ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ; ਪੰਜਾਬ ਨੂੰ ਮਾਡਲ ਸੂਬਾ ਬਣਾ ਕੇ ਦੇਸ਼ ਸਾਹਮਣੇ ਰੱਖਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਚੇਅਰਮੈਨਾਂ ਨਾਲ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ। ਧਿਆਨ ਰਹੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਕੇਜਰੀਵਾਲ ਨੇ ਇਹ ਮੀਟਿੰਗ ਸੱਦੀ ਸੀ। ਕੇਜਰੀਵਾਲ ਨੇ ਦਿੱਲੀ ਚੋਣਾਂ ਵਿਚ ਕੰਮ ਕਰਨ ਵਾਲੇ ਆਮ ਆਦਮੀ ਪਾਰਟੀ ਨਾਲ ਜੁੜੇ ਹਰ ਵਿਅਕਤੀ ਦਾ ਧੰਨਵਾਦ ਵੀ ਕੀਤਾ।
ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕੀਤਾ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਦਿੱਲੀ ਵਿਚ ਬਹੁਤ ਉਸਾਰੂ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿਚ ਬਹੁਤ ਮਿਹਨਤ ਕੀਤੀ ਅਤੇ ਹੁਣ ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ।
ਉਨ੍ਹਾਂ ਕਿਹਾ ਕਿ ਹਾਰ ਜਿੱਤ ਤਾਂ ਬਣੀ ਰਹਿੰਦੀ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਲਈ ਬਹੁਤ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਮਾਡਲ ਸੂਬਾ ਬਣਾ ਕੇ ਦੇਸ਼ ਦੇ ਸਾਹਮਣੇ ਰੱਖਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਉਹ ਸਾਡੇ ਸਿਰ ਮੱਥੇ ਹੈ।
ਮੀਟਿੰਗ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ‘ਮਿਸ਼ਨ 2027’ ਲਈ ‘ਪੰਜਾਬ ਮਾਡਲ’ ਵਾਸਤੇ ਸਮੂਹਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਕੌਮੀ ਲੀਡਰਸ਼ਿਪ ਦੇ ਚਿਹਰਿਆਂ ਤੋਂ ਦਿੱਲੀ ਚੋਣਾਂ ਦੀ ਹਾਰ ਦਾ ਪਰਛਾਵਾਂ ਤਾਂ ਸਾਫ਼ ਦਿੱਖ ਰਿਹਾ ਸੀ ਪ੍ਰੰਤੂ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਹਿੰਮਤ ਰੱਖਣ ਦੀ ਢਾਰਸ ਦਿੱਤੀ। ਪਾਰਟੀ ਨੇ ਦਿੱਲੀ ਚੋਣਾਂ ‘ਚ ਪੰਜਾਬ ਦੇ ਵਿਧਾਇਕਾਂ ਵੱਲੋਂ ਪਾਏ ਯੋਗਦਾਨ ਬਦਲੇ ਧੰਨਵਾਦੀ ਲਫ਼ਜ਼ ਵੀ ਆਖੇ। ਕੇਜਰੀਵਾਲ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਕਿਸੇ ਸਮੇਂ ਵੀ ਉਨ੍ਹਾਂ ਨਾਲ ਰਾਬਤਾ ਬਣਾ ਸਕਦੇ ਹਨ। ਉਨ੍ਹਾਂ ਵਿਧਾਇਕਾਂ ਨੂੰ ਬਿਹਤਰੀ ਵਾਸਤੇ ਸੁਝਾਅ ਭੇਜਣ ਲਈ ਵੀ ਕਿਹਾ ਅਤੇ ਆਪੋ-ਆਪਣੇ ਹਲਕਿਆਂ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਥਾਪੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਅੜਿੱਕਾ ਬਣਦਾ ਹੈ ਤਾਂ ਉਸ ਬਾਰੇ ਵੀ ਦੱਸਿਆ ਜਾਵੇ।
ਕੇਜਰੀਵਾਲ ਨੇ ਸੰਖੇਪ ਭਾਸ਼ਣ ਦੇ ਅਖੀਰ ‘ਚ ਕਿਹਾ, ”ਅਸੀਂ ਤੁਹਾਡੇ ਨਾਲ ਹਾਂ, ਆਓ ਪੰਜਾਬ ‘ਚ ਮਿਲ ਕੇ ਕੰਮ ਕਰੀਏ।” ਪਤਾ ਲੱਗਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੁੱਝ ਸਮੇਂ ਲਈ ਵੱਖਰੇ ਤੌਰ ‘ਤੇ ਵੀ ਮੁਲਾਕਾਤ ਕੀਤੀ ਹੈ।
ਮੁੱਖ ਮੰਤਰੀ ਨੇ ਪਾਰਟੀ ਅੰਦਰ ਕੋਈ ਸੰਕਟ ਹੋਣ ਦੇ ਵਿਰੋਧੀ ਆਗੂਆਂ ਦੇ ਦਾਅਵਿਆਂ ਨੂੰ ਖ਼ਾਰਜ ਕੀਤਾ ਅਤੇ ਕਿਹਾ ਕਿ ਅਗਲੇ ਦੋ ਵਰ੍ਹਿਆਂ ‘ਚ ਪੰਜਾਬ ਵਿਕਾਸ ਦੇ ਮਾਮਲੇ ‘ਚ ਦੇਸ਼ ਲਈ ਮਿਸਾਲ ਬਣੇਗਾ। ਉਨ੍ਹਾਂ ਪਲਟਵਾਰ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਦੇ ਦਾਅਵਿਆਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਘਟੀਆ ਸਿਆਸਤ ਕਰਦੀ ਹੈ ਅਤੇ ਭਾਜਪਾ ਦੀਆਂ ਗੁਪਤ ਚਾਲਾਂ ਤੋਂ ਹਰ ਕੋਈ ਜਾਣੂ ਹੈ ਜਦੋਂ ਕਿ ‘ਆਪ’ ਦਾ ਏਜੰਡਾ ਵਿਕਾਸ ਦਾ ਹੈ।
ਭਗਵੰਤ ਮਾਨ ਦੇ ‘ਸੁਰ-ਤਾਲ’ ਵਿਗੜੇ : ਜਾਖੜ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਕਪੂਰਥਲਾ ਹਾਊਸ ‘ਚ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਜ਼ੀਰਾਂ ਤੇ ਵਿਧਾਇਕਾਂ ਨਾਲ ਮੀਟਿੰਗ ਕਰਨ ਨੂੰ ਲੈ ਕੇ ‘ਆਪ’ ਨੂੰ ਘੇਰਿਆ ਹੈ। ਜਾਖੜ ਨੇ ਕਿਹਾ ਕਿ ‘ਆਪ’ ਦੀ ਦਿੱਲੀ ਵਿੱਚ ਸ਼ਰਮਨਾਕ ਹਾਰ ਹੋਈ ਹੈ। ਇਸ ਹਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਭਵਿੱਖ ਨੂੰ ਲੈ ਕੇ ਕਈ ਅਟਕਲਾਂ ਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕਪੂਰਥਲਾ ਹਾਊਸ ਵਿੱਚ ਮੀਟਿੰਗ ਕਰਨ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਚੈਨੀ ਦੂਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਕਸਰ ਆਪਣੀ ਬਿਆਨਬਾਜ਼ੀ ਵਿੱਚ ਚੁਟਕਲੇ ਸੁਣਾਇਆ ਕਰਦੇ ਸਨ ਪਰ ਹੁਣ ਬੋਲਦੇ ਹੋਏ ਮੁੱਖ ਮੰਤਰੀ ਦੇ ਆਪਣੇ ਸੁਰ ਤਾਲ ਵਿਗੜੇ ਹੋਏ ਸਨ।