ਵਾਰਾਣਸੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੌਰੇ ’ਤੇ ਉਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚੇ ਹੋਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸੋਮਵਾਰ ਨੂੰ ਵਾਰਾਣਸੀ ਦੇ ਉਮਰਾਹਾ ਵਿਖੇ ਨਵੇਂ ਬਣੇ ਸਵਰਵੇਦਾ ਮਹਾਮੰਦਰ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸਸ਼ੀਲ ਭਾਰਤ ਸੰਕਲਪ ਯਾਤਰਾ ਦੇ ਤਹਿਤ ਖੇਡ ਮੁਕਾਬਲੇ ਵੀ ਦੇਖੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੰਡ ਦੀਆਂ ਮਹਿਲਾਵਾਂ ਨਾਲ ਗੱਲਬਾਤ ਵੀ ਕੀਤੀ। ਸੈਲਫ਼ ਹੈਲਪ ਗਰੁੱਪ ਦੀਆਂ ਮਹਿਲਾਵਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਮਹਿਲਾ ਦੀ ਖ਼ੂਬ ਤਾਰੀਫ ਕੀਤੀ। ਦਰਅਸਲ ਚੰਦਾਦੇਵੀ ਨਾਮ ਦੀ ਮਹਿਲਾ ਪ੍ਰੋਗਰਾਮ ’ਚ ਭਾਸ਼ਣ ਦੇ ਰਹੀ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਤਾਂ ਬਹੁਤ ਵਧੀਆ ਭਾਸ਼ਣ ਦੇ ਰਹੇ ਹੋ, ਕੀ ਤੁਸੀਂ ਕਦੀ ਚੋਣ ਲੜਨ ਬਾਰੇ ਨਹੀਂ ਸੋਚਿਆ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਮਹਿਲਾ ਨੂੰ ਚੋਣ ਲੜਨ ਦਾ ਆਫਰ ਵੀ ਦਿੱਤਾ, ਜਿਸ ’ਤੇ ਮਹਿਲਾ ਨੇ ਕਿਹਾ ਕਿ ਅਸੀਂ ਚੋਣਾਂ ਬਾਰੇ ਨਹੀਂ ਸੋਚ ਰਹੇ ਅਤੇ ਇਹ ਸਭ ਅਸੀਂ ਤੁਹਾਡੇ ਕੋਲੋਂ ਸਿੱਖ ਰਹੇ ਹਾਂ। ਇਸ ਮੌਕੇ ਮਹਿਲਾ ਨੇ ਕਿਹਾ ਕਿ ਅਸੀਂ ਤੁਹਾਡੇ ਸਾਹਮਣੇ ਖੜ੍ਹੇ ਹਾਂ ਅਤੇ ਤੁਹਾਡੇ ਸਾਹਮਣੇ ਬੋਲ ਰਹੇ ਹਾਂ। ਇਹੀ ਬਹੁਤ ਮਾਣ ਵਾਲੀ ਗੱਲ ਹੈ।