Breaking News
Home / ਪੰਜਾਬ / ਮੁੱਖ ਮੰਤਰੀ ਨੇ ਭਿਜਵਾਇਆ ਧਮਕੀ ਭਰਿਆ ਸੰਦੇਸ਼, ਪਰਗਟ ਸਿੰਘ ਬੋਲੇ – ਜੋ ਕਰਨਾ ਹੈ ਕਰ ਲਓ

ਮੁੱਖ ਮੰਤਰੀ ਨੇ ਭਿਜਵਾਇਆ ਧਮਕੀ ਭਰਿਆ ਸੰਦੇਸ਼, ਪਰਗਟ ਸਿੰਘ ਬੋਲੇ – ਜੋ ਕਰਨਾ ਹੈ ਕਰ ਲਓ

ਮੈਂ ਕਿਸੇ ਜਾਂਚ ਤੋਂ ਨਹੀਂ ਡਰਦਾ : ਪਰਗਟ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਵਿਜੀਲੈਂਸ ਜਾਂਚ ਦੀਆਂ ਕਨਸੋਆਂ ਵਿਚਕਾਰ ਹੁਣ ਸਿੱਧੂ ਦੇ ਬੇਹੱਦ ਕਰੀਬੀ ਵਿਧਾਇਕ ਪਰਗਟ ਸਿੰਘ ‘ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਹੋ ਰਹੀ ਹੈ। ਸੋਮਵਾਰ ਨੂੰ ਚੰਡੀਗੜ੍ਹ ‘ਚ ਵਿਧਾਇਕ ਪਰਗਟ ਸਿੰਘ ਨੇ ਖੁੱਲ੍ਹੇਆਮ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਧਮਕਾ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਦਾ ਫੋਨ ਆਇਆ, ਜਿਸ ਵਿਚ ਸੰਦੀਪ ਸੰਧੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੇ ਇਕ ਸੰਦੇਸ਼ ਦਿੱਤਾ ਹੈ, ਜੋ ਤੁਹਾਨੂੰ ਦੇਣਾ ਹੈ। ਇਹ ਬੇਹੱਦ ਧਮਕੀ ਭਰਿਆ ਸੁਨੇਹਾ ਸੀ, ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਖਿਲਾਫ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਠੋਕਣਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਨਹੀਂ ਦੋ-ਤਿੰਨ ਵਾਰ ਸੰਦੀਪ ਸੰਧੂ ਤੋਂ ਪੁੱਛਿਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਅਤੇ ਜਦੋਂ ਸੰਧੂ ਨੇ ਹਾਮੀ ਭਰੀ ਤਾਂ ਉਨ੍ਹਾਂ ਨੇ ਵੀ ਪਲਟ ਕੇ ਸੰਧੂ ਨੂੰ ਕਿਹਾ ਕਿ ਕੀ ਉਹ ਵੀ ਉਨ੍ਹਾਂ ਦਾ ਇਕ ਸੰਦੇਸ਼ ਮੁੱਖ ਮੰਤਰੀ ਨੂੰ ਦੇ ਸਕਦੇ ਹਨ।
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੰਧੂ ਨੂੰ ਮੁੱਖ ਮੰਤਰੀ ਦੇ ਨਾਮ ਸੁਨੇਹਾ ਦਿੱਤਾ ਕਿ ਜੋ ਕਰਨਾ ਹੈ, ਉਹ ਕਰ ਲਓ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਬੇਅਦਬੀ ਤੇ ਗੋਲੀਕਾਂਡ ਮਾਮਲੇ, ਬਿਜਲੀ ਖਰੀਦ ਸਮਝੌਤੇ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ ਵਰਗੇ ਮੁੱਣਿਆਂ ‘ਤੇ ਸੱਚ ਬੋਲਣ ਦੀ ਇਹੀ ਸਜ਼ਾ ਹੁੰਦੀ ਹੈ ਤਾਂ ਫਿਰ ਇਹੀ ਠੀਕ।
ਪਰਗਟ ਸਿੰਘ ਨੇ ਕਿਹਾ ਕਿ ਸੰਧੂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਮੈਂ ਕਿਹਾ ਕਿ ਮੈਨੂੰ ਦੱਸਿਆ ਜਾਵੇ ਕਿ ਅਜਿਹਾ ਮੈਂ ਕੀ ਕੀਤਾ ਹੈ, ਪਰ ਸੰਧੂ ਨੇ ਕਿਹਾ ਮੈਂ ਤਾਂ ਮੁੱਖ ਮੰਤਰੀ ਦਾ ਮੈਸੇਜ਼ ਤੁਹਾਨੂੰ ਦੇਣਾ ਸੀ, ਦੇ ਦਿੱਤਾ। ਪਰਗਟ ਸਿੰਘ ਨੇ ਕਿਹਾ, ਜਿਸ ਤਰ੍ਹਾਂ ਧਮਕੀ ਦਿੱਤੀ ਜਾ ਰਹੀ ਹੈ, ਉਹ ਪੰਜਾਬ ਲਈ ਚੰਗੇ ਸੰਕੇਤ ਨਹੀਂ ਹਨ।
ਚੈਲੰਜ-ਮੈਂ ਕੁਝ ਗਲਤ ਕੀਤਾ ਨਹੀਂ ਤਾਂ ਡਰ ਕਿਸ ਗੱਲ ਦਾ
ਪਰਗਟ ਸਿੰਘ ਨੇ ਕਾਂਗਰਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਸਰਕਾਰ ਮਾਫੀਆ ‘ਤੇ ਸ਼ਿਕੰਜਾ ਨਹੀਂ ਕਸ ਸਕੀ ਹੈ। ਮੇਰਾ ਕੋਈ ਗਰੁੱਪ ਨਹੀਂ ਹੈ, ਮੈਂ ਪਾਰਟੀ ਨੂੰ ਖਰਾਬ ਨਹੀਂ ਕਰਦਾ, ਪਰ ਮੈਂ ਆਪਣੇ ਲਈ ਜ਼ਰੂਰ ਲੜਾਂਗਾ ਅਤੇ ਜਨਤਾ ਦੀ ਆਵਾਜ਼ ਵੀ ਉਠਾਉਂਦਾ ਰਹਾਂਗਾ। ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਸਾਬਕਾ ਮੰਤਰੀ ‘ਤੇ ਸਰਕਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਵੈਸਾ ਹੀ ਮੇਰੇ ਨਾਲ ਕਰਨਾ ਚਾਹੁੰਦੀ ਹੈ। ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ, ਨਾ ਤਾਂ ਮੈਂ ਮੰਤਰੀ ਰਿਹਾ ਹਾਂ ਅਤੇ ਨਾ ਹੀ ਮੈਂ ਕੋਈ ਗਲਤ ਗੱਲ ਕੀਤੀ ਹੈ। ਇਸ ਦੇ ਬਾਵਜੂਦ ਸੰਧੂ ਵਲੋਂ ਮੈਨੂੰ ਸੀਐਮ ਦਾ ਅਜਿਹਾ ਧਮਕੀ ਭਰਿਆ ਸੁਨੇਹਾ ਦਿੱਤਾ ਜਾਣਾ, ਨਾ ਤਾਂ ਸਰਕਾਰ ਲਈ ਨਾ ਹੀ ਕੈਪਟਨ ਅਮਰਿੰਦਰ ਸਿੰਘ ਲਈ ਚੰਗੇ ਸਕੇਤ ਹਨ। ਮੈਂ ਚੈਲੰਜ ਕਰਦਾ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੇ ਵਿਜੀਲੈਂਸ ਜਾਂਚ ਕਰਵਾ ਲੈਣ, ਈਡੀ ਦੀ ਜਾਂਚ ਕਰਵਾ ਲੈਣ, ਚਾਹੇ ਸੀਬੀਆਈ ਜਾਂਚ ਕਰਵਾ ਲੈਣ, ਮੈਂ ਕੁਝ ਗਲਤ ਨਹੀਂ ਕੀਤਾ ਤਾਂ ਡਰ ਕਿਸ ਗੱਲ ਦਾ ਦਾ। ਪਰ ਇਸ ਤਰ੍ਹਾਂ ਦੀ ਧਮਕੀ ਦਾ ਮਤਲਬ ਹੈ ਕਿ ਉਹ ਮੇਰੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਇਕ ਚੰਗੇ ਐਡਮਨਿਸਟਰੇਟਰ ਹੈ, ਪਰ ਚੰਗੇ ਕੋਆਰਡੀਨੇਟਰ ਨਹੀਂ ਹਨ।
ਮੈਂ ਕੋਈ ਧਮਕੀ ਨਹੀਂ ਦਿੱਤੀ : ਸੰਧੂ
ਸੰਦੀਪ ਸੰਧੂ ਨੇ ਕਿਹਾ ਕਿ ਧਮਕੀ ਦੇ ਜੋ ਆਰੋਪ ਪਰਗਟ ਸਿੰਘ ਲਗਾ ਰਹੇ ਹਨ, ਉਹ ਗਲਤ ਹਨ। ਮੈਂ ਉਸ ਨਾਲ ਗੱਲ ਜ਼ਰੂਰ ਕੀਤੀ ਸੀ, ਜੋ ਮੇਰਾ ਕੰਮ ਹੈ, ਮੈਂ ਸਮੇਂ-ਸਮੇਂ ‘ਤੇ ਵੱਖ-ਵੱਖ ਰਾਜਨੀਤਕ ਆਗੂਆਂ ਨਾਲ ਗੱਲ ਕਰਦਾ ਰਹਿੰਦਾ ਹਾਂ, ਪਰ ਮੇਰੀ ਕਿਸੇ ਨੂੰ ਕੋਈ ਧਮਕੀ ਦੇਣ ਦੀ ਕੋਈ ਮਨਸ਼ਾ ਨਹੀਂ ਰਹਿੰਦੀ।
ਕਾਂਗਰਸ ਕਦੀ ਬਦਲੇ ਦੀ ਰਾਜਨੀਤੀ ‘ਚ ਸ਼ਾਮਲ ਨਹੀਂ ਹੁੰਦੀ : ਜਾਖੜ
ਵਿਜੀਲੈਂਸ ਜਾਂਚ ਦੀ ਜ਼ਮੀਨੀ ਪੱਧਰ ‘ਤੇ ਕੋਈ ਸੱਚਾਈ ਨਹੀਂ ਹੈ। ਕਾਂਗਰਸ ਬਦਲੇ ਦੀ ਰਾਜਨੀਤੀ ਵਿਚ ਸ਼ਾਮਲ ਨਹੀਂ ਹੁੰਦੀ ਹੈ। ਅਸਲ ‘ਚ ਇਨ੍ਹਾਂ ਅਫਵਾਹਾਂ ‘ਚ ਕੋਈ ਸੱਚਾਈ ਨਹੀਂ ਸੀ ਕਿਉਂਕਿ ਸੰਧੂ ਨੇ ਖੁਦ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਪਰਗਟ ਸਿੰਘ ਨੂੰ ਕੋਈ ਧਮਕੀ ਨਹੀਂ ਦਿੱਤੀ।

 

Check Also

ਲਾਲ ਕਿਲਾ ਹਿੰਸਾ ਮਾਮਲੇ ’ਤੇ ਲਾਲਜੀਤ ਭੁੱਲਰ ਨੇ ਤੋੜੀ ਚੁੱਪ

ਕਿਹਾ : ਮੈਂ ਕਿਸਾਨ ਦਾ ਪੁੱਤਰ ਹਾਂ, ਕਿਸਾਨ ਅੰਦੋਲਨ ’ਚ ਜਾ ਕੇ ਕੁੱਝ ਗਲਤ ਨਹੀਂ …