13.8 C
Toronto
Thursday, April 16, 2026
spot_img
Homeਮੁੱਖ ਲੇਖਬੁਰਾਈਆਂ ਨੂੰ ਮਿਟਾਉਣ ਦਾ ਪ੍ਰਤੀਕ ਹੈ ਦੁਸਹਿਰਾ

ਬੁਰਾਈਆਂ ਨੂੰ ਮਿਟਾਉਣ ਦਾ ਪ੍ਰਤੀਕ ਹੈ ਦੁਸਹਿਰਾ

ਰਾਜੇਸ਼ ਰਿਖੀ ਪੰਜਗਰਾਈਆਂ
ਦੁਸਹਿਰਾ ਅਜਿਹਾ ਤਿਉਹਾਰ ਹੈ, ਜੋ ਪੂਰੇ ਦੇਸ਼ ਵਿਚ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸਦੀ ਕੈਦ ‘ਚੋਂ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ, ਜਿਸ ਕਰਕੇ ਇਸ ਤਿਉਹਾਰ ਨੂੰ ਬੁਰਾਈ ‘ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਮਾਤਾ ਦੁਰਗਾ ਦੀ ਪੂਜਾ ਵੀ ਬੜੀ ਸ਼ਰਧਾ ਨਾਲ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਰਾਵਣ ਨਾਲ ਯੁੱਧ ਕਰਨ ਜਾਣ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਮਾਤਾ ਦੁਰਗਾ ਦੀ ਪੂਜਾ ਕੀਤੀ ਸੀ ਅਤੇ ਮਾਤਾ ਦੁਰਗਾ ਨੇ ਭਗਵਾਨ ਰਾਮ ਨੂੰ ਜੇਤੂ ਵਰ ਦਿੱਤਾ ਸੀ। ਦੁਸਹਿਰਾ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵੱਖੋ-ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਬਹੁਤੇ ਰਾਜਾਂ ਵਿਚ ਰਾਵਣ ਦੇ ਪੁਤਲੇ ਜਲਾ ਕੇ ਇਸ ਸਮਾਜ ‘ਚੋਂ ਬੁਰਾਈ ਦਾ ਖਾਤਮਾ ਕਰਕੇ ਸਮਾਜ ਦੇ ਭੈਅ-ਮੁਕਤ ਹੋਣ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਤਿਹਾਸ ਅਨੁਸਾਰ ਰਾਵਣ ਬਹੁਤ ਹੀ ਗੁਣੀ-ਗਿਆਨੀ ਵਿਅਕਤੀ ਸੀ ਪਰ ਉਸਦੀ ਕੀਤੀ ਇਕ ਵੱਡੀ ਗਲਤੀ ਨੇ ਉਸਨੂੰ ਹਮੇਸ਼ਾ ਲਈ ਬੁਰਾਈ ਦਾ ਪਾਤਰ ਬਣਾ ਦਿੱਤਾ। ਅਸੀਂ ਸਦੀਆਂ ਤੋਂ ਉਸਦੇ ਪੁਤਲੇ ਫੂਕ ਕੇ ਆਪਣੇ ਮਨ ਨੂੰ ਤਸੱਲੀ ਦਿੰਦੇ ਆ ਰਹੇ ਹਾਂ ਕਿ ਨੇਕੀ ਹੱਥੋਂ ਬਦੀ ਹਾਰ ਗਈ ਹੈ ਅਤੇ ਸਾਡਾ ਸਮਾਜ ਭੈਅ-ਮੁਕਤ ਹੋ ਗਿਆ ਹੈ। ਸਮਾਜ ‘ਚੋਂ ਬੁਰਾਈਆਂ ਖਤਮ ਹੋ ਗਈਆਂ ਹਨ ਪਰ ਅਸਲ ਬੁਰਾਈਆਂ ਤਾਂ ਸਾਡੇ ਕੋਲੋਂ ਆਪਣੇ ਆਪ ਅੰਦਰਲੀਆਂ ਵੀ ਖਤਮ ਨਹੀਂ ਹੋਈਆਂ। ਆਓ, ਆਪਣੇ ਹੀ ਅੰਦਰ ਝਾਤੀ ਮਾਰੀਏ ਤੇ ਵੇਖਣ ਦੀ ਇਕ ਕੋਸ਼ਿਸ਼ ਕਰੀਏ ਕਿ ਸਾਡੇ ਆਪਣੇ ਅੰਦਰ ਹੀ ਕਿੰਨੀਆਂ ਬੁਰਾਈਆਂ ਜਿਉਂ ਦੀਆਂ ਤਿਉਂ ਹੀ ਪਈਆਂ ਹਨ। ਅੱਜ ਆਪਣੇ ਆਲੇ-ਦੁਆਲੇ ਹੀ ਨਜ਼ਰ ਮਾਰ ਲਓ, ਕਿੰਨੇ ਹੀ ਅੱਜ ਦੇ ਰਾਵਣ ਸੀਨਾ ਤਾਣ ਘੁੰਮ ਰਹੇ ਹਨ, ਕਿੰਨੀਆਂ ਹੀ ਬਾਲੜੀਆਂ ਦੇ ਬਲਾਤਕਾਰ ਹੋ ਰਹੇ ਹਨ, ਮਾਸੂਮਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਅੱਜ ਦੇ ਰਾਵਣ ਕਿੰਨੀਆਂ ਹੀ ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਕੁੱਖਾਂ ਵਿਚ ਕਤਲ ਕਰ ਰਹੇ ਹਨ। ਅੱਜ ਦੇ ਰਾਵਣ ਕਿੰਨੀਆਂ ਧੀਆਂ ਨੂੰ ਦਾਜ ਦੀ ਬਲੀ ਚਾੜ੍ਹ ਰਹੇ ਹਨ, ਆਏ ਦਿਨ ਔਰਤਾਂ ਬੇਪੱਤ ਹੋ ਰਹੀਆਂ ਹਨ, ਲਾਚਾਰ, ਗਰੀਬ ਲਤਾੜੇ ਜਾ ਰਹੇ ਹਨ, ਮਿਹਨਤਕਸ਼ ਪੀੜੇ ਜਾ ਰਹੇ ਹਨ। ਆਓ, ਚੁੱਪ ਰਹਿਣ ਦੀ ਥਾਂ ਆਵਾਜ਼ ਉਠਾਈਏ, ਉਨ੍ਹਾਂ ਕਲਯੁਗੀ ਰਾਵਣਾਂ ਦੇ ਖਿਲਾਫ ਜਿਹੜੇ ਆਪਣੇ ਸੁਆਰਥਾਂ ਲਈ ਇਨਸਾਨੀਅਤ ਦਾ ਘਾਣ ਕਰ ਰਹੇ ਹਨ। ਆਓ, ਲੜੀਏ ਉਨ੍ਹਾਂ ਜ਼ਾਲਮਾਂ ਖਿਲਾਫ, ਜਿਹੜੇ ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਲੀਰੋ-ਲੀਰ ਕਰ ਰਹੇ ਹਨ। ਆਓ, ਬਦਲੀਏ ਉਨ੍ਹਾਂ ਮਾਪਿਆਂ ਦੀ ਸੋਚ, ਜਿਹੜੇ ਅੱਜ ਵੀ ਧੀਆਂ ਨੂੰ ਬੋਝ ਸਮਝਦੇ ਹੋਏ, ਉਨ੍ਹਾਂ ਨੂੰ ਕੁੱਖ ਦੇ ਅੰਦਰ ਹੀ ਮਰਵਾ ਰਹੇ ਹਨ। ਆਓ, ਜਵਾਬ ਮੰਗੀਏ ਉਨ੍ਹਾਂ ਹੁਕਮਰਾਨਾਂ ਤੋਂ, ਜਿਹੜੇ ਜਨਤਾ ਦੇ ਹੱਕਾਂ ਨੂੰ ਕੁਚਲ ਰਹੇ ਹਨ। ਆਓ, ਕੋਰਾ ਜਵਾਬ ਦੇਣਾ ਸਿੱਖੀਏ, ਉਨ੍ਹਾਂ ਦਾਜ ਦੇ ਲੋਭੀਆਂ ਨੂੰ ਜਿਹੜੇ ਸਾਡੀਆਂ ਸੀਤਾ ਵਰਗੀਆਂ ਧੀਆਂ-ਭੈਣਾਂ ਤੋਂ ਦਾਜ ਦੀ ਇੱਛਾ ਰੱਖਦੇ ਹਨ। ਪਰ ਸਾਡੇ ਆਲੇ-ਦੁਆਲੇ ਅਤੇ ਇਸ ਸਮਾਜ ‘ਚੋਂ ਰਾਵਣਾਂ ਦਾ ਖਾਤਮਾ ਕਰਨ ਲਈ ਪਹਿਲਾਂ ਸਾਨੂੰ ਆਪਣਾ ਅੰਦਰ ਸਾਫ ਕਰਨਾ ਪਵੇਗਾ ਕਿਉਂਕਿ ਭਗਵਾਨ ਸ਼੍ਰੀ ਰਾਮ ਨੇ ਜੇਕਰ ਮਹਾ-ਸ਼ਕਤੀਸ਼ਾਲੀ ਰਾਵਣ ਦਾ ਖਾਤਮਾ ਕੀਤਾ ਸੀ ਤਾਂ ਉਨ੍ਹਾਂ ਕੋਲ ਅੱਛਾਈ ਦੀ ਤਾਕਤ ਸੀ। ਉਹ ਖੁਦ ਪਾਕ-ਪਵਿੱਤਰ ਸਨ।ਇਸੇ ਲਈ ਉਨ੍ਹਾਂ ਦੀ ਸਿੱਖਿਆ ‘ਤੇ ਚੱਲਦੇ ਹੋਏ ਸਾਨੂੰ ਵੀ ਅੱਛਾਈ ਦੇ ਲੜ ਲੱਗਣਾ ਪਵੇਗਾ, ਫਿਰ ਜਾ ਕੇ ਅਸੀਂ ਬਾਹਰਲੀ ਬੁਰਾਈ ਦਾ ਖਾਤਮਾ ਕਰ ਸਕਾਂਗੇ। ਤਿਉਹਾਰ ਖੁਸ਼ੀਆਂ ਲਿਆਉਂਦੇ ਹਨ, ਸਾਡੀ ਜ਼ਿੰਦਗੀ ਵਿਚ ਰੰਗਤ ਭਰਦੇ ਹਨ ਅਤੇ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਤਿਉਹਾਰਾਂ ਨੂੰ ਅਸਲ ਅਰਥਾਂ ਵਿਚ ਮਨਾਈਏ। ਆਓ, ਇਸ ਬਦੀ ਦੇ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਨੂੰ ਪਹਿਲਾਂ ਨਾਲੋਂ ਕੁਝ ਹਟ ਕੇ ਮਨਾਈਏ। ਰਾਵਣ ਦੇ ਪੁਤਲੇ ਦੇ ਨਾਲ ਹੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਜਲਾ ਆਈਏ ਅਤੇ ਵਾਪਿਸ ਪਰਤੀਏ ਆਪਣੇ ਘਰ ਇਕ ਨਵੀਂ ਸੋਚ ਦੇ ਨਾਲ ਅਤੇ ਬਿਲਕੁਲ ਸਾਫ ਮਨ ਦੇ ਨਾਲ, ਜਿਸ ਵਿਚ ਆਪਣੇ-ਪਰਾਏ ਕਿਸੇ ਲਈ ਵੀ ਵੈਰ-ਵਿਰੋਧ ਨਾ ਹੋਵੇ, ਕੋਈ ਬੇਈਮਾਨੀ, ਕਿਸੇ ਲਾਲਚ ਦਾ ਪਰਦਾ ਨਾ ਹੋਵੇ। ਸੱਚ ਬੋਲਣ ਦੀ ਹਿੰਮਤ ਹੋਵੇ, ਜ਼ੁਲਮ ਕਰਨਾ ਤਾਂ ਦੂਰ ਦੀ ਗੱਲ, ਜ਼ੁਲਮ ਸਹਿਣਾ ਤੇ ਕਿਸੇ ਦੂਸਰੇ ‘ਤੇ ਵੀ ਹੁੰਦਾ ਵੇਖਿਆ ਨਾ ਜਾਵੇ। ਆਪਣੇ ਰਾਸ਼ਟਰ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਹੋਵੇ। ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਸੋਚ ਲੈ ਕੇ ਜਾਈਏ। ਆਓ, ਮਿਟਾ ਦੇਈਏ ਨਫਰਤ ਦੀਆਂ ਦੀਵਾਰਾਂ ਅਤੇ ਇਕ ਚੰਗੇ ਆਲੇ-ਦੁਆਲੇ ਦੀ ਸਿਰਜਣਾ ਕਰੀਏ।

RELATED ARTICLES
POPULAR POSTS