Breaking News
Home / ਪੰਜਾਬ / ‘ਕਿਸਾਨਾਂ ਨੂੰ ਡਾਂਗਾਂ ਮਾਰ ਕੇ ਭਜਾਉਣ’ ਵਾਲੇ ਬਿਆਨ ਨੇ ਭਖਾਈ ਸਿਆਸਤ

‘ਕਿਸਾਨਾਂ ਨੂੰ ਡਾਂਗਾਂ ਮਾਰ ਕੇ ਭਜਾਉਣ’ ਵਾਲੇ ਬਿਆਨ ਨੇ ਭਖਾਈ ਸਿਆਸਤ

ਹਰਿੰਦਰ ਕਾਹਲੋਂ ਦੇ ਬਿਆਨ ਦੀ ਚਾਰੇ ਪਾਸਿਓਂ ਨਿਖੇਧੀ
ਜਲੰਧਰ/ਬਿਊਰੋ ਨਿਊਜ਼ : ਭਾਜਪਾ ਦੇ ਨਵ-ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਵੱਲੋਂ ਕਿਸਾਨਾਂ ਨੂੰ ਡਾਂਗਾਂ ਮਾਰ ਕੇ ਭਜਾਉਣ ਬਾਰੇ ਦਿੱਤੇ ਬਿਆਨ ਨੇ ਸੂਬੇ ਦੀ ਸਿਆਸਤ ਭਖਾ ਦਿੱਤੀ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਹੀ ਕਈ ਆਗੂਆਂ ਨੇ ਕਾਹਲੋਂ ਦੇ ਬਿਆਨ ਦੀ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਹਰਿੰਦਰ ਸਿੰਘ ਕਾਹਲੋਂ ਦੇ ਸਵਾਗਤ ਲਈ ਜਲੰਧਰ ਦੇ ਸ਼ੀਤਲਾ ਮੰਦਰ ਵਿਚਲੇ ਪਾਰਟੀ ਦਫ਼ਤਰ ‘ਚ ਸਮਾਗਮ ਰੱਖਿਆ ਹੋਇਆ ਸੀ। ਇਸ ਨੂੰ ਸੰਬੋਧਨ ਕਰਦਿਆਂ ਸੂਬਾਈ ਬੁਲਾਰੇ ਕਾਹਲੋਂ ਨੇ ਕਿਹਾ ਸੀ ”ਇਹ ਤਾਂ ਮੋਦੀ ਸਾਬ੍ਹ ਬੈਠੇ ਨੇ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਨੇ, ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਈਂ ਮਾਰ-ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿਚ ਬੰਦ ਕਰ ਦਿੰਦਾ। ਇਨ੍ਹਾਂ ਦਾ ਹਾਲ ਹੁਣ ਏਹੀ ਕਰਨਾ ਪੈਣਾ।”
‘ਜਾਗਦਾ ਪੰਜਾਬ’ ਅਤੇ ਭਾਜਪਾ ਦੇ ਸਾਬਕਾ ਬੁਲਾਰੇ ਰਾਕੇਸ਼ ਸ਼ਾਂਤੀਦੂਤ ਨੇ ਐਡਵੋਕੇਟ ਕਾਹਲੋਂ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਹੇਠ ਸਿਆਸੀ ਪਾਰਟੀਆਂ ਆਪਣਾ ਲਾਹਾ ਲੈਣਾ ਚਾਹੁੰਦੀਆਂ ਹਨ ਤੇ ਅਜਿਹੀ ਬਿਆਨਬਾਜ਼ੀ ਨਾਲ ਸੂਬੇ ਦੇ ਸਮਾਜਿਕ ਤਾਣੇ-ਬਾਣੇ ‘ਤੇ ਪ੍ਰਭਾਵ ਪੈਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਿਸੇ ਵੀ ਪਾਰਟੀ ਵੱਲੋਂ ਨਹੀਂ ਹੋਣੀ ਚਾਹੀਦੀ। ਕਾਂਗਰਸ ਦੇ ਬੁਲਾਰੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਜਿਹੀ ਤਲਖ ਟਿੱਪਣੀ ਕਰਨੀ ਭਾਜਪਾ ਲੀਡਰਸ਼ਿਪ ਨੂੰ ਸ਼ੋਭਾ ਨਹੀਂ ਦਿੰਦੀ। ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਰਿੰਦਰ ਸਿੰਘ ਕਾਹਲੋਂ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਬਿਆਨ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਨਾਲ ਭਾਜਪਾ ਵੱਲੋਂ ਪੰਜਾਬ ਨੂੰ ਰਾਸ਼ਟਰਪਤੀ ਰਾਜ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਜਿਹੇ ਬਿਆਨ ਕਦੇ ਨਹੀਂ ਦੇਣੇ ਚਾਹੀਦੇ: ਜਿਆਣੀ
ਭਾਜਪਾ ਦੇ ਹੀ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਅਜਿਹੇ ਬਿਆਨ ਕਦੇ ਨਹੀਂ ਦੇਣੇ ਚਾਹੀਦੇ। ਕਿਸੇ ਦੀ ਨਿੰਦਾ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਭਾਈਚਾਰਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਅਜਿਹਾ ਬਿਆਨ ਦਿੱਤਾ ਹੈ ਤਾਂ ਇਹ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤਾਂ ਖਤਮ ਹੋ ਜਾਣਾ ਹੈ, ਫਿਰ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਨੇ ਇਕੱਠੇ ਰਹਿਣਾ ਹੈ। ਹਾਲਾਂਕਿ ਕਈ ਭਾਜਪਾ ਦੇ ਆਗੂ ਇਸ ਵਿਵਾਦਤ ਬਿਆਨ ‘ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਬਲਬੀਰ ਰਾਜੇਵਾਲ ਨੇ ਭਾਜਪਾ ਆਗੂ ਨੂੰ ਦਿੱਤੀ ਚਿਤਾਵਨੀ
ਕਿਹਾ ਜੇ ਅੱਗੇ ਤੋਂ ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਵੇਗੀ
ਪੰਜਾਬ ਭਾਜਪਾ ਆਗੂ ਹਰਿੰਦਰ ਕਾਹਲੋਂ ਵੱਲੋਂ ਕਿਸਾਨਾਂ ‘ਤੇ ਕੀਤੀ ਗਈ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ। ਕਾਹਲੋਂ ਵੱਲੋਂ ਕੀਤੀ ਗਈ ਟਿੱਪਣੀ ਦਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਰਾਰ ਜਵਾਬ ਦਿੱਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਹਲੋਂ ਨੇ ਕਿਹਾ ਸੀ ਕਿ ਜੇ ਮੈਂ ਮੋਦੀ ਦੀ ਜਗ੍ਹਾ ਹੁੰਦਾ ਤਾਂ ਕਿਸਾਨਾਂ ਦੀਆਂ ਹੱਡੀਆਂ ਤੋੜ ਕੇ ਭਜਾ ਦਿੰਦਾ। ਰਾਜੇਵਾਲ ਨੇ ਕਾਹਲੋਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੇਰੇ ਵਾਂਗ ਭੌਂਕਣ ਵਾਲੇ ਕਈ ਆ ਚੁੱਕੇ ਹਨ ਪ੍ਰੰਤੂ ਕਿਸਾਨ ਅੰਦੋਲਨ ਨੂੰ ਠੰਢਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਅਜਿਹੀ ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਵੇਗੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਅੰਦੋਲਨ ਸਾਡੀ ਰੋਜ਼ੀ ਰੋਟੀ ਅਤੇ ਭਵਿੱਖ ਨਾ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਏ ਨੂੰ 74 ਸਾਲ ਹੋ ਗਏ ਹਨ ਪ੍ਰੰਤੂ ਦੇਸ਼ ‘ਚੋਂ ਅਜੇ ਤੱਕ ਬੇਰੁਜ਼ਗਾਰੀ, ਗਰੀਬੀ ਨੂੰ ਖਤਮ ਨਹੀਂ ਕੀਤਾ ਜਾ ਸਕਿਆ, ਜੇਕਰ ਲੋਕ ਹੁਣ ਇਨ੍ਹਾਂ ਆਗੂਆਂ ਨੂੰ ਸਵਾਲ ਕਰਨ ਲੱਗੇ ਹਨ ਤਾਂ ਇਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ ਪ੍ਰੰਤੂ ਹੁਣ ਇਹ ਡਰਾਮਾ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਜੇਕਰ ਅੰਦੋਲਨ ਦੀ ਜਿੱਤ ਵੀ ਹੋ ਜਾਂਦੀ ਹੈ ਤਾਂ ਜਾਗਰੂਕ ਲੋਕਾਂ ਦੇ ਸਵਾਲਾਂ ਦੇ ਜਵਾਬ ਰਾਜਨੀਤਿਕ ਆਗੂਆਂ ਨੂੰ ਦੇਣੇ ਹੀ ਪੈਣਗੇ।

Check Also

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 8 ਨਵੰਬਰ ਨੂੰ

ਚੰਨੀ ਨੇ ਕਿਹਾ, ਖੇਤੀ ਕਾਨੂੰਨਾਂ ਸਣੇ ਅਹਿਮ ਮਸਲਿਆਂ ’ਤੇ ਹੋਵੇਗੀ ਚਰਚਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ …