-1.4 C
Toronto
Sunday, December 7, 2025
spot_img
Homeਕੈਨੇਡਾ'ਸੰਘਾ ਮੋਸ਼ਨ ਪਿਕਚਰਜ਼' ਦੁਆਰਾ ਬਣੀਆਂ ਦੋ ਫ਼ਿਲਮਾਂ ਪੀਲ ਸਕੂਲ ਡਿਸਟ੍ਰਿਕਟ ਬੋਰਡ ਵਿਖੇ...

‘ਸੰਘਾ ਮੋਸ਼ਨ ਪਿਕਚਰਜ਼’ ਦੁਆਰਾ ਬਣੀਆਂ ਦੋ ਫ਼ਿਲਮਾਂ ਪੀਲ ਸਕੂਲ ਡਿਸਟ੍ਰਿਕਟ ਬੋਰਡ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਸੰਪੰਨ ਹੋਏ ਏਸ਼ੀਅਨ ਹੈਰੀਟੇਜ ਮੰਥ ਦੌਰਾਨ ‘ਸੰਘਾ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਤਿਆਰ ਕੀਤੀਆਂ ਗਈਆਂ ਦੋ ਫ਼ਿਲਮਾਂ ਪੀਲ ਸਕੂਲ ਡਿਸਟ੍ਰਿਕਟ ਬੋਰਡ ਦੇ ਸਕੂਲ ਲੋਹੀਡ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਨਮੁੱਖ ਪ੍ਰਦਰਸ਼ਿਤ ਕੀਤੀਆਂ ਗਈਆਂ। ਦੋਹਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਉਪਰੰਤ, ਉਨ੍ਹਾਂ ਵੱਲੋਂ ਇਨ੍ਹਾਂ ਫ਼ਿਲਮਾਂ ਸਬੰਧੀ ਕਈ ਸੁਆਲ ਪੁੱਛੇ ਗਏ।
ਇਨ੍ਹਾਂ ਵਿਚ ਪਹਿਲੀ ਫ਼ਿਲਮ ਕਈ ਅੰਤਰ-ਰਾਸ਼ਟਰੀ ਪੱਧਰ ਦੇ ਇਨਾਮ ਜਿੱਤ ਕੇ ਨਾਮਣਾ ਖੱਟ ਚੁੱਕੀ ਡਾ. ਜਗਮੋਹਨ ਸਿੰਘ ਸੰਘਾ ਅਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ‘ਸੰਘਾ ਮੋਸ਼ਨ ਪਿਕਚਰਜ਼’ ਵੱਲੋਂ ਬਣਾਈ ਗਈ ‘ਨੈਵਰ ਅਗੇਨ’ ਸੀ।
ਫ਼ਿਲਮ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਅੱਲੜ੍ਹ ਵਰੇਸ ਵਿਚ ਇਕ ਨੌਜਵਾਨ ਵੱਲੋਂ ਆਪਣੇ ਮਾਪਿਆਂ ਦਾ ਇਕ ਦੂਸਰੇ ਪ੍ਰਤੀ ਹਿੰਸਕ-ਰਵੱਈਆ ਅੱਖੀਂ ਵੇਖ ਕੇ ਉਸ ਦੇ ਮਨ ‘ਤੇ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਹ ਸਕੂਲ ਵਿਚ ਕਿਵੇਂ ਅਣਗੌਲਿਆ ਤੇ ਅਣਸੁਰੱਖ਼ਿਅਤ ਮਹਿਸੂਸ ਕਰਦਾ ਹੈ। ਇਹ ਲਘੂ-ਫ਼ਿਲਮ ਅਖ਼ੀਰ ਵਿਚ ਬੜਾ ਹਾਂ-ਪੱਖੀ ਅਤੇ ਉਸਾਰੂ ਸੁਨੇਹਾ ਦਿੰਦੀ ਹੈ ਕਿ ਕਿਵੇਂ ਨੌਜਵਾਨ ਦਿਮਾਗੀ ਦਬਾਅ ਤੇ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰ ਸਕਦੇ ਹਨ ਅਤੇ ਹਾਂ-ਪੱਖੀ ਰਵੱਈਆ ਰੱਖ ਕੇ ਅੱਗੋਂ ਜੀਵਨ ਵਿਚ ਉਹ ਕਿਵੇਂ ਕਾਮਯਾਬ ਹੋ ਸਕਦੇ ਹਨ।
ਵਿਲੀਅਮ ਅਰਨੈੱਸਟ ਹੈਨਲੇ ਦੀ ਕਵਿਤਾ ‘ਇਨਵਿਕਟਸ’ ਦੇ ਉਤਸ਼ਾਹੀ ਸ਼ਬਦ ‘ਆਈ ਐਮ ਦ ਮਾਸਟਰ ਆਫ਼ ਮਾਈ ਫੇਟ, ਆਈ ਐਮ ਦ ਕੈਪਟਨ ਆਫ਼ ਮਾਈ ਸੋਲ’ ਫ਼ਿਲਮ ਦਾ ਕੇਂਦਰ-ਬਿੰਦੂ ਹਨ ਜਿਨ੍ਹਾਂ ਨੇ ਨੈਲਸਨ ਮੰਡੇਲਾ ਨੂੰ ਜੇਲ੍ਹ ਵਿਚ ਜ਼ਿੰਦਾ ਰੱਖਿਆ ਸੀ। ਇਸ ਫ਼ਿਲਮ ਦੀ ਸ਼ੂਟਿੰਗ ਟੋਰਾਂਟੋ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਫ਼ਿਲਮ ਦੇ ਬਹੁ-ਸੱਭਿਆਚਾਰੀ ਯੂਨਿਟ ਦੇ ਮੈਂਬਰਾਂ ਦੇ ਨਾਲ ਕੀਤੀ ਗਈ ਸੀ ਅਤੇ ਇਸ ਦਾ ਪਹਿਲਾ ਪ੍ਰਦਰਸ਼ਨ ‘ਇਫ਼ਸਾ’ (ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਸਾਊਥ ਏਸ਼ੀਆ) ਵਿਚ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਫ਼ਿਲਮ ਕਈ ਅੰਤਰ-ਰਾਸ਼ਟਰੀ ਫ਼ਿਲਮੀ ਮੇਲਿਆਂ ਵਿਚ ਵਿਖਾਈ ਗਈ ਜਿਨ੍ਹਾਂ ਵਿਚ ‘ਮਿਆਮੀ ਇੰਡੀਪੈਂਨਡੈਂਟ ਫ਼ਿਲਮ ਫ਼ੈਸਟੀਵਲ’, ‘ਮੂਡੀ ਕਰੈਬ ਇੰਡੀਪੈਂਨਡੈਂਟ ਫ਼ਿਲਮ ਫੈਸਟੀਵਲ’, ‘ਟੈਗੋਰ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ’ ਅਤੇ ‘ਬੈੱਸਟ ਗਲੋਬ ਸ਼ੌਰਟਸ’ ਆਦਿ ਸ਼ਾਮਲ ਹਨ।
ਅਗਲੇ ਦਿਨ ਦੂਸਰੀ ਡਾਕੂਮੈਂਟਰੀ ਫ਼ਿਲਮ ‘ਆਈ ਐਮ ਸਟਿੱਲ ਮੀ’ ਜਿਹੜੀ ਕਿ ਦਿਮਾਗੀ ਸਿਹਤ ਅਤੇ ਮਨੁੱਖੀ ਭਾਵਨਾਵਾਂ ਉੱਪਰ ਆਧਾਰਿਤ ਹੈ, ਦਰਸ਼ਕਾਂ ਦੇ ਰੂ-ਬ-ਰੂ ਕੀਤੀ ਗਈ। ਇਹ ਫ਼ਿਲਮ ਕੈਨੇਡਾ ਦੇ ਲੇਖਕ, ਕਵੀ ਅਤੇ ਟੀ.ਵੀ. ਹੋਸਟ ਡਾ. ਜਗਮੋਹਨ ਸੰਘਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ‘ਮੇਹਰ’ (ਮੈਂਟਲ ਐਂਡ ਇਮੋਸ਼ਨਲ ਹੈੱਲਥ ਅਵੇਅਰਨੈੱਸ ਰੈਨੇਸਾਂ) ਉੱਪਰ ਬਣੀ ਇਸ ਫ਼ਿਲਮ ਵਿਚ ਡਿਪਰੈੱਸ਼ਨ, ਮੂਡ, ਚਿੰਤਾ ਅਤੇ ਹੋਰ ਅਣਸੁਖਾਵੀਆਂ ਦਿਮਾਗ਼ੀ ਹਾਲਾਤ ਦੇ ਸ਼ਿਕਾਰ ਵੱਖ-ਵੱਖ ਪਾਤਰ (ਕੈਰੈਕਟਰ) ਪੇਸ਼ ਕੀਤੇ ਗਏ ਹਨ ਜੋ ਆਪੋ-ਆਪਣੀ ਕਹਾਣੀ ਬਿਆਨ ਕਰਦੇ ਹਨ। ਥੀਏਟਰ ਦੀਆਂ ਵੱਖ-ਵੱਖ ਸੂਖ਼ਮ ਕਲਾਵਾਂ ਰਾਹੀਂ ਇਸ ਡਾਕੂਮੈਂਟਰੀ ਫ਼ਿਲਮ ਵਿਚ ‘ਸਾਈਜ਼ੋਫ਼ਰੇਨੀਆ’ ਨੂੰ ਵੀ ਬਾਖ਼ੂਬੀ ਵਿਖਾਇਆ ਗਿਆ ਹੈ।
ਫ਼ਿਲਮ ਦਾ ਅੰਤ ਡਾ. ਜਗਮੋਹਨ ਸੰਘਾ ਦੀ ਮੈਂਟਲ ਹੈੱਲਥ ਸਬੰਧੀ ਲਿਖੀ ਹੋਈ ਕਵਿਤਾ ਦੀਆਂ ਬਾ-ਕਮਾਲ ਸਤਰਾਂ ‘ਵੈੱਨ ਹੀ ਥੌਟ ਦੈਟ ਲਾਈਫ਼ ਇਜ਼ ਅੇ ਸੌਂਗ, ਪੀਪਲ ਵਰ ਆਊਟ ਟੂ ਪਰੂਵ ਹਿਮ ਰੌਂਗ, ਲਾਈਕ ਐਨੀਵੰਨ ਐੱਲਜ਼ ਹੀ ਥੌਟ ਹੀ ਇਜ਼ ਨਾਰਮਲ, ਯੈੱਟੇ ਪੀਪਲ ਸਮੱਰਕਡ ਐਂਡ ਐੱਕਟਡ ਸੋ ਫਾਰਮਲ’ (ਜਦੋਂ ਉਸ ਨੇ ਸੋਚਿਆ ਕਿ ਜ਼ਿੰਦਗੀ ਇਕ ਗੀਤ ਹੈ ਤਾਂ ਲੋਕ ਉਸ ਨੂੰ ਗ਼ਲਤ ਸਾਬਤ ਕਰਨ ਲਈ ਬਾਹਰ ਨਿਕਲ ਪਏ, ਤੇ ਹੋਰਨਾਂ ਵਾਂਗ ਜਦੋ ਉਸ ਨੇ ਇਹ ਸਮਝਿਆ ਕਿ ਉਹ ઑਨਾਰਮਲ਼ ਹੈ ਤਾਂ ਵੀ ਲੋਕ ਉਸ ਨੂੰ ਚਿੜਾਉਣ ਲਈ ਹੱਸੇ ਤੇ ਉਨ੍ਹਾਂ ਉਸ ਨਾਲ ਬੁਰਾ ਵਿਹਾਰ ਕੀਤਾ) ਨਾਲ ਹੁੰਦਾ ਹੈ ਜਿਨ੍ਹਾਂ ਵਿਚ ਇਕ ਅਤੀ ਸੁਘੜ, ਸਿਆਣਾ ਤੇ ਸੁਲਝਿਆ ਹੋਇਆ ਨੌਜਵਾਨ ਜੋ ਸਮਾਜ ਵਿਚ ਅਣਸੁਖਾਵੀਆਂ ਦਿਮਾਗ਼ੀ ਪ੍ਰਸਥਿਤੀਆਂ ਵਿਚੋਂ ਗ਼ੁਜ਼ਰ ਰਿਹਾ ਹੈ, ਦੀ ਹਾਲਤ ਨੂੰ ਬਾਖ਼ੂਬੀ ਬਿਆਨਦੀਆਂ ਹਨ।

 

RELATED ARTICLES
POPULAR POSTS