ਬਰੈਂਪਟਨ : ਕੈਨੇਡਾ ਵਿਚ ਬਰੈਂਪਟਨ ਸਿਟੀ ਇਕ ਮਿੰਨੀ ਪੰਜਾਬ ਕਰ ਕੇ ਜਾਣਿਆ ਜਾਂਦਾ ਹੈ। ਸ਼ਹਿਰ ਦੇ ਬਹੁਤ ਸਾਰੇ ਭਾਗਾਂ ਵਿਚ ਸਾਡੇ ਸੀਨੀਅਰ ਸਾਥੀਆਂ ਨੇ ਕਲਬੱਜ਼ ਬਣਾਈਆਂ ਹੋਈਆਂ ਹਨ ਅਤੇ ਗਰਮੀ ਦੇ ਦਿਨਾਂ ਵਿਚ ਆਪਣੇ ਦਿਲ ਪਰਚਾਵੇ ਲਈ ਟੂਰ ਲਗਾਉਂਦੇ ਹਨ। ਸਾਡੀ ਕਾਲਡਰਸਟੋਨ ਸੀਨੀਅਰ ਕਲੱਬ ਨੇ ਵੀ 17 ਜੁਲਾਈ ਦਿਨ ਐਤਵਾਰ ਨੂੰ ਸੈਂਟਰ ਆਈਲੈਂਡ ਦਾ ਟੂਰ ਲਗਾਇਆ।
ਬੱਸਾਂ ਚਲਣ ਤੋਂ ਅੱਧਾ ਘੰਟਾ ਪਹਿਲਾਂ ਸਾਰੇ ਹੀ ਸਾਥੀ ਪਾਰਕ ਵਿਚ ਇਕੱਠੇ ਹੋ ਗਏ ਜਿਥੇ ਓਹਨਾਂ ਨੂੰ ਮਿਲਣ ਲਈ ਸਾਡੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਅਤੇ ਐਮ ਪੀ ਪੀ ਹਰਿੰਦਰ ਮੱਲ੍ਹੀ ਆਏ ਹੋਏ ਸਨ। ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਡਾ. ਸੋਹਨ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਸਾਰੇ ਹੀ ਮੌਜੂਦ ਸਾਥੀਆਂ ਦਾ ਸਵਾਗਤ ਕੀਤਾ ਅਤੇ ਦਿਨ ਦੇ ਸਾਰੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਰਾਜ ਗਰੇਵਾਲ ਅਤੇ ਹਰਿੰਦਰ ਮੱਲੀ ਦੋਹਾਂ ਨੇ ਹੀ ਟੂਰ ‘ਤੇ ਜਾਣ ਵਾਲੇ ਸੀਨੀਅਰਜ਼ ਨੂੰ ਬਹੁਤ ਹੀ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਅਤੇ ਗੁਡ ਵਿਸ਼ਜ਼ ਦਿਤੀਆਂ। ਤਿੰਨ ਬੱਸਾਂ ਸੀਨੀਅਰਜ਼ ਨੂੰ ਲੈ ਕੇ ਠੀਕ 9.30 ਵਜੇ ਸੈਂਟਰ ਆਈਲੈਂਡ ਟੋਰਾਂਟੋ ਲਈ ਰਵਾਨਾ ਹੋ ਗਈਆਂ। 45 ਕੁ ਮਿੰਟਾਂ ਦਾ ਸਫਰ ਤਹਿ ਕਰਕੇ ਬੱਸਾਂ ਨੇ ਸਾਰੇ ਸਾਥੀਆਂ ਨੂੰ ਫੈਰੀ ਡੌਕ ਦੇ ਨੇੜੇ ਉਤਾਰ ਦਿੱਤਾ ਤੇ ਉਹ ਫੈਰੀ ਤੇ ਸਵਾਰ ਹੋ ਕੇ ਪਾਰਕ ਵਿਚ ਪਹੁੰਚ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਨਾਲ ਲਿਆਂਦਾ ਹੋਇਆ ਸ਼ਾਹ ਵੇਲਾ ਛਕਿਆ ਤੇ ਫਿਰ ਸਾਰੇ ਹੀ ਲੇਡੀਜ਼ ਅਤੇ ਮੈਨ ਛੋਟੇ-ਛੋਟੇ ਗਰੁੱਪਾਂ ਵਿਚ ਵੰਡ ਕੇ ਸਾਰੇ ਸੈਂਟਰ ਆਈਲੈਂਡ ਵਿਚ ਘੁੰਮਦੇ ਰਹੇ ਅਤੇ ਆਈਲੈਂਡ ਦਾ ਅਨੰਦ ਮਾਣਿਆ । ਇਸ ਦਿਨ ਪਾਰਕ ਵਿਚ ਫੈਸਟੀਵਲ ਆਫ ਇੰਡੀਆ ਵਲੋਂ ਕਾਫੀ ਚੰਗੇ ਪ੍ਰੋਗਰਾਮ ਚਲ ਰਹੇ ਸਨ ਜਿਸ ਦਾ ਅਨੰਦ ਸੋਨੇ ਤੇ ਸੁਹਾਗਾ ਵਾਲੀ ਗਲ ਸੀ।ਸਾਡੀਆਂ ਲੇਡੀਜ਼ ਨੇ ਹੋਰ ਕਲੱਬਾਂ ਤੋਂ ਆਈਆਂ ਹੋਈਆਂ ਸਾਥਣਾਂ ਨਾਲ ਮਿਲ ਕੇ ਖੂਬ ਗਿੱਧਾ ਪਾਇਆ ਤੇ ਮਨ ਪਰਚਾਵਾ ਕੀਤਾ। ਆਦਮੀ ਲੋਕਾਂ ਨੇ ਹੋਰ ਕਲੱਬਾਂ ਤੋਂ ਆਏ ਹੋਏ ਸਾਥੀਆਂ ਨੂੰ ਮਿਲ ਕੇ ਵਿਚਾਰ ਵਟਾਂਦਰਾ ਕਰਕੇ ਖੁਸ਼ੀ ਪ੍ਰਾਪਤ ਕੀਤੀ। ਦੋ ਵਜੇ ਦੇ ਕਰੀਬ ਹਰੇ ਰਾਮਾ ਹਰੇ ਕ੍ਰਿਸ਼ਨਾ ਵੱਲੋਂ ਲਾਏ ਗਏ ਲੰਗਰ ਦਾ ਅਨੰਦ ਮਾਣਿਆ। ਸਾਰਾ ਦਿਨ ਖੁਸ਼ੀ ਖੁਸ਼ੀ ਬਿਤਾ ਕੇ ਸ਼ਾਮ ਦੇ ਸਾਢੇ ਕੁ ਛੇ ਵਜੇ ਆਪਣੇ ਘਰਾਂ ਨੂੰ ਪਰਤ ਆਏ। ਕਲੱਬ ਦੇ ਪਰਧਾਨ ਡਾ. ਸੋਹਨ ਸਿੰਘ ਨੇ ਇਸ ਬਹੁਤ ਹੀ ਕਾਮਯਾਬ ਟਰਿਪ ਲਈ ਸਾਰੇ ਮੈਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲਾ ਟਰਿਪ 31 ਜੁਲਾਈ ਨੂੰ ਨਿਆਗਰਾ ਫਾਲਜ਼ ਲੈ ਜਾਣ ਦਾ ਐਲਾਨ ਕੀਤਾ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …