Breaking News
Home / ਨਜ਼ਰੀਆ / ਅਪਾਹਜ ਆਸ਼ਰਮ ਸਰਾਭਾ ਵਿੱਚ ਰਹਿ ਰਹੇ ਲੋੜਵੰਦਾਂ ਨੂੰ ਦੇਖ ਕੇ ਜਦੋਂ ਕਈਆਂ ਦੀਆਂ ਅੱਖਾਂ ਭਰ ਆਉਂਦੀਆਂ

ਅਪਾਹਜ ਆਸ਼ਰਮ ਸਰਾਭਾ ਵਿੱਚ ਰਹਿ ਰਹੇ ਲੋੜਵੰਦਾਂ ਨੂੰ ਦੇਖ ਕੇ ਜਦੋਂ ਕਈਆਂ ਦੀਆਂ ਅੱਖਾਂ ਭਰ ਆਉਂਦੀਆਂ

ਦਲਜੀਤ ਸਿੰਘ ਰੰਧਾਵਾ
ਦੁੱਖ ਦੇਖ ਕੇ ਇਹਨਾਂ ਦੁਖਿਆਰਿਆਂ ਦਾ, ਹੰਝੂ ਅੱਖਾਂ ਚੋਂ ਕਈਆਂ ਦੇ ਚੋ ਜਾਂਦੇ ॥
ਅਸਲੀ  ਰੂਪ  ਗਰੀਬੀ  ਦਾ ਵੇਖ  ਕੇ ਤੇ,  ਪੱਥਰ  ਦਿਲ ਵੀ ਮੋਮ ਨੇ ਹੋ ਜਾਂਦੇ ॥
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਹੋ ਰਹੀ ਸੇਵਾ ਨੂੰ ਦੇਖਣ ਲਈ ਜਦੋਂ ਲੋਕ ਆਉਂਦੇ ਹਨ  ਤਾਂ ਆਸ਼ਰਮ ਵਿੱਚ ਰਹਿ ਰਹੇ ਲੋੜਵੰਦਾਂ ਦੀ ਹਾਲਤ ਦੇਖ ਕੇ ਕਈਆਂ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਕਿਰ ਪੈਂਦੇ ਹਨ । ਇਸ ਆਸ਼ਰਮ ਵਿੱਚ ਤਕਰੀਬਨ 50 (ਪੰਜਾਹ) ਦੇ ਕਰੀਬ ਲੋੜਵੰਦ  ਰਹਿੰਦੇ ਹਨ ਜਿਹਨਾਂ ਵਿੱਚੋਂ  15-16 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਆਦਿ  ਕੱਪੜਿਆਂ ਵਿੱਚ ਹੀ ਕਰਦੇ ਹਨ ।
ਜ਼ਿਆਦਾਤਰ ਅਜਿਹੇ ਲੋਕ ਲਾਵਾਰਸ ਅਤੇ ਬੇਘਰ ਹੋਣ ਕਰਕੇ ਸੜਕਾਂ ਦੇ ਕਿਨਾਰੇ ਖੁਲ੍ਹੇ ਅਸਮਾਨ ਥੱਲੇ ਜ਼ਿੰਦਗੀ ਬਤੀਤ ਕਰਦੇ ਹਨ । ਬਿਮਾਰ ਹੋ ਜਾਣ ਦੀ ਸੂਰਤ ਵਿੱਚ ਬਦਬੂ ਮਾਰਦੀ ਹਾਲਤ ਦੇਖ ਕੇ ਕੋਈ ਵੀ ਵਿਅਕਤੀ ਸਹਾਇਤਾ ਕਰਨ ਲਈ ਇਹਨਾਂ ਦੇ ਨੇੜੇ ਨਹੀਂ ਢੁੱਕਦਾ । ਅਜਿਹੇ  ਲੋੜਵੰਦਾਂ  ਨੂੰ  ਸੜਕਾਂ  ਤੋਂ  ਚੁੱਕ ਕੇ ਇਸ ਆਸ਼ਰਮ ਵਿੱਚ ਲਿਆਇਆ ਜਾਂਦਾ ਹੈ, ਉਹਨਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ।
ਇਹਨਾਂ ਲੋੜਵੰਦਾਂ ਵਿੱਚੋਂ ਕਈ ਤਾਂ ਆਪਣਾ ਨਾਉਂ ਜਾਂ ਘਰ-ਬਾਰ ਵਾਰੇ ਵੀ ਨਹੀਂ ਦੱਸ ਸਕਦੇ । ਅਜਿਹੇ ਲੋੜਵੰਦਾਂ ਨੂੰ ਆਸ਼ਰਮ ਦੇ ਸੇਵਾਦਾਰ ਸੰਭਾਲਦੇ ਹਨ, ਮਲ-ਮੂਤਰ ਸਾਫ਼ ਕਰਦੇ ਹਨ ਅਤੇ ਇਸ਼ਨਾਨ ਆਦਿ ਕਰਾਉਂਦੇ ਹਨ । ਤਸਵੀਰ ਵਿੱਚ ਲਾਵਾਰਸ ਸੁਭਾਸ਼ ਜੋ ਕਿ 23 ਜਨਵਰੀ 2017 ਨੂੰ ਆਸ਼ਰਮ ਵਿੱਚ ਦਾਖ਼ਲ ਹੋਇਆ । ਇਲਾਜ ਕਰਾਉਣ ਦੇ ਬਾਵਜੂਦ ਵੀ ਇਹ ਵਿਅਕਤੀ ਆਪਣੇ ਘਰ-ਬਾਰ ਵਾਰੇ ਕੁੱਝ ਨਹੀਂ ਦੱਸ  ਸਕਿਆ । ਤਿੰਨ ਮਹੀਨੇ ਮੰਜੇ ਤੇ ਪਏ ਰਹਿਣ ਮਗਰੋਂ ਇਸ ਦੀ ਮੌਤ ਹੋ ਗਈ।
ਗੁਰਮੀਤ ਸਿੰਘ ਜੋ ਕਿ ਕਿਰਾਏ ਤੇ ਟੈਂਪੂ ਚਲਾਉਂਦਾ ਸੀ, ਇਸ ਦਾ ਆਪਣਾ ਕੋਈ ਘਰ-ਬਾਰ ਨਹੀਂ ਸੀ ।  ਕਿਰਾਏ ਤੇ ਕਮਰਾ ਲੈ ਕੇ ਰਹਿੰਦਾ ਸੀ । ਜੋ ਕਮਾਉਂਦਾ ਸੀ ਉਹ ਖਾ-ਪੀ ਲੈਂਦਾ ਸੀ । ਇਸ ਨੂੰ ਅਧਰੰਗ ਹੋ ਗਿਆ ਜਿਸ ਕਾਰਨ ਦੋਨੋ ਲੱਤਾਂ ਅਤੇ ਬਾਹਾਂ ਕੰਮ ਕਰਨ ਤੋਂ ਹਟ ਗਈਆਂ । ਕੁੱਝ ਦੋਸਤਾਂ ਨੇ ਤਰਸ ਕਰਕੇ ਇਸ ਨੂੰ  ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਪਰ ਠੀਕ ਨਾ ਹੋ ਸਕਿਆ । ਫਿਰ ਇਸ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿਵਾ ਕੇ 13 ਫਰਵਰੀ 2017 ਨੂੰ ਆਸ਼ਰਮ ਵਿੱਚ ਛੱਡ ਗਏ। ਤਕਰੀਬਨ 3 ਹਫ਼ਤੇ ਆਸ਼ਰਮ ਵਿੱਚ ਮੰਜੇ ਤੇ ਪਏ ਰਹਿਣ ਮਗਰੋਂ ਇਹ ਵਿਅਕਤੀ ਸੁਰਗਵਾਸ ਹੋ ਗਿਅ।
ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਪੱਖੋਵਾਲ ਦੀਆਂ ਸੜਕਾਂ ਤੇ ਜ਼ਿੰਦਗੀ ਬਿਤਾ ਰਹੀ ਸ਼ਿਮਲਾ ਦੇਵੀ ਨੂੰ ਉੱਥੋਂ ਦੇ ਕੁੱਝ ਸੱਜਣ ਅਕਤੂਬਰ 2016 ਵਿੱਚ ਆਸ਼ਰਮ ਵਿੱਚ ਛੱਡ ਕੇ ਗਏ । ਇਹ ਆਪਣੇ ਨਾਉਂ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਦੱਸ ਸਕਦੀ । ਇਹ ਆਪਣੇ ਆਪ ਬੋਲਦੀ ਰਹਿੰਦੀ ਹੈ ਅਤੇ ਇਸ ਦੇ ਮੂੰਹ ਵਿੱਚੋਂ ਪਾਣੀ ਦੀ ਤਰ੍ਹਾਂ ਲਾਲ਼ਾਂ ਡਿਗਦੀਆਂ ਰਹਿੰਦੀਆਂ ਹਨ। ਮਲ-ਮੂਤਰ ਕਪੜਿਆਂ ਵਿੱਚ ਹੀ ਕਰਦੀ ਹੈ।  ਇਸੇ ਤਰ੍ਹਾਂ ਦਿਮਾਗੀ ਤੋਰ ਤੇ ਬਿਮਾਰ ਜਸਪ੍ਰੀਤ ਕੌਰ ਕਈ ਸਾਲਾਂ ਤੋਂ ਬਠਿੰਡੇ ਦੀਆ ਸੜਕਾਂ ਤੇ ਸੌਂ ਕੇ ਗੁਜ਼ਾਰਾ ਕਰਦੀ ਸੀ । ਇਸ ਨੂੰ ਕੁੱਝ ਵਿਅਕਤੀ  ਸੜਕ ਤੋਂ ਚੁੱਕ ਕੇ ਆਸ਼ਰਮ ਵਿੱਚ ਛੱਡ ਗਏ । ਹੁਣ ਆਸ਼ਰਮ ਵਿੱਚ ਸੇਵਾਦਾਰ ਬੀਬੀਆਂ ਇਹਨਾਂ ਦੀ ਸੇਵਾ-ਸੰਭਾਲ ਕਰਦੀਆਂ ਹਨ।
ਇਸ ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਇੱਕ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖਰਚਾ ਨਹੀਂ ਲਿਆ ਜਾਂਦਾ । ਇੱਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ । ਇਸ ਆਸ਼ਰਮ ਦੇ ਬਾਨੀ ਹਨ ਪਿੰਡ ਜਟਾਣਾ (ਨਜ਼ਦੀਕ ਦੋਰਾਹਾ) ਦੇ ਜੰਮਪਲ ਡਾ. ਨੌਰੰਗ ਸਿੰਘ ਮਾਂਗਟ ਜੋ ਕਿ ਪੀ.ਏ.ਯੂ.ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ, ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਸਾਇੰਸਦਾਨ ਹਨ । ਡਾ. ਮਾਂਗਟ ਨੇ ਕਈ ਸਾਲ ਸਾਇਕਲ ਤੇ ਫਿਰਕੇ ਲੁਧਿਆਣਾ ਸ਼ਹਿਰ ਵਿੱਚ ਸੜਕਾਂ ਕੰਢੇ ਪਏ ਲਾਵਾਰਸਾਂ-ਅਪਾਹਜਾਂ ਦੀ ਸੇਵਾ ਵੀ ਕੀਤੀ ਅਤੇ ਅਜਿਹੇ ਬੇਸਹਾਰਾ ਲੋੜਵੰਦਾਂ ਦੀ ਸੇਵਾ-ਸੰਭਾਲ ਵਾਸਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਰਜਿਸਟਰਡ ਅਤੇ ਚੈਰੀਟੇਬਲ ਦੋ ਮੰਜ਼ਲਾ ”ਗੁਰੂ ਅਮਰ ਦਾਸ ਅਪਾਹਜ ਆਸ਼ਰਮ” ਤਿਆਰ ਕਰਵਾਇਆ ।
ਭਵਿੱਖ ਦੀਆਂ ਜਰੂਰਤਾਂ:(1) ਬੀਬੀਆਂ ਨੂੰ ਅਲੱਗ ਰੱਖਣ ਲਈ ਆਸ਼ਰਮ ਦੀਆਂ ਬਾਕੀ ਰਹਿੰਦੀਆਂ ਮੰਜ਼ਲਾਂ ਦੀ ਤਿਆਰੀ ਕਰਨੀ, (2) ਆਸ਼ਰਮ ਵਿੱਚ ਛੋਟਾ ਜਿਹਾ ਹਸਪਤਾਲ ਬਣਾਉਣਾ ਤਾਂ ਕਿ ਇਹਨਾਂ ਮਰੀਜ਼ਾਂ ਦੀ ਛੋਟੀ-ਮੋਟੀ ਬਿਮਾਰੀ ਦਾ ਇਲਾਜ ਆਸ਼ਰਮ ਵਿੱਚ ਹੀ ਹੋ ਸਕੇ।
ਡਾ. ਮਾਂਗਟ ਅੱਜ ਕੱਲ  ਆਪਣੇ ਪਰਿਵਾਰ ਨੂੰ ਮਿਲਣ ਲਈ ਕੈਲਗਰੀ ਵਿੱਚ ਹਨ । ਉਨ੍ਹਾਂ ਨਾਲ ਸੈੱਲ ਫੋਨ 403-401-8787 ਜਾਂ ਈ-ਮੇਲ [email protected]  ਤੇ ਸੰਪਰਕ ਕੀਤਾ ਜਾ ਸਕਦਾ  ਹੈ । ਵਧੇਰੇ ਜਾਣਕਾਰੀ ਲਈ www.apahajashram.org ਤੇ ਵੀ ਕਲਿੱਕ ਕੀਤਾ ਜਾ ਸਕਦਾ ਹੈ।
ਮੋ: 99145-63300,
email:[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …