ਸਿੱਖ ਕੋਲੀਸ਼ਨ ਦੀ ਪਹਿਲਕਦਮੀ ਨਾਲ ਪੁਲਿਸ ਨੇ ਜੋੜੀ ਨਵੀਂ ਧਾਰਾ
ਨਿਊਯਾਰਕ/ਬਿਊਰੋ ਨਿਊਜ਼
ਬੀਤੇ ਨਵੰਬਰ ਵਿੱਚ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਲਾਸ ਏਂਜਲਸ ਅਧਿਕਾਰੀਆਂ ਨੇ ਨਫ਼ਰਤ ਦੇ ਅਪਰਾਧ ਦਾ ਕੇਸ ਦਰਜ ਕੀਤਾ ਹੈ। ਹਮਲੇ ਵੇਲੇ ਸਿੱਖ ਨੂੰ ਇਕ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਵੀ ਕਿਹਾ ਗਿਆ ਸੀ। ਬਲਵਿੰਦਰ ਜੀਤ ਸਿੰਘ ਨੂੰ ਛੇ ਨਵੰਬਰ ਦੇ ਇਸ ਹਮਲੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਸਮੇਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਉਸ ਸਮੇਂ ਤੱਕ ਉਸ ਦੀ ਸ਼ਕਲ ਵਿਗੜ ਚੁੱਕੀ ਸੀ ਤੇ ਅੱਖ ਵਿੱਚ ਇੰਫੈਕਸ਼ਨ ਹੋ ਗਿਆ ਸੀ। ਉਸ ਨੂੰ ਠੀਕ ਹੋਣ ਵਿੱਚ ਕਈ ਹਫ਼ਤੇ ਲੱਗੇ।
ਇੰਗਲਵੁੱਡ ਡਿਸਟ੍ਰਿਕ ਦੇ ਅਟਾਰਨੀ ਦਫ਼ਤਰ ਨੇ ਸਿੱਖ ‘ਤੇ ਹਮਲਾ ਕਰਨ ਤੇ ਉਸ ਨੂੰ ਅੱਤਵਾਦੀ ਅਤੇ ਆਤਮਘਾਤੀ ਹਮਲਾਵਰ ਕਰਾਰ ਦੇਣ ਵਾਲੇ ਕੇਸੀ ਟਾਰਡ ਖ਼ਿਲਾਫ਼ ਨਫ਼ਰਤ ਅਪਰਾਧ ਦਾ ਕੇਸ ਦਰਜ ਕੀਤਾ ਹੈ। ਟਾਰਡ ਨੇ ਵੀ ਦੋਸ਼ ਲਾਇਆ ਹੈ ਕਿ ਜਿਸ ਸਮੇਂ ਹਮਲਾ ਕੀਤਾ ਗਿਆ ਉਸ ਵੇਲੇ ਸਿੱਖ ਡਰਾਈਵਰ ਬੱਸ ਅਗਵਾ ਕਰਨ ਦੀ ਕੋਸ਼ਿਸ਼ ਵਿੱਚ ਸੀ। ਸਿੱਖ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਿੱਖ ਕੋਲੀਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਪਹਿਲਾਂ ਸਥਾਨਕ ਪੁਲਿਸ ਨੇ ਸਿੱਖ ‘ਤੇ ਹਮਲੇ ਵੇਲੇ ਵਰਤੇ ਗਏ ਅਪਸ਼ਬਦਾਂ ‘ਤੇ ਗੌਰ ਨਹੀਂ ਕੀਤੀ। ਪੁਲਿਸ ਇਸ ਨੂੰ ਸਧਾਰਨ ਮਾਮਲਾ ਮੰਨ ਰਹੀ ਸੀ।ਜਨਵਰੀ ਵਿੱਚ ਸਿੱਖ ਕੋਲੀਸ਼ਨ ਦੇ ਕਾਨੂੰਨ ਦਲ ਨੇ ਲਾਸ ਏਂਜਲਸ ਪੁਲਿਸ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਏ। ਇਸ ਤੋਂ ਬਾਅਦ ਪੁਲਿਸ ਨੇ ਟਰਾਡ ‘ਤੇ ਮਾਰ ਕੁੱਟ ਦਾ ਕੇਸ ਦਰਜ ਕਰਨ ਦੇ ਨਾਲ ਨਾਲ ਨਫ਼ਰਤ ਦੀ ਧਾਰਾ ਵੀ ਜੋੜ ਦਿੱਤੀ। ਬਲਵਿੰਦਰ ਜੀਤ ਸਿੰਘ ਨੇ ਕਿਹਾ ਕਿ ਉਸ ‘ਤੇ ਹਮਲਾ ਸਿੱਖ ਹੋਣ ਕਾਰਨ ਕੀਤਾ ਗਿਆ। ਸਿੱਖ ਕੋਲੀਸ਼ਨ ਦੀ ਸੀਨੀਅਰ ਵਕੀਲ ਗੁਰਜੋਤ ਕੌਰ ਨੇ ਕਿਹਾ ਕਿ ਸਿੱਖਾਂ ਦੀ ਪੱਗ ਨਿਆ ਤੇ ਬਰਾਬਰੀ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤ ਨੂੰ ਰੋਕਣ ਲਈ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਜਾਰੀ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …