ਚੋਣਾਵੀ ਐਫੀਡੇਵਿਟ ’ਚ ਪਤਨੀ ਦੇ ਨਾਂ 500 ਗਜ਼ ਦੇ ਪਲਾਟ ਦਾ ਨਹੀਂ ਕੀਤਾ ਸੀ ਜ਼ਿਕਰ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਏ ਹਨ। ਉਨ੍ਹਾਂ ਪਤਨੀ ਦੇ ਨਾਂ ’ਤੇ 500 ਗਜ਼ ਦੇ ਪਲਾਟ ਦਾ ਚੋਣਾਵੀ ਐਫੀਡੇਵਿਟ ਕਿਤੇ ਵੀ ਜ਼ਿਕਰ ਨਹੀਂ ਕੀਤਾ ਸੀ ਅਤੇ ਇਹ ਜਾਣਕਾਰੀ ਉਨ੍ਹਾਂ ਚੋਣ ਕਮਿਸ਼ਨ ਕੋਲੋਂ ਛੁਪਾ ਲਈ ਸੀ। ਵਿਜੀਲੈਂਸ ਦੀ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਮਾਮਲਾ ਹੁਣ ਚੋਣ ਕਮਿਸ਼ਨ ਤੱਕ ਪਹੁੰਚ ਗਿਆ ਹੈ। ਧਿਆਨ ਰਹੇ ਕਿ ਸਾਧੂ ਸਿੰਘ ਧਰਮਸੋਤ ਨੇ ਨਾਭਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ ਪ੍ਰੰਤੂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਚੋਣ ਹਾਰ ਗਏ ਸਨ। ਨਾਮਜ਼ਦਗੀ ਪੱਤਰ ਦੇ ਨਾਲ-ਨਾਲ ਉਮੀਦਵਾਰ ਵੱਲੋਂ ਆਪਣੀ ਸਮੁੱਚੀ ਸੰਪਤੀ ਦੀ ਜਾਣਕਾਰੀ ਦੇਣੀ ਵੀ ਲਾਜ਼ਮੀ ਹੁੰਦੀ ਹੈ ਪ੍ਰੰਤੂ ਸਾਧੂ ਸਿੰਘ ਧਰਮਸੋਤ ਨੇ ਅਜਿਹਾ ਨਹੀਂ ਕੀਤਾ। ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਕਾਰਵਾਈ ਦੇ ਲਈ ਪੂਰਾ ਮਾਮਲਾ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਹੈ। ਧਿਆਨ ਰਹੇ ਕਿ ਜੰਗਲਾਤ ਵਿਭਾਗ ’ਚ ਹੋਏ ਘੋਟਾਲੇ ਦੇ ਆਰੋਪ ਵਿਚ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਨਾਭਾ ਜੇਲ੍ਹ ਵਿਚ ਬੰਦ ਹਨ।