Breaking News
Home / ਕੈਨੇਡਾ / Front / ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਉੱਚ ਪੱਧਰੀ ਵਫਦ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ

ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਉੱਚ ਪੱਧਰੀ ਵਫਦ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ

ਗੁਰਦੁਆਰਾ ਚਿੱਲਾ ਸਾਹਿਬ ਸਿਰਸਾ ਲਈ 10 ਏਕੜ ਥਾਂ ਅਲਾਟ ਕਰਨ ਦਾ ਕੀਤਾ ਧੰਨਵਾਦ
ਹਰਿਆਣਾ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਮੁੱਦਾ ਵੀ ਚੁੱਕਿਆ
ਚੰਡੀਗੜ੍ਹ: ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅੱਜ ਇਕ ਉੱਚ ਪੱਧਰੀ ਸਿੱਖ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਸਿਰਸਾ ਵਿਚ ਗੁਰਦੁਆਰਾ ਚਿੱਲਾ ਸਾਹਿਬ ਲਈ 10 ਏਕੜ ਥਾਂ ਅਲਾਟ ਕਰਨ ’ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਵਫਦ ਨੇ ਹਰਿਆਣਾ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ।
ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਵਫਦ ਵਿਚ ਹਰਿਆਣਾ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਸ਼ਾਮਲ ਸਨ ਜਿਹਨਾਂ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਕੰਵਲਜੀਤ ਸਿੰਘ ਅਜਰਾਣਾ, ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਜੋਗਾ ਸਿੰਘ, ਬਾਬਾ ਹਰਵੇਲ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਰੂਬੀ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਦਰਸ਼ਨ ਸਿੰਘ ਸਹਿਗਲ, ਬੀਬੀ ਰਵਿੰਦਰ ਕੌਰ ਅਜਰਾਣਾ, ਸੁਖਵਿੰਦਰ ਸਿੰਘ ਮੰਡੇਬਾਰ, ਗੁਲਾਬ ਸਿੰਘ ਮੂਣਕ ਅਤੇ ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਵੀ ਸ਼ਾਮਲ ਸਨ।
ਮੀਟਿੰਗ ਮਗਰੋਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਵਫਦ ਨੇ ਸਿੱਖ ਭਾਈਚਾਰੇ ਦੀਆਂ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ ਅਤੇ ਮੁੱਖ ਮੰਤਰੀ ਨੇ ਉਹਨਾਂ ਦੇ ਹਰ ਪਹਿਲੂ ਦੀ ਫੌਰੀ ਪੂਰਤੀ ਦਾ ਭਰੋਸਾ ਦੁਆਇਆ। ਵਫਦ ਨੇ  ਕਰਨਾਲ ਦੇ ਨਿਸਿੰਗ ਵਿਚ ਸਿੱਖ ਪਰਿਵਾਰਾਂ ਦੇ ਘਰ ਢਾਹੇ ਜਾਣ ਦਾ ਮੁੱਦਾ ਵੀ ਚੁੱਕਿਆ ਤੇ ਮੰਗ ਕੀਤੀ ਕਿ ਨਵੇਂ ਘਰ ਬਣਾ ਕੇ ਦਿੱਤੇ ਜਾਣ ਤੇ ਹੋਰ ਮੰਗਾਂ ਵੀ ਰੱਖੀਆਂ। ਉਹਨਾ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਤੇ ਮੁੱਖ ਮੰਤਰੀ ਨੇ ਉਹਨਾਂ ਅੱਗੇ ਰੱਖੀਆਂ ਮੰਗਾਂ ਵਿਚ ਵੀ ਬਹੁਤ ਦਿਲਚਸਪੀ ਵਿਖਾਈ।
ਸਿਰਸਾ ਨੇ ਦੱਸਿਆ ਕਿ ਸੂਬੇ ਦੇ ਕੋਨੇ ਕੋਨੇ ਤੋਂ ਸੈਂਕੜੇ ਸਿੱਖਾਂ ਦਾ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਮਕਸਦ ਮੁੱਖ ਮੰਤਰੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਵਾਸਤੇ ਉਹਨਾਂ ਦਾ ਧੰਨਵਾਦ ਕਰਨਾ ਸੀ।
ਵਫਦ ਨੇ ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਇਸ ਮੌਕੇ ਤਕਰੀਬਨ 1500 ਸਿੱਖ ਸ਼ਖਸੀਅਤਾਂ ਹਾਜ਼ਰ ਸਨ।

Check Also

ਹਰਿਆਣਾ ’ਚ ਕਾਂਗਰਸ ਨਾਲ ਗਠਜੋੜ ਦੀ ਗੱਲਬਾਤ ਵਿਚਾਲੇ ‘ਆਪ’ ਨੇ ਉਮੀਦਵਾਰਾਂ ਦੀ ਸੂਚੀ ਐਲਾਨੀ

ਪਿਹੋਵਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਲੜ ਸਕਦੀ ਹੈ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …