ਅੰਮ੍ਰਿਤਸਰ : ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫ. ਆਈ.ਏ.) ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿ ਸਰਕਾਰ ਪਾਸੋਂ ਨਵੰਬਰ 2019 ਤੋਂ ਪਹਿਲਾਂ-ਪਹਿਲਾਂ 21.5 ਕਰੋੜ ਡਾਲਰ ਦੇ ਫ਼ੰਡ ਜਾਰੀ ਕਰਨ ਲਈ ਅਪੀਲ ਕੀਤੀ ਹੈ। ਐਫ. ਆਈ.ਏ.ਇੰਮੀਗ੍ਰੇਸ਼ਨ ਦੇ ਡਾਇਰੈਕਟਰ ਨਾਸਿਰ ਮਹਿਮੂਦ ਸੱਤੀ ਪੀ.ਐਸ.ਪੀ. ਨੇ ਇਸ ਬਾਰੇ ਦੱਸਿਆ ਕਿ ਉਕਤ ਰਕਮ ਵਿਚੋਂ 40,450,000 ਰੁਪਏ ਕੰਪਿਊਟਰ, ਕੈਮਰਿਆਂ, ਪਾਸਪੋਰਟ ਸਕੈਨਰ, ਰੂਟਰ, ਪ੍ਰਿੰਟਰ ਆਦਿ ਸਾਮਾਨ ਉਤੇ ਤੇ 21,195,000 ਰੁਪਏ ਯੂ.ਪੀ.ਐਸ., ਏਅਰ ਕੰਡੀਸ਼ਨਰ, ਕੰਧ ਤੇ ਛੱਤ ਵਾਲੇ ਪੱਖਿਆਂ, ਜਨਰੇਟਰ, ਮਾਈਕ੍ਰੋਵੇਵ ਔਵਨ, ਸਾਫ਼ ਪਾਣੀ ਵਾਲੇ ਕੂਲਰਾਂ ਆਦਿ ‘ਤੇ ਖ਼ਰਚ ਕੀਤੇ ਜਾਣਗੇ ਜਦਕਿ ਸ੍ਰੀ ਕਰਤਾਰਪੁਰ ਲਾਂਘੇ ਲਈ ਐਫ. ਆਈ.ਏ. ਦੇ ਰੱਖੇ ਜਾਣ ਵਾਲੇ ਸਟਾਫ਼ ਦੀਆਂ ਤਨਖ਼ਾਹਾਂ ‘ਤੇ 14, 30, 25, 144 ਰੁਪਏ ਸਾਲਾਨਾ (1,19,18,762 ਰੁਪਏ ਮਾਸਿਕ) ਖਰਚੇ ਜਾਣਗੇ। ਉਕਤ ਸਟਾਫ਼ ਵਿਚ ਇਕ ਡਿਪਟੀ ਡਾਇਰੈਕਟਰ, 4 ਸਹਾਇਕ ਡਾਇਰੈਕਟਰ, 4 ਸਿਸਟਮ ਇੰਚਾਰਜ, 5 ਇੰਸਪੈਕਟਰ, 6 ਸਬ-ਇੰਸਪੈਕਟਰ, 2 ਸਟੈਨੋ ਟਾਈਪਿਸਟ, 4 ਟੈਕਨੀਕਲ ਸਹਾਇਕ, 16 ਸਹਾਇਕ ਸਬ-ਇੰਸਪੈਕਟਰ, 55 ਹੈੱਡ ਕਾਂਸਟੇਬਲ ਤੇ 165 ਕਾਂਸਟੇਬਲਾਂ ਸਮੇਤ 18 ਹੋਰ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਉਕਤ ਸਟਾਫ਼ ‘ਚ ਸਭ ਤੋਂ ਵਧੇਰੇ ਮਾਸਿਕ ਤਨਖ਼ਾਹ 92,795 ਰੁਪਏ ਡਿਪਟੀ ਡਾਇਰੈਕਟਰ ਨੂੰ ਦਿੱਤੀ ਜਾਵੇਗੀ। ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰਵਾਰ ਐਫਆਈਏ ਕਰਮਚਾਰੀਆਂ ਲਈ ਸਿੰਗਲ ਬੈੱਡ ਵਾਲੀਆਂ 50 ਬੈਰਕ, 50 ਕੈਬਿਨ ਤੇ 10-10 ਪਖਾਨੇ ਤੇ ਗ਼ੁਸਲਖ਼ਾਨੇ ਵੀ ਬਣਾਏ ਜਾ ਰਹੇ ਹਨ।
ਲੋਕ ਸਭਾ ਚੋਣਾਂ ਤੋਂ ਬਾਅਦ ਕਰਤਾਰਪੁਰ ਲਾਂਘੇ ਸਬੰਧੀ ਹੋ ਸਕਦੀ ਹੈ ਗੱਲਬਾਤ
ਲੰਘੀ 16 ਅਪ੍ਰੈਲ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਨਹੀਂ ਹੋਈ ਗੱਲਬਾਤ
ਇਸਲਾਮਾਬਾਦ : ਲੋਕ ਸਭਾ ਚੋਣਾਂ ਤੋਂ ਬਾਅਦ ਪਾਕਿਸਤਾਨ ਫਿਰ ਤੋਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਗੱਲਬਾਤ ਤੋਰ ਸਕਦਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਨਵੀਂ ਸਰਕਾਰ ਦੇ ਗਠਨ ਮਗਰੋਂ ਕਰਤਾਰਪੁਰ ਸਾਹਿਬ ਲਈ ਫਿਰ ਤੋਂ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਪਾਕਿਸਤਾਨੀ ਅਧਿਕਾਰੀਆਂ ਨੇ ਉੱਥੋਂ ਦੇ ਮੀਡੀਆ ਨੂੰ ਦੱਸਿਆ ਕਿ ਭਾਰਤ ਇਸ ਸਮੇਂ ਰਾਬਤਾ ਕਾਇਮ ਕਰਨ ਵੱਲ ਨਹੀਂ ਵੱਧ ਰਿਹਾ। ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੂੰ ਯਕੀਨ ਹੈ ਕਿ ਚੋਣਾਂ ਮਗਰੋਂ ਭਾਰਤ ਵੀ ਅੱਗੇ ਵਧੇਗਾ। ਲੰਘੀ 16 ਅਪਰੈਲ ਮਗਰੋਂ ਦੋਵੇਂ ਦੇਸ਼ਾਂ ਵਿਚਕਾਰ ਕਰਤਾਰਪੁਰ ਲਾਂਘੇ ਸਬੰਧੀ ਕੋਈ ਗੱਲਬਾਤ ਨਹੀਂ ਹੋਈ। ਜ਼ਿਕਰਯੋਗ ਹੈ ਕਿ ਪਾਕਿ ਵਲੋਂ ਲਾਂਘੇ ਸਬੰਧੀ ਜੰਗੀ ਪੱਧਰ ‘ਤੇ ਕੰਮ ਜਾਰੀ ਹੈ ਅਤੇ ਬਹੁਤਾ ਕੰਮ ਮੁਕੰਮਲ ਵੀ ਕਰ ਲਿਆ ਹੈ। ਭਾਰਤ ਵਾਲੇ ਪਾਸੇ ਵੀ ਕੰਮ ਤਾਂ ਚੱਲ ਰਿਹਾ ਹੈ ਪਰ ਕੰਮ ਦੀ ਰਫਤਾਰ ਕੋਈ ਜ਼ਿਆਦਾ ਤੇਜ਼ ਨਹੀਂ ਹੈ।
ਕਰਤਾਰਪੁਰ ਲਾਂਘੇ ਸਬੰਧੀ ਪਾਕਿ ‘ਚ ਉਸਾਰੀ ਦਾ ਕੰਮ ਜ਼ੋਰਾਂ ‘ਤੇ
2ਲਾਂਘੇ ਦੀ ਉਸਾਰੀ ਸਬੰਧੀ ਜਾਰੀ ਕੀਤੀਆਂ ਤਸਵੀਰਾਂ
ਅੰਮ੍ਰਿਤਸਰ : ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਤੋਂ ਸਾਫ ਹੈ ਕਿ ‘ਡਿਵੈਲਪਮੈਂਟ ਆਫ਼ ਕਰਤਾਰਪੁਰ ਕਾਰੀਡੋਰ’ ਪ੍ਰਾਜੈਕਟ ਅਧੀਨ 28 ਦਸੰਬਰ ਨੂੰ ਸਰਹੱਦ ਦੇ ਉਸ ਪਾਰ ਲਾਂਘੇ ਦੀ ਸ਼ੁਰੂ ਕੀਤੀ ਗਈ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਦਰਿਆ ਰਾਵੀ ‘ਤੇ ਪੁਲ ਬਣਾਏ ਜਾਣ ਦਾ ਕੰਮ ਤੇ ਉਸਾਰੀ ਦੇ ਬਾਕੀ ਕੰਮ 70 ਫ਼ੀਸਦੀ ਤੋਂ ਵੱਧ ਮੁਕੰਮਲ ਕਰ ਲਏ ਗਏ ਹਨ। ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਸੜਕ ਅਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਟਰਮੀਨਲ, ਗੈਲਰੀ, ਸਰਾਂ ਆਦਿ ਦਾ ਕੰਮ ਵੀ ਕਾਫ਼ੀ ਹੱਦ ਤੱਕ ਮੁਕੰਮਲ ਹੋ ਚੁੱਕਿਆ ਹੈ। ਪਾਕਿ ਇੰਜੀਨੀਅਰਾਂ ਦਾ ਦਾਅਵਾ ਹੈ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ 31 ਅਗਸਤ ਤੇ ਬਾਰਡਰ ਟਰਮੀਨਲ ਦੀ ਉਸਾਰੀ 31 ਜੁਲਾਈ ਤੱਕ ਮੁਕੰਮਲ ਕਰ ਲਈ ਜਾਵੇਗੀ।
Home / ਦੁਨੀਆ / ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿ ਸਰਕਾਰ ਕੋਲੋਂ ਮੰਗੇ 21.5 ਡਾਲਰ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …