9.4 C
Toronto
Friday, November 7, 2025
spot_img
Homeਦੁਨੀਆਭਾਰਤ ਤੇ ਇਜ਼ਰਾਈਲ ਵੱਲੋਂ 9 ਸਮੌਝਿਆਂ 'ਤੇ ਦਸਤਖਤ

ਭਾਰਤ ਤੇ ਇਜ਼ਰਾਈਲ ਵੱਲੋਂ 9 ਸਮੌਝਿਆਂ ‘ਤੇ ਦਸਤਖਤ

ਨੇਤਨਯਾਹੂ ਨੇ ਮੋਦੀ ਨੂੰ ਇਨਕਲਾਬੀ ਆਗੂ ਕਰਾਰ ਦਿੱਤਾ
ਨਵੀਂ ਦਿੱਲੀ : ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ਵਿਚ ਸਹਿਯੋਗ ਲਈ 9 ਸਮਝੌਤਿਆਂ ‘ਤੇ ਸੋਮਵਾਰ ਨੂੰ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅੱਤਵਾਦ ਵਿਰੋਧੀ ਰਣਨੀਤਕ ਖੇਤਰਾਂ ਵਿਚ ਸਬੰਧ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਮੋਦੀ ਨੇ ਇਜ਼ਰਾਇਲੀ ਰੱਖਿਆ ਕੰਪਨੀਆਂ ਨੂੰ ਭਾਰਤ ‘ਚ ਸਾਂਝੇ ਉਤਪਾਦਨ ਦਾ ਸੱਦਾ ਵੀ ਦਿੱਤਾ। ਨੇਤਨਯਾਹੂ ਨਾਲ ਸਾਂਝੇ ਤੌਰ ‘ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,”ਭਾਰਤ ਤੇ ਇਜ਼ਰਾਈਲ ਖੇਤੀਬਾੜੀ, ਤਕਨਾਲੋਜੀ ਤੇ ਸੁਰੱਖਿਆ ਜਿਹੇ ਖੇਤਰਾਂ ‘ਚ ਸਹਿਯੋਗ ਦੇ ਮੌਜੂਦਾ ਥੰਮ੍ਹਾਂ ਨੂੰ ਹੋਰ ਮਜ਼ਬੂਤ ਕਰਨਗੇ।” ਮੋਦੀ ਨੂੰ ‘ਇਨਕਲਾਬੀ’ ਆਗੂ ਕਰਾਰ ਦਿੰਦਿਆਂ ਨੇਤਨਯਾਹੂ ਨੇ ਕਿਹਾ, ”ਤੁਸੀਂ (ਮੋਦੀ) ਭਾਰਤ ‘ਚ ਇਨਕਲਾਬ ਲਿਆਉਣ ਦੇ ਨਾਲ ਨਾਲ ਭਾਰਤ ਤੇ ਇਜ਼ਰਾਈਲ ਦੇ ਰਿਸ਼ਤਿਆਂ ‘ਚ ਵੀ ਕਰਾਂਤੀ ਲਿਆ ਰਹੇ ਹੋ।” ਦੋਵੇਂ ਪ੍ਰਧਾਨ ਮੰਤਰੀਆਂ ਨਾਲ ਸੀਨੀਅਰ ਕੈਬਨਿਟ ਸਾਥੀ ਵੀ ਮੌਜੂਦ ਸਨ ਜਿਨ੍ਹਾਂ ਵਫ਼ਦ ਪੱਧਰ ਦੀ ਗੱਲਬਾਤ ਕੀਤੀ ਜਿਸ ਦੌਰਾਨ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਈਬਰ ਸੁਰੱਖਿਆ ਤੋਂ ਇਲਾਵਾ ਤੇਲ ਅਤੇ ਗੈਸ ਖੇਤਰ, ਫਿਲਮਾਂ ਬਣਾਉਣ ਅਤੇ ਹਵਾਈ ਟਰਾਂਸਪੋਰਟ ਸਬੰਧੀ ਸਮਝੌਤਿਆਂ ‘ਤੇ ਵੀ ਸਹੀ ਪਾਈ ਗਈ।
ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਗਰਮਜੋਸ਼ੀ ਨਾਲ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੇ ਸਵਾਗਤ ਲਈ ਪ੍ਰੋਟੋਕੋਲ (ਸ਼ਿਸ਼ਟਾਚਾਰ) ਤੋੜਦਿਆਂ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਪਹੁੰਚ ਗਏ। ਜਿਵੇਂ ਹੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸੇਰਾ ਨੇ ਲਾਲ ਕਾਲੀਨ ‘ਤੇ ਪੈਰ ਧਰਿਆ ਤਾਂ ਮੁਸਕਰਾ ਰਹੇ ਮੋਦੀ ਨੇ ਇਜ਼ਰਾਇਲੀ ਆਗੂ ਨੂੰ ਜੱਫੀ ਪਾ ਲਈ ਅਤੇ ਫਿਰ ਜੋੜੇ ਨਾਲ ਹੱਥ ਮਿਲਾਇਆ। ਨੇਤਨਯਾਹੂ ਦੇ ਹਵਾਲੇ ਨਾਲ ‘ਯੋਰੋਸ਼ਲਮ ਪੋਸਟ’ ਨੇ ਲਿਖਿਆ ‘ਮੋਦੀ ਦੀ ਗਰਮਜੋਸ਼ੀ ਦੀ ਪ੍ਰਸ਼ੰਸਾ।’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਮੋਦੀ ਨੇ ਪ੍ਰੋਟੋਕੋਲ ਤੋਂ ਕਿਨਾਰਾ ਕਰਦਿਆਂ ਨੇਤਨਯਾਗੂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਅਤੇ ਇਜ਼ਰਾਈਲ ਦਰਮਿਆਨ ਰਸਮੀ ਰਿਸ਼ਤਿਆਂ ਦੀ ਸ਼ੁਰੂਆਤ ਦਾ ਸਿਲਵਰ ਜੁਬਲੀ ਵਰ੍ਹਾ ਹੈ।
ਸਾਬਰਮਤੀ ਆਸ਼ਰਮ ਪਹੁੰਚੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ
ਮੋਦੀ ਤੇ ਨੇਤਨਯਾਹੂ ਨੇ ਬਾਪੂ ਗਾਂਧੀ ਨੂੰ ਦਿੱਤੀ ਸ਼ਰਧਾਂਜ਼ਲੀ, ਚਲਾਇਆ ਚਰਖਾ
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਅੱਜ ਅਹਿਮਦਾਬਾਦ ਹਵਾਈ ਅੱਡੇ ‘ਤੇ ਸਵਾਗਤ ਕੀਤਾ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਤੱਕ ਅੱਠ ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਦੌਰਾਨ ਹਵਾਈ ਅੱਡੇ ‘ਤੇ ਕਲਾਕਾਰਾਂ ਨੇ ਭਾਰਤੀ ਸੱਭਿਆਚਾਰ ਨੂੰ ਪੇਸ਼ ਕੀਤਾ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 13 ਸਤੰਬਰ 2017 ਨੂੰ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਉਦਘਾਟਨ ਕਰਨ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨਾਲ ਵੀ ਸਾਬਰਮਤੀ ਆਸ਼ਰਮ ਤੱਕ ਰੋਡ ਸ਼ੋਅ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਸਾਰਾ ਨੇ ਇਸ ਦੌਰਾਨ ਚਰਖਾ ਵੀ ਚਲਾਇਆ। ਇਸ ਮੌਕੇ ਉਨ੍ਹਾਂ ਆਸ਼ਰਮ ਵਿਚ ਪਤੰਗ ਵੀ ਉਡਾਈ।

RELATED ARTICLES
POPULAR POSTS