ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਇਰਾਨ ‘ਤੇ ਹਮਲਾ ਕੀਤਾ ਸੀ। ਇਰਾਨ ਨੇ ਉਨ੍ਹਾਂ ਦੇ ਡਰੋਨਾਂ ਤੇ ਮਿਜ਼ਾਈਲਾਂ ਦੇ ਹਮਲਿਆਂ ਦਾ ਤਾਬੜਤੋੜ ਜਵਾਬ ਦਿੰਦਿਆਂ 400 ਮਿਜ਼ਾਈਲਾਂ ਦਾਗੀਆਂ ਸਨ। ਇਸ ਜੰਗ ਵਿਚ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮਨੇਈ, ਫੌਜ ਮੁਖੀ, ਰੱਖਿਆ ਮੰਤਰੀ ਅਮੀਰ ਨਸੀਰਜ਼ਾਦੇਹ ਅਤੇ ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਮੁਹੰਮਦ ਪਾਕਪੁਰ ਸਮੇਤ ਕਈ ਉੱਚ ਅਫਸਰ ਮਾਰੇ ਗਏ। ਤਦ ਤੋਂ ਹੀ ਇਹ ਜੰਗ ਜਾਰੀ ਹੈ ਤੇ ਈਰਾਨ ਦੇ ਨਿਸ਼ਾਨੇ ‘ਤੇ ਜਾਰਡਨ, ਸਾਊਦੀ ਅਰਬ, ਬਹਿਰੀਨ, ਯੂਏਈ ਸਮੇਤ ਕਈ ਦੇਸ਼ਾਂ ਦੇ ਅਹਿਮ ਸ਼ਹਿਰ ਰਹੇ ਹਨ। ਅਮਰੀਕਾ-ਇਜ਼ਰਾਈਲ ਨੇ ਮਿਜ਼ਾਈਲ ਦਾਗ਼ ਕੇ ਦੱਖਣੀ ਇਰਾਨ ਦੇ ਹੋਰਮੋਜ਼ਗਾਨ ਸੂਬੇ ਵਿਚ ਸਥਿਤ ਮੀਨਾਥ ਸ਼ਹਿਰ ਦੇ ਪ੍ਰਾਇਮਰੀ ਸਕੂਲ ਦੀਆਂ 165 ਕੁ ਵਿਦਿਆਰਥਣਾਂ ਸਮੇਤ ਸਕੂਲ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ।
ਇਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨੇ ਸਕੂਲ ‘ਤੇ ਇਸ ਹਮਲੇ ਦੀ ਨਿੰਦਾ ਕੀਤੀ। ਭਾਰਤ ਤੋਂ ਪਰਤ ਰਹੇ ਜੰਗੀ ਬੇੜੇ ਆਈਆਰਆਈਐੱਸ ਡੇਨਾ ਨੂੰ ਅਮਰੀਕੀ ਪਣਡੁੱਬੀ ਨੇ ਹਿੰਦ ਮਹਾਸਾਗਰ ‘ਚ ਡੋਬਿਆ। ਇਹ ਜੰਗੀ ਬੇੜਾ 16 ਤੋਂ 25 ਫਰਵਰੀ ਤੱਕ ਵਿਸ਼ਾਖਾਪਟਨਮ ‘ਚ ਹੋਏ ਇੰਟਰਨੈਸ਼ਨਲ ਫਲੀਟ ਰੀਵਿਊ ‘ਚ ਸ਼ਾਮਲ ਹੋ ਕੇ ਇਰਾਨ ਪਰਤ ਰਿਹਾ ਸੀ। ਉਹ ਭਾਰਤ ਦਾ ਮਹਿਮਾਨ ਸੀ। ਸ੍ਰੀਲੰਕਾ ਦੀ ਨੇਵੀ ਨੇ 87 ਇਰਾਨੀ ਜਲ ਸੈਨਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ 32 ਮਲਾਹ ਬਚਾਏ। ਖਾੜੀ ਦੇਸ਼ਾਂ ਵਿਚ 23 ਹਜ਼ਾਰ ਭਾਰਤੀ ਮਲਾਹ ਕੰਮ ਕਰ ਰਹੇ ਹਨ।
ਇਸ ਜੰਗ ਦੇ 16ਵੇਂ ਦਿਨ ਇਰਾਨ ਨੇ ਕੁਵੈਤ, ਤੁਰਕੀ ਅਤੇ ਯੂਏਈ ‘ਤੇ ਭਿਆਨਕ ਹਮਲੇ ਕੀਤੇ। ਲਿਬਨਾਨ ‘ਤੇ ਇਜ਼ਰਾਇਲੀ ਹਮਲਿਆਂ ‘ਚ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿਚ 103 ਬੱਚੇ ਸ਼ਾਮਲ ਹਨ। ਤਕਰੀਬਨ 10 ਲੱਖ ਲੋਕ ਬੇਘਰ ਹੋਏ ਹਨ। ਅਮਰੀਕਾ ਦੀ ਏਅਰ ਫੋਰਸ ਨੇ ਖਾਰਗ ਟਾਪੂ ‘ਤੇ ਵੱਡੇ ਪੱਧਰ ‘ਤੇ ਹਵਾਈ ਹਮਲੇ ਕੀਤੇ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਸ ਮੁਹਿੰਮ ਵਿਚ ਟਾਪੂ ‘ਤੇ ਮੌਜੂਦ ਲਗਪਗ 90 ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੋਰਮੁਜ਼ ਜਲਡਮਰੂ ‘ਚ ਜਹਾਜ਼ਾਂ ਦੀ ਆਵਾਜਾਈ ਰੋਕੀ ਗਈ ਤਾਂ ਖਾਰਗ ਟਾਪੂ ਦੇ ਤੇਲ ਕੇਂਦਰ ਵੀ ਨਿਸ਼ਾਨੇ ‘ਤੇ ਆ ਸਕਦੇ ਹਨ।
ਖਾਰਗ ਟਾਪੂ ਇਰਾਨ ਦੀ ਮੁੱਖ ਤੇਲ ਬਰਾਮਦ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। ਇਸ ਟਾਪੂ ਤੋਂ ਈਰਾਨ ਦੇ ਲਗਪਗ 90 ਫ਼ੀਸਦੀ ਕੱਚੇ ਤੇਲ ਦੀ ਬਰਾਮਦ ਹੁੰਦੀ ਹੈ। ਇਰਾਨ ਦੇ ਖਾਰਗ ਟਾਪੂ ‘ਤੇ ਹਮਲੇ ਲਈ ਯੂਏਈ ਨੂੰ ਜ਼ਿੰਮੇਵਾਰ ਮੰਨਦਿਆਂ ਉਸ ਨੇ ਯੂਏਈ ‘ਤੇ 9 ਬੈਲਿਸਟਿਕ ਮਿਜ਼ਾਈਲਾਂ ਅਤੇ 39 ਡ੍ਰੋਨ ਦਾਗੇ। ਯੂਏਈ ਦੇ ਰੱਖਿਆ ਮੰਤਰਾਲੇ ਮੁਤਾਬਕ ਹੁਣ ਤੱਕ ਇਰਾਨ ਵੱਲੋਂ ਦੇਸ਼ ‘ਤੇ 294 ਬੈਲਿਸਟਿਕ ਮਿਜ਼ਾਈਲਾਂ, 15 ਕਰੂਜ਼ ਮਿਜ਼ਾਈਲਾਂ ਅਤੇ 1600 ਤੋਂ ਵੱਧ ਡ੍ਰੋਨ ਹਮਲੇ ਕੀਤੇ ਜਾ ਚੁੱਕੇ ਹਨ। ਈਰਾਨ ਨੇ ਧਮਕੀ ਦਿੱਤੀ ਹੈ ਕਿ ਹੋਰਮੁਜ਼ ਜਲਮਾਰਗ ਨਹੀਂ ਖੋਲ੍ਹਾਂਗੇ।
ਪਿਛਲੇ ਸਾਲ ਰੋਜ਼ਾਨਾ ਦੋ ਕਰੋੜ ਬੈਰਲ (600 ਬਿਲੀਅਨ ਡਾਲਰ) ਅਤੇ 7 ਖਾੜੀ ਦੇਸ਼ਾਂ ਦਾ ਤੇਲ ਇਸੇ ਰਸਤੇ ਜਾਂਦਾ ਸੀ। ਉਨ੍ਹਾਂ 6 ਲੱਖ ਕਰੋੜ ਡਾਲਰ ਦਾ ਤੇਲ ਬਰਾਮਦ ਕੀਤਾ। ਈਰਾਨ ਦੇ ਰਾਸ਼ਟਰਪਤੀ ਪੇਜੇਸ਼ਕੀਅਨ ਨੇ ਕਿਹਾ ਕਿ ਜੇਕਰ ਅਮਰੀਕਾ ਈਰਾਨ ਦੇ ਹੱਕਾਂ ਨੂੰ ਮਾਨਤਾ ਦੇ ਦੇਵੇ, ਏਅਰਬੇਸ ਹਟਾ ਲਵੇ ਅਤੇ ਉਸ ‘ਤੇ ਥੋਪੀ ਜੰਗ ਦਾ ਮੁਆਵਜ਼ਾ ਦੇ ਦੇਵੇ ਤਾਂ ਜੰਗ ਖ਼ਤਮ ਹੋ ਸਕਦੀ ਹੈ। ਇਕ ਦਾਅਵੇ ਮੁਤਾਬਕ ਇਰਾਨ ਕੋਲ ਅਜੇ ਵੀ 100 ਤੋਂ 200 ਤੱਕ ਮੋਬਾਈਲ ਮਿਜ਼ਾਈਲ ਲਾਂਚਰ ਠੀਕ-ਠਾਕ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਫ਼ੌਜੀ ਤਾਕਤ ‘ਤੇ ਲੋੜੋਂ ਵੱਧ ਭਰੋਸਾ ਸੀ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਉਸ ਦੇ ਤੇਲ ਭੰਡਾਰਾਂ ‘ਤੇ ਕਬਜ਼ਾ ਕਰ ਲੈਣ ਮਗਰੋਂ ਟਰੰਪ ਨੇ ਸੋਚਿਆ ਸੀ ਕਿ ਸੁਪਰੀਮ ਧਾਰਮਿਕ ਆਗੂ ਅਯਾਤੁੱਲਾ ਅਲੀ ਖਾਮਨੇਈ ਨੂੰ ਖ਼ਤਮ ਕਰਨ ਤੋਂ ਬਾਅਦ ਇਰਾਨ ‘ਚ ਲੋਕਤੰਤਰ ਆਪਣੇ-ਆਪ ਆ ਜਾਵੇਗਾ। ਇਹ ਟਰੰਪ ਦਾ ਭਰਮ-ਭੁਲੇਖਾ ਨਿਕਲਿਆ। ਇਸ ਦੌਰਾਨ ਈਰਾਨ ਨੇ ਬਗ਼ਦਾਦ ਦੇ ਏਅਰਬੇਸ ‘ਤੇ ਹਮਲਾ ਕੀਤਾ। ਕੁਵੈਤ ਨੇ ਗ਼ਲਤੀ ਨਾਲ ਇਰਾਨੀ ਜੰਗੀ ਜਹਾਜ਼ ਸਮਝ ਕੇ ਤਿੰਨ ਅਮਰੀਕੀ ਫਾਈਟਰ ਜੈੱਟ ਸੁੱਟ ਲਏ।
ਇਰਾਨ ਨੇ ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕੁਵੈਤ, ਇਰਾਕ, ਸਾਈਪ੍ਰਸ ਤੇ ਓਮਾਨ ਦੇ ਫ਼ੌਜੀ ਅੱਡਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਅਜੇ ਦੋ ਗੱਲਾਂ ਸਪਸ਼ਟ ਨਹੀਂ ਕਿ ਲੜਾਈ ਕਿੰਨੇ ਦਿਨਾਂ ਤੱਕ ਚੱਲੇਗੀ। ਇਸ ਤੋਂ ਇਲਾਵਾ ਲਿਬਨਾਨ ਦੇ ਹਿਜ਼ਬੁੱਲਾ ਅਤੇ ਯਮਨ ‘ਚ ਹੂਤੀਆਂ ‘ਤੇ ਇਜ਼ਰਾਈਲ ਨੇ ਹਮਲਾ ਕੀਤਾ। ਲਿਬਨਾਨ ਉੱਤੇ ਇਜ਼ਰਾਇਲੀ ਹਮਲਿਆਂ ਵਿਚ 800 ਦੇ ਕਰੀਬ ਜਾਨਾਂ ਗਈਆਂ ਜਿਨ੍ਹਾਂ ਵਿਚ 103 ਬੱਚੇ ਸ਼ਾਮਲ ਹਨ। ਅੱਠ ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ।
ਹੈਰਾਨੀ ਵਾਲੀ ਗੱਲ ਹੈ ਕਿ ਦੁਨੀਆ ਭਰ ਵਿਚ ਪਰਮਾਣੂ ਜਾਂ ਵਿਆਪਕ ਵਿਨਾਸ਼ ਦੇ ਹਥਿਆਰਾਂ ਅਤੇ ਹੋਰ ਮਸਲਿਆਂ ਦੀ ਆਪਣੀ ਸੁਵਿਧਾ ਮੁਤਾਬਕ ਵਿਆਖਿਆ ਕਰਨ ਵਾਲਾ ਅਮਰੀਕਾ ਕਈ ਵਾਰ ਸਭ ਕੌਮਾਂਤਰੀ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਹਮਲੇ ਕਰਦਾ ਹੈ। ਇਸ ਜੰਗ ਕਾਰਨ ਦੋਵਾਂ ਪਾਸਿਆਂ ਦਾ ਨੁਕਸਾਨ ਹੋ ਰਿਹਾ ਹੈ। ਅਮਰੀਕਾ-ਇਜ਼ਰਾਈਲ ਨੇ ਇਰਾਨ ਦੇ ਕਈ ਅਜਿਹੇ ਟਿਕਾਣਿਆਂ ਉੱਤੇ ਬੰਬਾਰੀ ਕੀਤੀ ਜਿਸ ਦੇ ਵਾਤਾਵਰਨ ਤੇ ਮਾਨਵਤਾ ‘ਤੇ ਅਸਰਾਂ ਨੂੰ ਲੈ ਕੇ ਦੁਨੀਆ ਭਰ ਵਿਚ ਸਵਾਲ ਉੱਠ ਰਹੇ ਹਨ। ਇਰਾਨ ਨੂੰ ਝੁਕਾਉਣ ਦਾ ਟੀਚਾ ਮਿੱਥ ਕੇ ਸਕੂਲੀ ਬੱਚੀਆਂ ਅਤੇ ਕਈ ਸ਼ਹਿਰਾਂ ਦੇ ਤੇਲ ਭੰਡਾਰਾਂ ‘ਤੇ ਮਿਜ਼ਾਈਲਾਂ ਦਾਗੀਆਂ। ਇਸ ਦਾ ਅਸਰ ਲੰਬੇ ਸਮੇਂ ਤੱਕ ਹੋਵੇਗਾ ਤੇ ਇਸ ਦੀ ਮਾਰ ਆਮ ਲੋਕਾਂ ਨੂੰ ਸਹਿਣੀ ਪੈ ਸਕਦੀ ਹੈ। ਅਮਰੀਕਾ ਨੇ ਖਾਰਗ ਟਾਪੂ ‘ਤੇ ਹਮਲਾ ਕਰਕੇ ਮਸਲੇ ਨੂੰ ਹੋਰ ਜਟਿਲ ਬਣਾ ਦਿੱਤਾ ਹੈ। ਖਾਰਗ ਟਾਪੂ ਵਿਚ ਇਰਾਨ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ। ਇੱਥੋਂ 90 ਫ਼ੀਸਦੀ ਕੱਚੇ ਤੇਲ ਦੀ ਬਰਾਮਦ ਹੁੰਦੀ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਟਰਸ ਨੇ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਕੀਤੇ ‘ਤੇ ਹਮਲੇ ਦੀ ਨਿੰਦਾ ਕੀਤੀ ਹੈ। ਰੂਸ ਵੀ ਕਹਿ ਚੁੱਕਾ ਹੈ ਕਿ ਅਸੀ ਜਿਸ ਅੰਤਰਰਾਸ਼ਟਰੀ ਕਾਨੂੰਨ ਦੀ ਗੱਲ ਕਰਦੇ ਹਾਂ ਉਹ ਤਾਂ ਖ਼ਤਮ ਹੋ ਚੁੱਕਾ ਹੈ। ਇਹ ਵੀ ਖ਼ਬਰ ਆਈ ਕਿ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਇਰਾਨ ਦੇ ਆਸ-ਪਾਸ ਕਾਲੀ ਸਿਆਹੀ ਵਰਗਾ ਤਰਲ ਵਹਿ ਰਿਹਾ ਹੈ।
ਇਸ ਜੰਗ ਤੋਂ ਪ੍ਰਭਾਵਿਤ ਆਮ ਲੋਕਾਂ ਦੀ ਜ਼ਿੰਦਗੀ ਜਿਨ੍ਹਾਂ ਹਾਲਤਾਂ ‘ਚ ਪਹੁੰਚ ਗਈ ਹੈ ਅਤੇ ਮਾਨਵਤਾ ਦੇ ਸਾਰੇ ਤਕਾਜ਼ੇ ਦਰਕਿਨਾਰ ਕੀਤੇ ਜਾ ਰਹੇ ਹਨ, ਉਹ ਸਭ ਵੱਡੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਭਾਰਤ ਵਿਚ ਹੋਰਮੁਜ਼ ਜਲਮਾਰਗ ਰਾਹੀ 20 ਪ੍ਰਤੀਸ਼ਤ ਤੋਂ ਵੱਧ ਕੱਚਾ ਤੇਲ ਅਤੇ ਐੱਲਐੱਨਜੀ ਦੀ ਸਪਲਾਈ ਹੁੰਦੀ ਹੈ। ਭਾਰਤ 40 ਪ੍ਰਤੀਸ਼ਤ ਤੇਲ ਬਰਾਮਦ ਕਰ ਰਿਹਾ ਹੈ। ਜੇ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਤਾਂ ਤੇਲ ਦੀਆਂ ਨਾ ਸਿਰਫ਼ ਕੀਮਤਾਂ ਹੀ ਵਧਣਗੀਆਂ ਸਗੋਂ ਗੈਸ ਲਈ ਹਾਹਾਕਾਰ ਮਚ ਜਾਵੇਗੀ। ਜੇ ਜੰਗ ਲੰਬੀ ਹੁੰਦੀ ਹੈ ਤਾਂ ਵਿਸ਼ਵ ਅਰਥਚਾਰੇ ‘ਤੇ ਵਿਆਪਕ ਪ੍ਰਭਾਵ ਹੀ ਨਹੀ ਪਵੇਗਾ, ਭਾਰਤ ‘ਤੇ ਵੀ ਇਸ ਦਾ ਪ੍ਰਤੱਖ ਅਸਰ ਨਜ਼ਰ ਆਵੇਗਾ।
-ਮੁਖਤਾਰ ਗਿੱਲ
ਅਮਰੀਕਾ-ਇਜ਼ਰਾਈਲ ਤੇ ਇਰਾਨ ਜੰਗ ਦਾ ਅਸਰ
RELATED ARTICLES

