ਕੇਜਰੀਵਾਲ ਬੋਲੇ : ਮੈਂ ਹਰਿਆਣਾ ਕਾ ਛੋਰਾ ਹੂੰ, ਆਪ ਕਾ ਸਿਰ ਨਹੀਂ ਝੁਕਨੇ ਦੂੰਗਾ
ਹਿਸਾਰ/ਬਿਊਰੋ ਨਿਊਜ਼ : ਮੇਕ ਇੰਡੀਆ ਵਨ ਮਿਸ਼ਨ ਦੇ ਤਹਿਤ ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਪੈਂਦੇ ਆਦਮਪੁਰ ’ਚ ਆਮ ਆਦਮੀ ਪਾਰਟੀ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਿੱਸਾ ਲਿਆ। ਇਸ ਮੌਕੇ ਕੇਜਰੀਵਾਲ ਨੇ ਕੁਲਦੀਪ ਬਿਸ਼ਨੋਈ ’ਤੇ ਤੰਜ ਕਸਦਿਆਂ ਖੁਦ ਨੂੰ ਹਰਿਆਣਾ ਕਾ ਛੋਰਾ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਮੇਰੇ ਚਾਚਾ ਜੀ ਅਤੇ ਭਰਾ ਆਦਮਪੁਰ ’ਚ ਹੀ ਵਿਆਹੇ ਹੋਏ ਹਨ ਅਤੇ ਇਥੇ ਹੋਰ ਵੀ ਕਈ ਮੇਰੀਆਂ ਰਿਸ਼ਤੇਦਾਰੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਜਿੱਥੇ ਵੀ ਗਿਆ ਤੁਹਾਡਾ ਸਿਰ ਨਹੀਂ ਝੁਕਣ ਦਿੱਤਾ ਅਤੇ ਮੈਂ ਹਮੇਸ਼ਾ ਹਰਿਆਣਾ ਦਾ ਸਿਰ ਉਚਾ ਰੱਖਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕ ਬਦਲਾਅ ਚਾਹੁੰਦੇ। ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਅਸੀਂ ਤਾਂ ਵੈਸੇ ਹੀ ਇਥੇ ਆਏ ਸੀ ਅਤੇ ਅਸੀਂ ਕੱਲ੍ਹ ਹਿਸਾਰ ਵਿਚ ਸੀ। ਉਨ੍ਹਾਂ ਕਿਹਾ ਕਿ ਆਦਮਪੁਰ ਦੇ ਲੋਕਾਂ ਦੇ ਪਿਆਰ ਨੂੰ ਦੇਖ ਕੇ ਲਗਦਾ ਹੈ ਕਿ ਆਦਮਪੁਰ ਵਾਲੇ ਕੁੱਝ ਨਵਾਂ ਕਰਨ ਵਾਲੇ ਹਨ।