ਦਿਆਲ ਸਿੰਘ ਕਾਲਜ ਦਾ ਨਾਮ ਬਦਲਣਾ ਸੋਚੀ ਸਮਝੀ ਚਾਲ
ਅੰਮ੍ਰਿਤਸਰ/ਬਿਊਰੋ ਨਿਊਜ਼
ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਇੱਕ ਸੋਚੀ-ਸਮਝੀ ਚਾਲ ਦੱਸਿਆ ਹੈ। ਜਥੇਦਾਰ ਨੇ ਕਿਹਾ ਕਿ ਦਿੱਲੀ ਵਿੱਚ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਕਾਲਜ ਕਮੇਟੀ ਵੱਲੋਂ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਕੋਝੀ ਚਾਲ ਚੱਲੀ ਗਈ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜਿੰਨੇ ਕਾਲਜਾਂ ਜਾਂ ਵਿਦਿਆਲਿਆਂ ਦੇ ਨਾਂ ਸਿੱਖਾਂ ਦੇ ਨਾਮ ‘ਤੇ ਰੱਖੇ ਗਏ ਸਨ, ਉਹ ਉਸੇ ਤਰ੍ਹਾਂ ਹੀ ਚੱਲ ਰਹੇ ਹਨ। ਪਰ ਸਾਡੇ ਦੇਸ਼ ਵਿੱਚ ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝ ਕੇ ਕਈ ਵਿਤਕਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਤਕਰੇ ਬਰਦਾਸ਼ਤ ਕਰਨੇ ਸਿੱਖਾਂ ਲਈ ਬਹੁਤ ਔਖੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਘੱਟ-ਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਤੇ ਹੋਰ ਥਾਵਾਂ ਦੇ ਨਾਵਾਂ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰੇ।