Breaking News
Home / ਪੰਜਾਬ / ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੀ ਕਰੋਨਾ ਪੀੜਤਾਂ ਦੀ ਮਦਦ ਲਈ ਆਇਆ ਅੱਗੇ

ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੀ ਕਰੋਨਾ ਪੀੜਤਾਂ ਦੀ ਮਦਦ ਲਈ ਆਇਆ ਅੱਗੇ

ਅੰਮ੍ਰਿਤਸਰ : ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ ਉਤਰਾਖੰਡ ਵਿੱਚ ਕਰੋਨਾ ਪੀੜਤਾਂ ਦੀ ਮਦਦ ਲਈ ਦੋ ਐਂਬੂਲੈਂਸਾਂ ਅਤੇ ਆਕਸੀਜਨ ਮੁਹੱਈਆ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਗੁਰਦੁਆਰਾ ਜੋਸ਼ੀ ਮੱਠ ਤੋਂ ਦੋ ਐਂਬੂਲੈਂਸਾਂ ਰਵਾਨਾ ਕਰਦਿਆਂ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਟਰੱਸਟ ਨੇ ਕਰੋਨਾ ਪੀੜਤਾਂ ਨੂੰ ਹਸਪਤਾਲ ਲਿਜਾਣ ਲਈ ਆਕਸੀਜਨ ਸਿਲੰਡਰਾਂ ਨਾਲ ਲੈੱਸ ਦੋ ਐਂਬੂਲੈਂਸ ਵਾਹਨ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿੱਚੋਂ ਇਕ ਵਾਹਨ ਗੁਰਦੁਆਰਾ ਜੋਸ਼ੀ ਮੱਠ ਅਤੇ ਦੂਜਾ ਗੁਰਦੁਆਰਾ ਗੋਬਿੰਦ ਘਾਟ ਵਿਖੇ ਖੜੇਗਾ। ਕਰੋਨਾ ਪੀੜਤਾਂ ਵੱਲੋਂ ਮਦਦ ਲਈ ਅਪੀਲ ਆਉਣ ‘ਤੇ ਤੁਰੰਤ ਇਹ ਵਾਹਨ ਉਨ੍ਹਾਂ ਨੂੰ ਹਸਪਤਾਲ ਲਿਜਾਣਗੇ। ਇਸ ਤੋਂ ਇਲਾਵਾ ਘਰ ਵਿੱਚ ਕਰੋਨਾ ਪੀੜਤਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਲਈ ਕੰਸਨਟਰੇਟਰ ਮੰਗਵਾਏ ਗਏ ਹਨ। ਇਸ ਵੇਲੇ ਉਪਰਲੇ ਇਲਾਕੇ ਵਿੱਚ ਚਾਰ ਕੰਸਨਟਰੇਟਰ ਹਨ ਅਤੇ 6 ਹੋਰ ਕੰਸਨਟਰੇਟਰ ਰਿਸ਼ੀਕੇਸ ਤੋਂ ਇਕ-ਦੋ ਦਿਨ ਵਿੱਚ ਪਹੁੰਚ ਜਾਣਗੇ। ਉਨ੍ਹਾਂ ਦੱਸਿਆ ਕਿ ਦੂਰ-ਦਰਾਜ ਪਹਾੜੀ ਇਲਾਕਿਆਂ ਵਿੱਚ ਮਰੀਜ਼ਾਂ ਨੂੰ ਲਿਆਉਣ ਤੇ ਛੱਡਣ ਲਈ ਆਵਾਜਾਈ ਦੇ ਘੱਟ ਪ੍ਰਬੰਧ ਹਨ। ਇਸ ਵੇਲੇ ਜੋਸ਼ੀ ਮੱਠ ਵਿੱਚ ਭਾਰਤੀ ਫੌਜ ਵੱਲੋਂ 50 ਬੈੱਡਾਂ ਦਾ ਹਸਪਤਾਲ ਕਰੋਨਾ ਪੀੜਤਾਂ ਲਈ ਸ਼ੁਰੂ ਕੀਤਾ ਗਿਆ ਹੈ, ਜੇਕਰ ਲੋੜ ਪਈ ਤਾਂ ਗੁਰਦੁਆਰੇ ਦਾ ਹਾਲ ਵੀ ਕਰੋਨਾ ਪੀੜਤਾਂ ਲਈ ਦਿੱਤਾ ਜਾਵੇਗਾ। ਕਰੋਨਾ ਦੇ ਕਾਰਨ ਇਸ ਵਾਰ ਮਈ ਦੇ ਅਖੀਰ ਅਤੇ ਜੂਨ ਦੀ ਸ਼ੁਰੂਆਤ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਸੇਵਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਕੋਈ ਨਵੇਂ ਦਿਸ਼ਾ-ਨਿਰਦੇਸ਼ ਆਉਣ ਮਗਰੋਂ ਹੀ ਇਸ ਸਬੰਧੀ ਅਗਲਾ ਫ਼ੈਸਲਾ ਕੀਤਾ ਜਾਵੇਗਾ। ਇਹ ਸਾਲਾਨਾ ਯਾਤਰਾ ਇਸ ਸਾਲ ਦਸ ਮਈ ਤੋਂ ਸ਼ੁਰੂ ਹੋਣੀ ਸੀ ਪਰ ਕਰੋਨਾ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …