Breaking News
Home / ਪੰਜਾਬ / ਡਾਕਟਰ ਆਪਣਾ ਘਰ ਭਰਨ ਲਈ ਮਰੀਜ਼ਾਂ ਦੀ ਕਰਦੇ ਹਨ ਅੰਨ੍ਹੀ ਲੁੱਟ

ਡਾਕਟਰ ਆਪਣਾ ਘਰ ਭਰਨ ਲਈ ਮਰੀਜ਼ਾਂ ਦੀ ਕਰਦੇ ਹਨ ਅੰਨ੍ਹੀ ਲੁੱਟ

ਡਾਕਟਰਾਂ ਦਾ ਡਰੱਗਜ਼ ਕੰਪਨੀਆਂ ਨਾਲ ਗਠਜੋੜ ਆਇਆ ਸਾਹਮਣੇ
ਬਠਿੰਡਾ/ਬਿਊਰੋ ਨਿਊਜ਼
ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੇ ਘਰ ਭਰਨ ਲਈ ਮਰੀਜ਼ਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਬੇਨਕਾਬ ਹੋਈ ਹੈ। ਖ਼ੁਦ ਪੰਜਾਬ ਸਰਕਾਰ ਦੇ ਖ਼ੁਫ਼ੀਆ ਵਿੰਗ ਨੇ ਇਹ ਨਕਾਬ ਉਤਾਰਿਆ ਹੈ ਜਿਸ ਤੋਂ ਮਰੀਜ਼ਾਂ ਨੂੰ ਲੁੱਟਣ ਲਈ ਡਾਕਟਰਾਂ ਤੇ ਡਰੱਗਜ਼ ਕੰਪਨੀਆਂ ਦਾ ਗੱਠਜੋੜ ਸਾਹਮਣੇ ਆਇਆ ਹੈ। ਖ਼ੁਫ਼ੀਆ ਵਿਭਾਗ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਵੱਲੋਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇੱਕ ਖ਼ੁਫ਼ੀਆ ਪੱਤਰ ਲਿਖ ਕੇ ਦਰਜਨਾਂ ਸਰਕਾਰੀ ਡਾਕਟਰਾਂ ਅਤੇ ਮੈਡੀਕਲ ਸਟੋਰਾਂ ‘ਤੇ ਉਂਗਲ ਉਠਾਈ ਹੈ। ਸਿਹਤ ਵਿਭਾਗ ਪੰਜਾਬ ਨੇ ਸਮੂਹ ਸਿਵਲ ਸਰਜਨਾਂ ਨੂੰ ਫ਼ੌਰੀ ਪੱਤਰ ਲਿਖ ਕੇ ਮਰੀਜ਼ਾਂ ਦੀ ਲੁੱਟ ਲਈ ਬਣੇ ਗੱਠਜੋੜ ‘ਤੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ।
ਖ਼ੁਫ਼ੀਆ ਪੱਤਰ ਅਨੁਸਾਰ ਸਰਕਾਰੀ ਡਾਕਟਰ 30 ਤੋਂ 40 ਫ਼ੀਸਦੀ ਕਮਿਸ਼ਨ ਦੇਣ ਵਾਲੀਆਂ ਡਰੱਗਜ਼ ਕੰਪਨੀਆਂ ਦੀਆਂ ਮਹਿੰਗੀਆਂ ਦਵਾਈਆਂ ਮਰੀਜ਼ਾਂ ਨੂੰ ਲਿਖ ਕੇ ਲੁੱਟ ਕਰ ਰਹੇ ਹਨ ਜਦੋਂ ਕਿ ਇਹ ਦਵਾਈਆਂ ਕਾਰਗਰ ਵੀ ਨਹੀਂ ਹੁੰਦੀਆਂ। ਹਾਲਾਂਕਿ ਇਸੇ ਸਾਲਟ ਦੀਆਂ ਦਵਾਈਆਂ ਹਸਪਤਾਲਾਂ ਵਿਚਲੇ ਸਟੋਰਾਂ ਤੋਂ ਸਸਤੀਆਂ ਵੀ ਮਿਲਦੀਆਂ ਹਨ।
ਡਾਕਟਰ ਮਰੀਜ਼ਾਂ ਨੂੰ ਬਾਹਰਲੇ ਮੈਡੀਕਲ ਸਟੋਰਾਂ ਤੋਂ ਦਵਾਈ ਲੈਣ ਲਈ ਮਜਬੂਰ ਕਰਦੇ ਹਨ। ਰਿਪੋਰਟ ਅਨੁਸਾਰ ਜ਼ਿਲ੍ਹਾ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਇਸ ਮਾਮਲੇ ਮੋਹਰੀ ਹਨ ਜਿਨ੍ਹਾਂ ਦੇ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਡਾਕਟਰ ਕਮਿਸ਼ਨ ਲੈਣ ਲਈ 60 ਫ਼ੀਸਦੀ ਦਵਾਈਆਂ ਖ਼ਾਸ ਕੰਪਨੀਆਂ ਦੀਆਂ ਲਿਖਦੇ ਹਨ। ਇਨ੍ਹਾਂ ਕੰਪਨੀਆਂ ਦੇ ਨੁਮਾਇੰਦੇ ਡਾਕਟਰਾਂ ਨੂੰ ਓਪੀਡੀ ਵਿਚ ਮਿਲਦੇ ਹਨ। ਫਿਰ ਮਰੀਜ਼ ਕਿਸੇ ਸਟੋਰ ਤੋਂ ਵੀ ਦਵਾਈ ਲੈਣ, ਡਾਕਟਰਾਂ ਨੂੰ ਗੁਪਤ ਤੌਰ ‘ਤੇ ਕਮਿਸ਼ਨ ਪੁੱਜ ਜਾਂਦਾ ਹੈ। ਬਰਨਾਲਾ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਤੇ ਇੱਕ ਖ਼ਾਸ ਮੈਡੀਕਲ ਸਟੋਰ ਦੇ ਆਪਸੀ ਗੱਠਜੋੜ ਦੇ ਵੀ ਚਰਚੇ ਉੱਭਰੇ ਹਨ। ਲੁਧਿਆਣਾ ਦੇ ਸਰਕਾਰੀ ઠਹਸਪਤਾਲ ਦੇ ਤਿੰਨ ਡਾਕਟਰਾਂ ਵੱਲੋਂ ਮੋਟੇ ਕਮਿਸ਼ਨਾਂ ਨਾਲ ਕਮਾਈ ਕੀਤੇ ਜਾਣ ਦੀ ਰਿਪੋਰਟ ਹੈ। ਖੰਨਾ, ਪਾਇਲ ਅਤੇ ਸਮਰਾਲਾ ਦੇ ਡਾਕਟਰਾਂ ਵੱਲੋਂ ਕਮਿਸ਼ਨ ਖਾਣ ਦੀ ਗੱਲ ਵਿਸ਼ੇਸ਼ ਉੱਭਰੀ ਹੈ। ਰੋਪੜ ਅਤੇ ਨੰਗਲ ਦੇ ਪੰਜ ਡਾਕਟਰਾਂ ਦੇ ਨਾਮ ਲਿਖੇ ਗਏ ਹਨ ਜੋ ਮਰੀਜ਼ਾਂ ਨੂੰ ਬਾਹਰਲੇ ਸਟੋਰਾਂ ਵਾਲੀ ਦਵਾਈ ਲਿਖਦੇ ਹਨ। ਅੰਮ੍ਰਿਤਸਰ ਦੇ ਤਿੰਨ ਸਰਕਾਰੀ ਡਾਕਟਰਾਂ ਅਤੇ ਤਿੰਨ ਮੈਡੀਕਲ ਸਟੋਰਾਂ ਦਾ ਗੱਠਜੋੜ ਵੀ ਬੇਪਰਦ ਕੀਤਾ ਗਿਆ ਹੈ। ਰਿਪੋਰਟ ਵਿੱਚ ਤਰਨਤਾਰਨ, ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਮਹਿੰਗੀ ਦਵਾਈ ਲਿਖ ਕੇ ਲੁੱਟਣ ਬਾਰੇ ਸਪਸ਼ਟ ਲਿਖਿਆ ਗਿਆ ਹੈ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਡਾਕਟਰਾਂ ਵੱਲੋਂ ਹਸਪਤਾਲ ਵਿਚ ਮੌਜੂਦ ਸਾਲਟ ਦੀ ਥਾਂ ਬਾਹਰਲੇ ਸਟੋਰਾਂ ਤੋਂ ਦਵਾਈਆਂ ਲੈਣ ਲਈ ਮਰੀਜ਼ਾਂ ਨੂੰ ਮਜਬੂਰ ਕੀਤਾ ਜਾਂਦਾ ਹੈ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ਹਸਪਤਾਲ ਵਿੱਚ ਚੱਲਦੇ ਵੱਡੇ ਪੱਧਰ ਦੇ ਕਮਿਸ਼ਨ ਬਾਰੇ ਵੀ ਖ਼ੁਲਾਸਾ ਕੀਤਾ ਗਿਆ ਹੈ।
ਫਾਰਮਾਸਿਸਟ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਸੁਖਮਿੰਦਰ ਸਿੱਧੂ ਦਾ ਪ੍ਰਤੀਕਰਮ ਸੀ ਕਿ ਮਹਿਕਮੇ ਵੱਲੋਂ ਸਪਸ਼ਟ ਹਦਾਇਤਾਂ ਦੇ ਉਲਟ ਡਾਕਟਰ ਦਵਾਈ ਦੇ ਬਰਾਂਡ ਨੇਮ ਦੀ ਥਾਂ ਸਿਰਫ਼ ਸਾਲਟ ਨੇਮ ਹੀ ਪਰਚੀ ‘ਤੇ ਲਿਖਦੇ ਹਨ। ਡਰੱਗਜ਼ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਇਕੱਲਾ ਕਮਿਸ਼ਨ ਨਹੀਂ, ਬਲਕਿ ਮਹਿੰਗੇ ਹੋਟਲਾਂ ਵਿੱਚ ਖਾਣੇ ਅਤੇ ਸੈਰ-ਸਪਾਟਾ ਵੀ ਕਰਾਇਆ ਜਾਂਦਾ ਹੈ। ਹਾਲਾਂਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਤੋਂ ਵੀ ਵੱਡੀ ਲੁੱਟ ਹੈ ਪ੍ਰੰਤੂ ਖ਼ੁਫ਼ੀਆ ਵਿਭਾਗ ਨੇ ਉੱਧਰ ਫੇਰਾ ਨਹੀਂ ਪਾਇਆ। ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਯੋਜਨਾ ਤਹਿਤ ਪੰਜਾਬ ਦੇ ਸਿਹਤ ਕੇਂਦਰਾਂ ਵਿੱਚ 76 ਸਟੋਰ ਖੋਲ੍ਹੇ ਗਏ ਹਨ ਜਿੱਥੇ 700 ਦਵਾਈਆਂ ਮਿਲਦੀਆਂ ਹਨ। ਇਨ੍ਹਾਂ ਕੇਂਦਰਾਂ ਤੋਂ ਦਵਾਈ ਸਸਤੀ ਅਤੇ ਗੁਣਵੱਤਾ ਵਾਲੀ ਮਿਲਦੀ ਹੈ ਪ੍ਰੰਤੂ ਡਾਕਟਰ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ। ਸਰਕਾਰੀ ਹਸਪਤਾਲਾਂ ਦਾ ਆਸਰਾ ਸਿਰਫ਼ ਗ਼ਰੀਬ ਹੀ ਤੱਕਦੇ ਹਨ ઠਜਿਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਡਾਕਟਰ ਉਠਾਉਂਦੇ ਹਨ।
ਸਮਾਜ ਵਿੱਚ ਨਿਘਾਰ ਨੇ ਡਾਕਟਰ ਵਿਗਾੜੇ: ਐਸੋਸੀਏਸ਼ਨ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਡਾ. ਇੰਦਰਬੀਰ ਸਿੰਘ ਦਾ ਪ੍ਰਤੀਕਰਮ ਸੀ ਕਿ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਨਿਘਾਰ ਨੇ ਡਾਕਟਰਾਂ ਵਿਚ ਵਿਗਾੜ ਪੈਦਾ ਕੀਤੇ ਹਨ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਗ਼ਲਤ ਡਾਕਟਰਾਂ ਦਾ ਸਾਥ ਬਿਲਕੁਲ ਨਹੀਂ ਦਿੰਦੀ। ਸਰਕਾਰ ਜ਼ਿਆਦਾ ਮੈਡੀਸਨ ਮੁਹੱਈਆ ਕਰਾ ਕੇ ਇਸ ਪ੍ਰੈਕਟਿਸ ਨੂੰ ਕੰਟਰੋਲ ਕਰ ਸਕਦੀ ਹੈ ਪ੍ਰੰਤੂ ਡੰਡਾ ਕਿਸੇ ਮਸਲੇ ਦਾ ਹੱਲ ਨਹੀਂ।
ਦਵਾਈਆਂ ਹਸਪਤਾਲਾਂ ਦੇ ਸਟੋਰਾਂ ‘ਚ ਉਪਲਬਧ: ਡਾਇਰੈਕਟਰ
ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਜਸਪਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਸਿਵਲ ਸਰਜਨਾਂ ਤੋਂ ਪ੍ਰਾਪਤ ਹੋਣ ਵਾਲੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਤਰਫ਼ੋਂ ਆਮ ਵਰਤੋਂ ਵਾਲੀਆਂ 266 ਦਵਾਈਆਂ ਹਸਪਤਾਲਾਂ ਨੂੰ ਉਪਲਬਧ ਕਰਾਈਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਬਾਹਰੀ ਸਟੋਰਾਂ ‘ਤੇ ਜਾਣਾ ਹੀ ਨਾ ਪਵੇ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੂੰ ਪਰਚੀ ‘ਤੇ ਸਿਰਫ਼ ਸਾਲਟ ਨੇਮ ਲਿਖਣਾ ਚਾਹੀਦਾ ਹੈ, ਨਾ ਕਿ ਬਰਾਂਡ ਨੇਮ।
ਮੌਤ ਸਭ ਨੂੰ ਆਉਣੀ ਪਰ ਭਾਗਾਂ ਵਾਲੇ ਇੰਝ ਜਾਂਦੇ ਨੇ

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …