ਜੰਗ ਰੋਕਣ ਲਈ ਦੂਜੇ ਨੇਤਾਵਾਂ ਨਾਲ ਵੀ ਗੱਲਬਾਤ ਕਰਦਾ ਰਹਿੰਦਾ ਹਾਂ : ਮੋਦੀ
ਨਿਊਯਾਰਕ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਦੇ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨਾਲ ਵੀ ਮੁਲਾਕਾਤ ਕੀਤੀ ਅਤੇ 32 ਦਿਨਾਂ ਦੇ ਵਿਚ ਇਨ੍ਹਾਂ ਦੋਵੇਂ ਨੇਤਾਵਾਂ ਵਿਚ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਲੰਘੀ 23 ਅਗਸਤ ਨੂੰ ਯੂਕਰੇਨ ਦੌਰੇ ਦੌਰਾਨ ਜੇਲੈਂਸਕੀ ਨੂੰ ਮਿਲੇ ਸਨ। ਮੋਦੀ ਨੇ ਨਿਊਯਾਰਕ ਵਿਚ ਜੇਲੈਂਸਕੀ ਨਾਲ ਮੁਲਾਕਾਤ ਦੀ ਤਸਵੀਰ ਵੀ ਐਕਸ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਯੂਕਰੇਨ ਦੌਰੇ ਦੌਰਾਨ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹਾਂ। ਇਸੇ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਦੱਸਿਆ ਕਿ ਪੀਐਮ ਮੋਦੀ ਨੇ ਜੇਲੈਂਸਕੀ ਨੂੰ ਕਿਹਾ ਕਿ ਅਸੀਂ ਕਈ ਦੇਸ਼ਾਂ ਦੇ ਆਗੂਆਂ ਨਾਲ ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਗੱਲਬਾਤ ਕਰਦੇ ਰਹਿੰਦੇ ਹਾਂ। ਵਿਦੇਸ਼ ਸਕੱਤਰ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਜਲਦ ਤੋਂ ਜਲਦ ਜੰਗ ਰੋਕਣ ਸਬੰਧੀ ਰਸਤਾ ਲੱਭਣਾ ਚਾਹੀਦਾ ਹੈ।