨ ਅਤੇ ਅਧਿਕਾਰੀ ਹੈਰੋਇਨ ਦੇ ਕਾਰੋਬਾਰ ਵਿਚ ਸ਼ਾਮਲ ਪਾਏ ਗਏ ਹਨ ਅਤੇ ਇਨ੍ਹਾਂ ਦੀ ਭੂਮਿਕਾ ਪੰਜਾਬ ਵਿਚ ਤਸਕਰੀ ਨੂੰ ਲੈ ਕੇ ਕਾਫੀ ਅਹਿਮ ਰਹੀ ਹੈ।
ਗੁਆਂਢੀ ਸੂਬੇ : ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਭੁੱਕੀ ਅਤੇ ਅਫੀਮ ਦੀ ਤਸਕਰੀ ਪੰਜਾਬ ਵਿਚ ਧੜੱਲੇ ਨਾਲ ਹੋ ਰਹੀ ਹੈ। ਪੰਜਾਬ ਵਿਚ ਪਿਆਜ਼ ਅਤੇ ਹੋਰ ਸਮਾਨ ਦੀ ਆੜ ਵਿਚ ਬੋਰੀਆਂ ਭਰ ਕੇ ਭੁੱਕੀ ਪੰਜਾਬ ਲਿਆਂਦੀ ਜਾ ਰਹੀ ਹੈ। ਉਥੇ ਲਾਇਸੈਂਸ ਜ਼ਰੀਏ ਅਫੀਮ ਅਤੇ ਭੁੱਕੀ ਦੀ ਖੇਤੀ ਕੀਤੀ ਜਾਂਦੀ ਹੈ। ਜਿਸ ਨੂੂੰ ਮਿਲੀਭੁਗਤ ਨਾਲ ਪੰਜਾਬ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ 10 ਟਾਇਰੀ ਟਰੱਕ ਵਿਚ ਪਿਆਜ ਦੇ ਹੇਠਾਂ ਲੁਕੋ ਕੇ 19 ਕੁਇੰਟਲ ਚੂਰਾ ਪੋਸਤ ਲਿਜਾ ਰਹੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ।
ਵਿਦੇਸ਼ੀ ਵਿਦਿਆਰਥੀ : ਪੰਜਾਬ ਵਿਚ ਇਨ੍ਹਾਂ ਦਿਨ ਵਿਚ ਸਭ ਤੋਂ ਜ਼ਿਆਦਾ ਹਮਲਾ ਨਾਈਜ਼ੀਰੀਅਨ ਵਿਦਿਆਰਥੀਆਂ ਦਾ ਹੋ ਰਿਹਾ ਹੈ। ਜੋ ਖੁੱਲ੍ਹੇਆਮ ਦਿੱਲੀ ਅਤੇ ਹੋਰ ਸੂਬਿਆਂ ਵਿਚੋਂ ਨਸ਼ਾ ਲਿਆ ਕੇ ਪੰਜਾਬ ‘ਚ ਵੇਚ ਰਹੇ ਹਨ। ਨਾਗਰਿਕ ਟੂਰਿਸਟ ਵੀਜ਼ਾ ‘ਤੇ ਭਾਰਤ ਆਏ ਹੋਏ ਹਨ ਅਤੇ ਮੋਟੀ ਕਮਾਈ ਦੇ ਚੱਕਰ ਵਿਚ ਤਸਕਰੀ ਦਾ ਕਾਰੋਬਾਰ ਕਰਨ ਵਿਚ ਲੱਗੇ ਹੋਏ ਹਨ। ਜਲੰਧਰ ਕਾਊਂਟਰ ਇੰਟੈਲੀਜੈਂਸੀ ਅਤੇ ਜਗਰਾਵਾਂ ਪੁਲਿਸ ਨੇ ਰੋਸਟੀ ਨਾਮਕ ਯੂਗਾਂਡਾ ਦੀ ਇਕ ਮਹਿਲਾ ਨੂੰ ਡੇਢ ਕਿੱਲੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਮਹਿਲਾ ਕੋਰੀਅਰ ਦੀ ਆੜ ਵਿਚ ਮੱਛੀਆਂ ਨੂੰ ਫਾੜ ਕੇ ਉਸ ਵਿਚ 500 ਮਿਲੀਗ੍ਰਾਮ ਹੈਰੋਇਨ ਦੇ ਕੈਪਸੂਲ ਲੁਕਾ ਕੇ ਸਪਲਾਈ ਕਰਨ ਆਈ ਸੀ।
ਐਨ ਆਰ ਆਈ : ਪਿਛਲੇ ਪੰਜ ਸਾਲਾਂ ਵਿਚ ਵੈਨਵੂਕਰ ਅਤੇ ਟੋਰਾਂਟੋ ਵਿਚ ਸਰਗਰਮ ਪੰਜਾਬੀ ਗੈਂਗਾਂ ਵਿਚ ਹੋਈ ਖੂਨੀ ਜੰਗ ਵਿਚ 125 ਪੰਜਾਬੀ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਇਸ ਗੈਂਗਵਾਰ ਵਿਚ ਕੈਨੇਡਾ ਦੀ ਸਰਕਾਰ ਵੀ ਪ੍ਰੇਸ਼ਾਨ ਹੈ। ਕੁਝ ਸਾਲ ਪਹਿਲਾਂ ਕੈਨੇਡਾ ਦੀ ਪੁਲਿਸ ਨੇ ਪੰਜਾਬ ਪੁਲਿਸ ਕੋਲੋਂ ਇਸ ਮਾਮਲੇ ਨੂੰ ਲੈ ਕੇ ਸਹਿਯੋਗ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਦੋਆਬਾ ਅਤੇ ਮਾਲਵ ਖੇਤਰ ਨਾਲ ਸਬੰਧਤ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੈਂਗਵਾਰ ਵਿਚ ਆਪਣੇ ਰਿਸ਼ਤੇਦਾਰਾਂ ਦੀ ਜਾਨ ਗਵਾਉਣ ਦੇ ਬਾਵਜੂਦ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਵਾਰ ਮੋਟੀ ਕਮਾਈ ਵਾਲੇ ਇਸ ਕਾਰੋਬਾਰ ਵਿਚ ਲੱਗੇ ਹੋਏ ਹਨ। ਕੈਨੇਡਾ ਅਤੇ ਅਮਰੀਕਾ ਵਿਚ ਪਿਛਲੇ ਕੁਝ ਸਮੇਂ ਦੌਰਾਨ ਹੈਰੋਇਨ ਦੀ ਖਪਤ ਕਾਫੀ ਵਧੀ ਹੈ। ਕੈਨੇਡਾ ਅਤੇ ਅਮਰੀਕਾ ਸਰਹੱਦ ‘ਤੇ ਸਥਿਤ ਹੈ। ਇਸਦਾ ਲਾਭ ਉਠਾਉਂਦੇ ਹੋਏ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਹੈ। ਪੰਜਾਬੀ ਮੂਲ ਦੇ ਕੁਝ ਲੋਕ ਕੈਨੇਡਾ ਵਿਚ ਡਰੱਗ ਤਸਕਰੀ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ ਅਤੇ ਉਹ ਪੰਜਾਬ ਤੋਂ ਹੀ ਹੈਰੋਇਨ ਨੂੰ ਮੰਗਵਾ ਰਹੇ ਹਨ। ਇਹ ਹੈਰੋਇਨ ਕਦੀ ਭਾਂਡਿਆਂ ਵਿਚ, ਕਦੀ ਲੇਡੀਜ਼ ਸੂਟਾਂ ਵਿਚ ਤੇ ਕਦੀ ਬੂਟਾਂ ਵਿਚ ਪਾ ਕੇ ਕੈਨੇਡਾ ਪਹੁੰਚਾਈ ਜਾ ਰਹੀ ਹੈ। ਜਲੰਧਰ ਵਿਚ ਫੜਿਆ ਗਿਆ ਰਾਜਾ ਕੰਦੋਲਾ ਯੂਕੇ ਦਾ ਨਾਗਰਿਕ ਸੀ। ਉਹ 200 ਕਰੋੜ ਦੇ ਡਰੱਗ ਰੈਕੇਟ ਦਾ ਸਰਗਨਾ ਸੀ। ਭੋਲਾ ਦੇ 6 ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਸੂਤਰਧਾਰ ਕੈਨੇਡਾ ਦਾ ਰਹਿਣ ਵਾਲਾ ਸੱਤਾ ਸੀ। ਇਸ ਤੋਂ ਇਲਾਵਾ ਮਸ਼ਹੂਰ ਗਾਇਕ ਕੇ ਐਸ ਮੱਖਣ ਵੀ ਡਰੱਗ ਮਾਮਲੇ ਵਿਚ ਕੇਸ ਦਾ ਸਾਹਮਣਾ ਕਰ ਚੁੱਕਾ ਹੈ। ਕੇਂਦਰ ਸਰਕਾਰ ਕੈਨੇਡਾ ਪ੍ਰਸ਼ਾਸਨ ਜ਼ਰੀਏ ਰਣਜੀਤ ਸਿੰਘ ਔਜਲਾ, ਗੁਰਸੇਵ ਸਿੰਘ ਢਿੱਲੋਂ, ਨਿਰੰਕਾਰ ਸਿੰਘ ਢਿੱਲੋਂ, ਸਰਬਜੀਤ ਸਿੰਘ, ਲਹਿੰਬਰ ਸਿੰਘ, ਅਮਰਜੀਤ ਸਿੰਘ, ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦ ਸਿੰਘ ਛੀਨਾ, ਪਰਮਿੰਦਰ ਸਿੰਘ ਅਤੇ ਰਣਜੀਤ ਕੌਰ ਕਾਹਲੋਂ ਨੂੰ ਭਾਰਤ ਲਿਆਉਣ ਲਈ ਯਤਨਸ਼ੀਲ ਹੈ।

RELATED ARTICLES
POPULAR POSTS