Breaking News
Home / ਰੈਗੂਲਰ ਕਾਲਮ / ਮੇਰੀ ਡਾਇਰੀ ਦਾ ਪੰਨਾ-6

ਮੇਰੀ ਡਾਇਰੀ ਦਾ ਪੰਨਾ-6

ਬੋਲ ਬਾਵਾ ਬੋਲ
ਯਾਦਾਂ ਛੱਡ ਗਿਐ ਰਾਮਪੁਰੀ
ਨਿੰਦਰ ਘੁਗਿਆਣਵੀ
94174-21700
9 ਅਕਤੂਬਰ ਦੀ ਸਵੇਰ ਸੱਤ ਵਜੇ। ਮੋਹਨ ਗਿੱਲ ਦੀ ਵਟਸ ਐਪ ਨੇ ਸੋਗੀ ਸੁਨੇਹਾ ਦਿੱਤੈ ਸਾਝਰੇ ਹੀ ਕਿ ਸਾਡਾ ਪਿਆਰਾ ਸ਼ਾਇਰ ਗੁਰਚਰਨ ਰਾਮਪੁਰੀ ਨਹੀਂ ਰਿਹਾ। ਹਾਲੇ ਕੱਲ੍ਹ ਦੀ ਹੀ ਗੱਲ ਹੈ ਕਿ ਰਘੁਬੀਰ ਢੰਡ ਦਾ ਸਫ਼ਰਨਾਮਾ ਪੜ੍ਹ ਰਿਹਾ ਸਾਂ, ‘ਵੈਨਕੂਵਰ ਵਿਚ ਇੱਕੀ ਦਿਨ’ ਤਾਂ ਉਸ ਵਿੱਚ ਢੰਡ ਰਾਮਪੁਰੀ ਦੇ ਨਾਲ-ਨਾਲ ਹੈ ਤੇ ਉਸ ਨੂੰ ‘ਬਾਈ ਬਾਈ’ ਕਹਿੰਦਾ ਨਹੀਂ ਥਕਦਾ। ਮੈਂ ਇਹ ਸਭ ਹਾਲ-ਹਵਾਲ ਪੜ੍ਹਦਾ ਹੋਇਆ ਆਪਣੇ ਆਪ ਨੂੰ ਵੀ ਰਾਮਪੁਰੀ ਦੇ ਨਾਲ-ਨਾਲ ਤੁਰਦਾ-ਫਿਰਦਾ ਮਹਿਸੂਸਦਾ ਰਿਹਾ ਸਾਂ। ਰਾਮਪੁਰੀ ਨਾਲ ਵੈਨਕੂਵਰ ਵਿਚ ਹੋਈਆਂ ਸਾਰੀਆਂ ਮੁਲਾਕਾਤਾਂ ਸਾਵੀਆਂ ਦੀਆਂ ਸਾਵੀਆਂ ਸਕਾਰ ਹੋ ਰਹੀਆਂ ਸਨ ਤੇ ਦਿਲ ਕਰਦਾ ਸੀ ਕਿ ਫੋਨ ਕਰ ਕੇ ਉਹਦਾ ਹਾਲ-ਚਾਲ ਪੁੱਛਾਂਗਾ ਪਰ ਅਜਿਹਾ ਸਬੱਬ ਨਹੀਂ ਬਣ ਸਕਿਆ ਹੈ ਤੇ ਉਹ ਚਲੇ ਗਿਆ ਹੈ ਅਣਦੱਸੇ ਘਰ!
ਜਦ ਮੈਂ ਪਹਿਲੀ ਵਾਰ ਵੈਨਕੂਵਰ ਗਿਆ ਸਾਂ 2001 ਵਿਚ, ਤਾਂ ਰਾਮਪੁਰੀ ਨਾਲ ਮੇਰੀ ਜਾਣ-ਪਛਾਣ ਸਾਹਿਤ ਮੰਚ ਵੈਨਕੂਵਰ ਵੱਲੋਂ ਮੇਰੇ ਰੂਬਰੂ ਸਮਾਗਮ ਵਿਚ ਹੋਈ ਸੀ, ਤੇ ਕੁਝ ਦਿਨਾਂ ਬਾਅਦ ਹੀ ਉਹ ਸਾਡੇ ਹਰਮਨ ਪਿਆਰੇ ਕਹਾਣੀਕਾਰ ਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਘਰ ਮਿਲਣ ਲਈ ਆ ਗਏ ਸਨ। ਠੰਡ ਆਖੇ ਅੱਜ ਹੀ ਪੈਣਾ ਹੈ, ਕਕਰੀਲੀ ਸ਼ਾਮ ਸੀ ਤੇ ਮੀਂਹ ਲੱਥਾ ਹੋਇਆ ਸੀ, ਉਹ ਦੂਰੋਂ ਡਰਾਈਵ ਕਰ ਕੇ ਆਪ ਆਏ ਸਨ ਪਰ ਮੈਨੂੰ ਗਾਦੜੀ ਵਾਲੇ ਵਾਲੇ ਮਾਸਟਰ ਬਚਿੱਤਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਸੱਦ ਲਿਆ ਸੀ। ਹੈ ਤਾਂ ਇਹ ਗੁਸਤਾਖੀ ਹੀ ਸੀ ਮੇਰੇ ਵੱਲੋਂ। ਰਾਮਪੁਰੀ ਜੀ ਉਦਾਸ ਹੋਏ ਤੇ ਅਸੀਂ ਪੰਜ ਕੁ ਮਿੰਟ ਤੋਂ ਵੱਧ ਨਾ ਮਿਲ ਸਕੇ। ਜਾਂਦੇ ਹੋਏ ਉਹ ਆਪਣੀ ਗੀਤਾਂ ਦੀ ਇੱਕ ਕਿਤਾਬ ਦੇ ਕੁਝ ਫੋਟੋ ਸਟੈਟ ਵਰਕੇ ਤੇ ਇੱਕ ਸੀਡੀ ਦੇ ਗਏ ਸਨ ਕਿ ਇਹ ਗੀਤ ਸਰਦੂਲ ਸਿਕੰਦਰ ਜਾਂ ਹੰਸ ਨੂੰ ਕਹਿ ਕੇ ਰਿਕਾਰਡ ਕਰਵਾਉਣੇ ਹਨ ਤੇ ਉਹਨਾਂ ਦੇ ਗਾਉਣ ਵਾਸਤੇ ਇਹ ਪੂਰੇ-ਪੂਰੇ ਢੁਕਦੇ ਹਨ। ਖੈਰ, ਟਾਈਮ ਦੇ ਕੇ ਆਪ ਟਿੱਭ੍ਹ ਜਾਣ ਦੀ ਗੱਲ ਦਾ ਗਿਲਾ ਸੇਖਾ ਜੀ ਨੇ ਮੇਰੇ ਕੋਲ ਬਾਅਦ ਵਿਚ ਵੀ ਕੀਤਾ ਜਦ ਵਾਪਸ ਮੁੜਿਆ ਸਾਂ। ਦੂਸਰੇ ਦਿਨ, ਫੋਨ ਕਰ ਕੇ ਰਾਮਪੁਰੀ ਜੀ ਤੋਂ ਮੁਆਫੀ ਮੰਗੀ, ਉਹ ਨਿਮਰ ਸਨ ਤੇ ਆਖ ਰਹੇ ਸਨ ਕਿ ਮੇਰੇ ਗੀਤਾਂ ਜ਼ਰੂਰ ਕੁਝ ਨਾ ਕੁਝ ਕਰਨਾ ਤੇ ਮੈਨੂੰ ਦੱਸਣਾ ਵੀ ਜ਼ਰੂਰ…ਤੁਸੀ ਦੇਖ ਲੈਣਾ ਇਹਨਾਂ ਗੀਤਾਂ ਨੂੰ ਲੋਕ ਬਹੁਤ ਪਸੰਦ ਕਰਨਗੇ।
ਸੰਤੋਖ ਸਿੰਘ ਧੀਰ ਨਾਲ ਰਾਮਪੁਰੀ ਜੀ ਦੀ ਪੱਕੀ ਆੜੀ ਸੀ ਤੇ ਧੀਰ ਜੀ ਰਾਮਪੁਰੀ ਨੂੰ ਬੜੇ ਮੋਹ ਨਾਲ ਚੇਤੇ ਕਰਦੇ ਰਹੇ। ਜਦ ਵੀ ਮੈਂ ਕੈਨੇਡਾ ਤੋਂ ਵਾਪਸ ਆ ਕੇ ਮਿਲਣਾ, ਤਾਂ ਧੀਰ ਜੀ ਨੇ ਪੁੱਛਣਾ ਕਿ ਰਾਮਪੁਰੀ ਮਿਲਿਆ ਸੀ? ਕੀ ਹਾਲ ਚਾਲ ਐ ਉਹਦਾ?
2005 ਦੀ ਫੇਰੀ ਸਮੇਂ ਵੀ ਮਿਲਿਆ ਸਾਂ। 2008 ਗਿਆ ਤੇ ਪਤਾ ਲੱਗਿਆ ਕਿ ਬੀਮਾਰ ਬਹੁਤ ਹਨ, ਤੇ ਮਿਲਣਾ ਔਖਾ ਹੈ। ਲੱਭ-ਲਭਾ ਕੇ ਫਿਰ ਵੀ ਮਿਲ ਆਇਆ। ਘਰ ਸਨ, ਉਠਣ ਬੈਠਣ ਤੋਂ ਆਹਰੀ। ਦੱਸਣ ਲੱਗੇ ਕਿ ਹਸਤਪਾਲ ਵੀ ਰਹਿ ਆਇਆਂ, ਹੁਣ ਤਾਂ ਬਸ…ਚਾਰ ਦਿਨਾਂ ਦੀ ਖੇਡ ਹੈ। ਮੈਂ ਆਖਿਆ ਕਿ ਨਹੀਂ, ਰਾਮਪੁਰੀ ਜੀ, ਤੁਸੀਂ ਨੌਂ ਬਰ ਨੌਂ ਹੋ ਜਾਣੈ, ਸਾਨੂੰ ਪੱਕਾ ਯਕੀਨ ਹੈ। ਤੇ ਛੇ ਵਰ੍ਹੇ ਫਿਰ ਕੱਢ ਗਏ। ਆਖਰੀ ਵਾਰ 2014 ਵਿਚ ਵੀ ਰਾਮਪੁਰੀ ਜੀ ਨੂੰ ਕੁਕਿਟਲਮ ਜਾ ਕੇ ਮਿਲ ਆਇਆ ਸਾਂ। ਜਦ ਇਸ ਵਾਰ ਗਿਆ ਤਾਂ ਨਾਲ ਸਰੀ ਤੋਂ ਮਿੱਤਰ ਲਾਡੀ ਧਾਲੀਵਾਲ ਵੀ ਸੀ। ਰਾਮਪੁਰੀ ਜੀ ਹੁਣ ਬਿਜਲੀ ਵਾਲੀ ਵੀਲ-ਚੇਅਰ ‘ਤੇ ਸਨ। ਆਵਾਜ਼ ਵਿਚ ਤਾਂ ਟਹਿਕਾ ਸੀ ਤੇ ਮਿਲਣੀ ਵਿਚ ਵੀ ਖੇੜਾ ਸੀ ਪਰ ਸਰੀਰ ਜੁਆਬ ਦੇਣ ਲੱਗਿਆ ਸੀ। ਦੱਸਣ ਲੱਗੇ ਕਿ ਸਾਂਭ-ਸੰਭਾਲ ਠੀਕ ਹੋ ਰਹੀ ਐ, ਬੱਚੇ ਵੀ ਵਾਰੀ ਨਾਲ ਆ ਜਾਂਦੇ ਨੇ ਪਰ ਸਰਕਾਰ ਨੇ ਗੋਰੇ-ਗੋਰੀਆਂ ਦੀ ਡਿਊਟੀ ਲਾਈ ਹੋਈ ਐ, ਵਾਰੋ-ਵਾਰੀ ਉਹ ਵੀ ਆਉਂਦੇ ਨੇ, ਏਸ ਗੱਲੋਂ ਮੌਜ ਐ ਏਥੇ, ਇੰਡੀਆ ਹੁੰਦਾ ਤਾਂ ਹੁਣ ਤਕ ਕਦ ਦਾ ਗਿਆ ਗੁਜ਼ਰਿਆ ਹੋਣਾ ਸੀ ਮੈਂ। ਗੱਲਾਂ ਕਰਦੇ-ਕਰਦੇ ਉਹਨਾਂ ਆਪਣੀ ਕਿਤਾਬ ਦਿੱਤੀ। ਚਾਹ ਦੀ ਸੁਲਾਹ ਮਾਰੀ, ਪਰ ਬਣਾੳਂਦਾ ਕੌਣ? ਲਾਡੀ ਨੂੰ ਆਖਣ ਲੱਗੇ ਕਿ ਕਾਕਾ, ਔਹ ਫਰਿੱਜ ਵਿਚੋਂ ਜੂਸ ਕੱਢ ਕੇ ਗਲਾਸਾਂ ਵਿਚ ਪਾ ਲੈ, ਥੁਆਡੇ ਨਾਲ ਮੈਂ ਵੀ ਪੀ ਲਊਂ। ਨਿਆਣਿਆਂ ਵਾਂਗ ਜੂਸ ਦੀਆਂ ਨਿੱਕੀਆਂ-ਨਿੱਕੀਆਂ ਘੁੱਟਾਂ ਭਰਦਾ ਰਾਮਪੁਰੀ ਆਪਣੇ ਸਾਹਿਤ ਸੰਸਾਰ ਦੀਆਂ ਬਾਤਾਂ ਪਾ ਰਿਹਾ ਸੀ। ਤੁਰ ਗਿਆ ਨੂੰ ਚੇਤੇ ਕਰ ਰਿਹਾ ਸੀ। ਅੱਜ ਉਹਦੀਆਂ ਬਾਤਾਂ ਪਾਉਂਦਿਆਂ ਉਸ ਨਾਲ ਆਖਰੀ ਉਹ ਫੋਟੋ ਵੀ ਲੱਭ ਪਈ ਹੈ, ਜੋ ਲਾਡੀ ਤੇ ਮੇਰੇ ਨਾਲ ਉਸਨੇ ਆਪਣੀ ਗੁਆਂਢਣ ਇੱਕ ਗੋਰੀ ਕੁੜੀ ਨੂੰ ਫੋਨ ਕਰ ਕੇ ਖਿਚਵਾਈ ਸੀ।
ੲੲੲ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …