ਚਾਰਾਂ ਸਾਲਾਂ ਬਾਅਦ ਵੀ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਅੱਜ ਪੂਰੇ ਚਾਰ ਸਾਲ ਹੋ ਗਏ ਹਨ। ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਗੋਲੀ ਕਾਂਡ ਦੀ ਚੌਥੀ ਬਰਸੀ ਮਨਾਈ ਗਈ। ਇਸ ਮੌਕੇ ਦੁਖ ਜ਼ਾਹਿਰ ਕੀਤਾ ਗਿਆ ਕਿ ਚਾਰ ਸਾਲਾਂ ਤੋਂ ਬਾਅਦ ਵੀ ਸੂਬਾ ਸਰਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਸਫ਼ਲ ਨਹੀਂ ਹੋ ਸਕੀ। ਬਰਗਾੜੀ ਮੋਰਚਾ ਦੇ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕਸੂਰਵਾਰਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਜਦਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨੂੰ ਬਚਾਉਣ ਲਈ ਲੱਗੀ ਹੋਈ ਹੈ। ਪੀੜਤ ਪਰਿਵਾਰ ਨੇ ਘਟਨਾ ਦੇ ਚਾਰ ਸਾਲ ਹੋਣ ਤੋਂ ਬਾਅਦ ਵੀ ਕਸੂਰਵਾਰਾਂ ਖਿਲਾਫ਼ ਬਣਦੀ ਕਾਰਵਾਈ ਨਾ ਹੋਣ ‘ਤੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਇਨਸਾਫ਼ ਦੇਣ ਲਈ ਸੰਜੀਦਾ ਨਹੀਂ ਹੈ।

