ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਵੱਲੋਂ ‘ਕੈਨੇਡਾ ਫ਼ਾਊਂਡੇਸ਼ਨ ਫ਼ਾਰ ਇਨੋਵੇਸ਼ਨ’ (ਸੀ.ਐੱਫ਼.ਆਈ.) ਰਾਹੀਂ ਖੋਜਕਾਰਾਂ ਨੂੰ ਨਵੇਂ ਸਾਧਨ ਅਤੇ ਯੰਤਰ ਮੁਹੱਈਆ ਕਰਨ ਲਈ 552 ਮਿਲੀਅਨ ਡਾਲਰ ਪੂੰਜੀ-ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਉਹ ਆਪਣੀ ਖੋਜ ਸਮਰੱਥਾ ਹੋਰ ਤੇਜ਼ ਕਰ ਸਕਣਗੇ ਅਤੇ ਦੇਸ਼ ਵਿੱਚ ਲਚਕੀਲੇ ਅਰਥਚਾਰੇ ਵੱਲ ਵਧਣ ਤੇ ਕੈਨੇਡਾ-ਵਾਸੀਆਂ ਦੀ ਬਿਹਤਰੀ ਲਈ ਹੋਰ ਯਤਨ ਕਰ ਸਕਣਗੇ। ਇਸ ਪੂੰਜੀ-ਨਿਵੇਸ਼ ਨਾਲ 32 ਵੱਖ-ਵੱਖ ਅਦਾਰਿਆਂ ਵਿਖੇ ਚੱਲ ਰਹੇ ਹੈੱਲਥ ਕੇਅਰ, ਕਲੀਨ ਐਨਰਜੀ, ਕੁਆਂਟਮ ਟੈੱਕਨਾਲੌਜੀਆਂ, ਏ.ਆਈ., ਸਸਟੇਨੇਬਲ ਐਗਰੀਕਲਚਰ ਅਤੇ ਓਸ਼ਨ ਸਾਇੰਸ ਦੇ 92 ਖੋਜ ਪ੍ਰਾਜੈੱਕਟਾਂ ਨੂੰ ਮਾਇਕ-ਸਹਾਇਤਾ ਦਿੱਤੀ ਜਾ ਰਹੀ ਹੈ।
ਇਨ੍ਹਾਂ ਮਹਾਨ ਖੋਜ-ਪ੍ਰਾਜੈੱਕਟਾਂ ਦੀ ਅਹਿਮੀਅਤ ਅਤੇ ਕੈਨੇਡੀਅਨ ਖੋਜਕਾਰਾਂ ਦੀ ਸਮਰੱਥਾ ਦੀ ਸਰਾਹਨਾ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਓਨਟਾਰੀਓ ਦੇ ਖੋਜ-ਵਿਗਿਆਨੀ ਅਜਿਹੀਆਂ ਖੋਜਾਂ ਕਰ ਰਹੇ ਹਨ ਜਿਨ੍ਹਾਂ ਨਾਲ ਸਾਡੇ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਕੈਨੇਡਾ-ਵਾਸੀਆਂ ਦਾ ਜੀਵਨ ਖੁਸ਼ਹਾਲ ਹੋਵੇਗਾ। ਇਸ ਫ਼ੈੱਡਰਲ ਫ਼ੰਡਿੰਗ ਨਾਲ ਸਿਹਤ ਤਕਨਾਲੌਜੀ, ਸਾਫ਼-ਸੁਥਰੀ ਊਰਜਾ, ਨਾਜ਼ੁਕ ਧਾਤਾਂ ਅਤੇ ਏ.ਆਈ. ਆਦਿ ਖ਼ੇਤਰਾਂ ਵਿੱਚ ਹੋਰ ਤੇਜ਼ੀ ਨਾਲ ਖੋਜ ਕੀਤੀ ਜਾਏਗੀ। ਇਸ ਨਾਲ ਦੇਸ਼ ਵਿੱਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਵਿਦੇਸ਼ੀ ਵਿਉਪਾਰ ਵਿੱਚ ਵਾਧਾ ਹੋਵੇਗਾ।” ਉਨ੍ਹਾਂ ਦੱਸਿਆ ਕਿ ਇਹ ਪੂੰਜੀ-ਨਿਵੇਸ਼ ਓਨਟਾਰੀਓ ਵੱਲੋ ਖੋਜ ਵਿੱਚ ਕੀਤੀ ਜਾ ਰਹੀ ਅਗਵਾਈ ਅਤੇ ਸਮੁੱਚੇ ਕੈਨੇਡਾ ਦੀ ਖੁਸ਼ਹਾਲੀ ਲਈ ਕੀਤਾ ਜਾ ਰਿਹਾ ਹੈ।
ਇਸ ਕੌਮੀ ਨਿਵੇਸ਼ ਨਾਲ ਓਨਟਾਰੀਓ ਨੂੰ ਅਰਥਚਾਰੇ ਨਾਲ ਸਬੰਧਿਤ ਖੋਜ ਵਿੱਚ ਮਹੱਤਵਪੂਰਨ ਲਾਭ ਪਹੁੰਚੇਗਾ। ਇਸਦੀ ਮੈਕਮਾਸਟਰ ਯੂਨੀਵਰਸਿਟੀ ਵਿੱਚ ‘ਕੈਨੇਡੀਅਨ ਨਿਊਟਰੌਨ ਐਂਡ ਪਾਜ਼ੀਟਰੌਨ ਬੀਮ ਲੈਬਾਰਟਰੀ’ (ਸੀ.ਐੱਨ.ਪੀ.ਬੀ.ਐੱਲ.) ਵਿੱਚ ਚੱਲ ਰਹੀ ‘ਨਿਊਟਰੌਨ ਬੀਮਜ਼’ ਖੋਜ ਵਿੱਚ ਵਾਧਾ ਹੋਵੇਗਾ ਜੋ ਅੱਗੋਂ ਮੈਟੀਰੀਅਲ ਰਿਸਰਚ ਲਈ ਅਤੀ ਲੋੜੀਂਦਾ ਹੈ। ਇਹ ਨਵੇਂ ਵਾਧੇ ਨਾਲ ਓਨਟਾਰੀਓ ਦੇ ਖੋਜੀਆਂ ਅਤੇ ਉਦਯੋਗਿਕ ਭਾਈਵਾਲਾਂ ਨੂੰ ਸੁਰੱਖਿਅਤ ਨਿਊਕਲੀਅਰ ਸਟੋਰੇਜ, ਹਵਾ ਵਿੱਚ ਕਾਰਬਨ ਗੈਸਾਂ ਦੀ ਮਾਤਰਾ ਘਟਾਉਣ, ਨਵੀਂ ਪੀੜ੍ਹੀ ਦੀਆਂ ਬੈਟਰੀਆਂ ਬਨਾਉਣ, ਕੁਆਂਟਮ ਪ੍ਰੋਸੈੱਸਰਜ਼ ਅਤੇ ਅਤੇ ਐਡਵਾਂਸ ਐੱਮ.ਆਰ.ਆਈ. ਟੈਕਨਾਲੌਜੀਆਂ ਨੂੰ ਫ਼ਾਇਦਾ ਪਹੁੰਚੇਗਾ। ਇਸ ਦੇ ਨਾਲ ਹੈੱਲਥ-ਟੈੱਕ ਈਕੋਸਿਸਟਮ, ਕਲੀਨ ਐਨਰਜੀ ਟ੍ਰਾਂਜ਼ੀਸ਼ਨ ਅਤੇ ਉਤਪਾਦ ਦੇ ਮੁਕਾਬਲੇਬਾਜ਼ੀ ਵਿੱਚ ਤੇਜ਼ੀ ਆਏਗੀ।
ਓਨਟਾਰੀਓ ਵਿੱਚ ਹੋਣ ਵਾਲੀ ਖੋਜ ਵਿੱਚ ਇਸ ਤੇਜ਼ੀ ਦੇ ਨਾਲ ਨਾਲ ਕੌਮੀ ਪੱਧਰ ‘ਤੇ ਓਨਟਾਰੀਓ ਦੀਆਂ ਫ਼ਰਮਾਂ ਅਤੇ ਰਿਸਰਚ ਨੈੱਟਵਰਕਸ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਹੋ ਰਹੀ ਕੁਆਂਟਮ ਮੈਟੀਰੀਅਲ, ਕਿਊਬਿਕ ਵਿੱਚ ਹੋ ਰਹੀ ਮਾਈਕਰੋਇਲੈੱਕਟ੍ਰੌਨਿਕਸ ਅਤੇ ਸਸਕੈਚਵਾਂ ਵਿੱਚ ਹੋ ਰਹੀ ਸਸਟੇਨੇਬਲ ਐਗਰੀਕਲਚਰ ਖ਼ੇਤਰਾਂ ਵਿੱਚ ਹੋ ਰਹੀਆਂ ਖੋਜਾਂ ਤੋਂ ਵੀ ਲਾਭ ਹੋਵੇਗਾ। ਆਪਸ ਵਿੱਚ ਜੁੜੀਆਂ ਹੋਈਆਂ ਇਹ ਖੋਜ-ਸਹੂਲਤਾਂ ਓਨਟਾਰੀਓ ਦੀਆਂ ਕੰਪਨੀਆਂ ਵਿੱਚ ਵਿਸ਼ੇਸ਼ ਕਿਸਮ ਦੇ ਯੰਤਰਾਂ ਅਤੇ ਸਕੇਲ ਪ੍ਰੋਟੋਟਾਈਪਸ ਤੱਕ ਦੇਸ਼-ਭਰ ਦੇ ਵਿਗਿਆਨੀਆਂ ਦੀ ਪਹੁੰਚ ਵਿੱਚ ਵਾਧਾ ਕਰਨਗੀਆਂ ਅਤੇ ਸੈਮੀਕੰਡਕਟਰਾਂ ਤੇ ਘੱਟ ਲਾਗਤ ਵਾਲੀ ਏ.ਆਈ. ਤੇ ਕਲੀਨ ਟੈੱਕਨਾਲੌਜੀਆਂ ਦੀ ਸਪਲਾਈ-ਚੇਨ ਨੂੰ ਹੋਰ ਅੱਗੇ ਵਧਾਉਣਗੀਆਂ।
ਉਦਯੋਗ ਮੰਤਰੀ ਮਾਣਯੋਗ ਮੇਲੇਨੀ ਜੌਲੀ ਨੇ ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ”ਕੈਨੇਡਾ ਆਪਣੀਆਂ ਖੋਜਾਂ ਅਤੇ ਨਵੀਆਂ ਕਾਢਾਂ ਉੱਪਰ ਪੂੰਜੀ-ਨਿਵੇਸ਼ ਕਰਨ ਉੱਪਰ ਕੇਂਦ੍ਰਿਤ ਹੋ ਰਿਹਾ ਹੈ ਜਿਨ੍ਹਾਂ ਨਾਲ ਅਸੀਂ ਵਿਗਿਆਨਕ ਅਤੇ ਵਿਦਿਅਕ ਦੋਵੇਂ ਤਰ੍ਹਾਂ ਦੀ ਤਾਕਤ ਬਣੀਏ ਜੋ ਭਵਿੱਖ ਵਿੱਚ ਜੀ-7 ਦੇਸ਼ਾਂ ਵਿੱਚ ਮਜ਼ਬੂਤ ਅਰਥਚਾਰੇ ਦੀ ਅਹਿਮ ਕੜੀ ਬਣ ਰਿਹਾ ਹੈ। ‘ਕੈਨੇਡਾ ਫ਼ਾਊਂਡੇਸ਼ਨ ਫ਼ਾਰ ਇਨੋਵੇਸ਼ਨ’ ਰਾਹੀਂ ਕੀਤਾ ਜਾ ਰਿਹਾ ਇਹ ਨਿਵੇਸ਼ ਸਾਡੇ ਖੋਜੀ-ਵਿਦਵਾਨਾਂ ਨੂੰ ਵਿਸ਼ਵ ਪੱਧਰ ਦੀਆਂ ਖੋਜ-ਸਹੂਲਤਾਂ ਅਤੇ ਯੰਤਰ ਮੁਹੱਈਆ ਕਰਵਾਏਗਾ ਜਿਨ੍ਹਾਂ ਨਾਲ ਉਹ ਕੈਨੇਡਾ ਦੇ ਖੋਜ ਇਨਫ਼ਰਾਸਟਰੱਕਚਰ ਵਿੱਚ ਵਾਧਾ ਕਰਨਗੇ, ਖੋਜਾਂ ਵਿੱਚ ਤੇਜ਼ੀ ਲਿਆਉਣਗੇ ਅਤੇ ਨਵੇਂ ਮੌਕੇ ਪੈਦਾ ਕਰਨਗੇ ਜਿਨ੍ਹਾਂ ਸਦਕਾ ਕੈਨੇਡਾ-ਵਾਸੀਆਂ ਨੂੰ ਹੋਰ ਲਾਭ ਪਹੁੰਚੇਗਾ।”

