ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਖੁਲਾਸਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਨਾਲਡ ਰੀਗਨ ਸੇਂਟਰ ’ਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਥੇ ਮੈਨੂੰ ਹਿੰਦੋਸਤਾਨ ਦੇ ਹਰ ਕੋਨੇ ਦੇ ਲੋਕ ਨਜ਼ਰ ਆ ਰਹੇ ਹਨ ਅਤੇ ਮੈਨੂੰ ਅਜਿਹਾ ਲੱਗ ਰਿਹਾ ਹੈ ਜਿਵੇਂ ਇਥੇ ਮਿੰਨੀ ਇੰਡੀਆ ਉਮੜਿਆ ਹੋਵੇ। ਮੈਂ ਅਮਰੀਕਾ ’ਚ ਇਕ ਭਾਰਤ, ਸ਼ੇ੍ਰਸ਼ਠ ਭਾਰਤ ਦੀ ਸੁੰਦਰ ਤਸਵੀਰ ਦਿਖਾਉਣ ਦੇ ਲਈ ਤੁਹਾਨੂੰ ਸਾਰਿਆਂ ਵਧਾਈ ਦਿੰਦਾ ਹਾਂ। ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਪੁਰਸਕਾਰ ਜੇਤੂ ਇੰਟਰਨੈਸ਼ਨਲ ਸਿੰਗਰ ਮੈਰੀ ਮਿਲਬੇਨ ਨੇ ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਣ ਮਨ’ ਗਾਇਆ। ਇਸ ਤੋਂ ਬਾਅਦ ਮਿਲਬੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰ ਛੂਹੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਹੁਣ ਅਮਰੀਕਾ ’ਚ ਹੀ ਐਚ-1 ਬੀ ਵੀਜ਼ਾ ਰੀਨਿਊ ਹੋ ਜਾਵੇਗਾ ਅਤੇ ਵੀਜ਼ਾ ਰੀਨਿਊ ਕਰਵਾਉਣ ਦੇ ਲਈ ਤੁਹਾਨੂੰ ਬਾਹਰ ਨਹੀਂ ਜਾਣਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਭੋਜਨ ਤੋਂ ਬਾਅਦ ਸਵੀਟ ਡਿਸ਼ ਮਿਲਦੀ ਹੈ, ਉਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਬਾਤ ਕਰਨਾ ਮਿੱਠੀ ਡਿਸ਼ ਦੇ ਬਰਾਬਰ ਹੈ ਜਿਸ ਨੂੰ ਖਾ ਕੇ ਮੈਂ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਘੇ 3 ਦਿਨਾਂ ’ਚ ਮੈਂ ਜੋ ਬਾਈਡਨ ਨਾਲ ਕਈ ਮੁੱਦਿੱਆਂ ’ਤੇ ਚਰਚਾ ਕੀਤੀ ਅਤੇ ਮੈਂ ਮਹਿਸੂਸ ਕੀਤਾ ਕਿ ਬਾਈਡਨ ਇਕ ਸੁਲਝੇ ਅਤੇ ਅਨੁਭਵੀ ਆਗੂ ਹਨ।