Breaking News
Home / ਪੰਜਾਬ / ਵਿਰਾਸਤੀ ਮਾਰਗ ਦੇ ਬੁੱਤ ਢਾਹੁਣ ਵਾਲੇ ਅੱਠ ਸਿੱਖ ਨੌਜਵਾਨ ਜ਼ਮਾਨਤ ‘ਤੇ ਕੀਤੇ ਰਿਹਾਅ

ਵਿਰਾਸਤੀ ਮਾਰਗ ਦੇ ਬੁੱਤ ਢਾਹੁਣ ਵਾਲੇ ਅੱਠ ਸਿੱਖ ਨੌਜਵਾਨ ਜ਼ਮਾਨਤ ‘ਤੇ ਕੀਤੇ ਰਿਹਾਅ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲੱਗੇ ਬੁੱਤਾਂ ਨੂੰ ਢਾਹੁਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 8 ਸਿੱਖ ਨੌਜਵਾਨਾਂ ਨੂੰ ਸੋਮਵਾਰ ਸ਼ਾਮ ਕੇਂਦਰੀ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਮਗਰੋਂ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਜ਼ਮਾਨਤ ‘ਤੇ ਰਿਹਾਅ ਕੀਤੇ ਗਏ ਇਨ੍ਹਾਂ ਸਿੱਖ ਨੌਜਵਾਨਾਂ ਵਿਚ ਮਨਿੰਦਰ ਸਿੰਘ, ਰਾਜਵੀਰ ਸਿੰਘ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਰਵਿੰਦਰ ਸਿੰਘ ਤੇ ਗੁਰਸੇਵਕ ਸਿੰਘ ਸ਼ਾਮਲ ਹਨ। ਜਦੋਂਕਿ ਇਨ੍ਹਾਂ ਵਿੱਚ ਸ਼ਾਮਲ 16 ਸਾਲਾ ਮੁੰਡਾ ਹਰਕੁੰਵਰ ਸਿੰਘ ਦੀ ਪਹਿਲਾਂ ਹੀ ਜ਼ਮਾਨਤ ‘ਤੇ ਰਿਹਾਈ ਹੋ ਗਈ ਸੀ। ਇਨ੍ਹਾਂ ਖਿਲਾਫ ਪੁਲਿਸ ਥਾਣਾ ਈ-ਡਿਵੀਜ਼ਨ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ‘ਤੇ ਧਾਰਾ 307 ਰੱਦ ਕਰ ਦਿੱਤੀ ਗਈ ਹੈ ਜਿਸ ਨਾਲ ਇਨ੍ਹਾਂ ਦੀ ਜ਼ਮਾਨਤ ‘ਤੇ ਰਿਹਾਈ ਸੰਭਵ ਹੋ ਸਕੀ ਹੈ। ਮੁੱਖ ਮੰਤਰੀ ਦੇ ਆਦੇਸ਼ ‘ਤੇ ਵਿਰਾਸਤੀ ਮਾਰਗ ਵਿਚੋਂ ਭੰਗੜਾ ਤੇ ਗਿੱਧਾ ਪਾਉਂਦੇ ਇਹ ਬੁੱਤ ਵੀ ਹਟਾ ਦਿੱਤੇ ਗਏ ਹਨ। ਜਦੋਂ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਤਾਂ ਸਿੱਖ ਜਥੇਬੰਦੀਆਂ ਦੇ ਕਾਰਕੁਨ ਇਨ੍ਹਾਂ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ। ਜਿਨ੍ਹਾਂ ਨੇ ਜੈਕਾਰੇ ਲਾ ਕੇ ਤੇ ਇਨ੍ਹਾਂ ਦਾ ਹਾਰ ਪਾ ਕੇ ਸਵਾਗਤ ਵੀ ਕੀਤਾ।

Check Also

ਪੰਜਾਬੀ ਕਵੀ ਮੋਹਨਜੀਤ ਦਾ ਹੋਇਆ ਦੇਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਦੇ ਨਾਮਵਰ ਕਵੀ ਡਾ. ਮੋਹਨਜੀਤ ਅੱਜ ਸਵੇਰੇ ਕਰੀਬ ਪੌਣੇ 6 …