ਰਿਵਿਊ
ਕੁਲਵਿੰਦਰ ਖਹਿਰਾ
ਜਦੋਂ ਡਾ. ਭੰਡਾਲ ਨੇ ਮੈਨੂੰ ਆਪਣੀ ਕਿਤਾਬ ‘ਕਾਇਆ ਦੀ ਕੈਨਵਸ’ ਦੇ ਕੇ ਮੇਰਾ ਮਾਣ ਵਧਾਇਆ ਤਾਂ ਮੇਰੇ ਦਿਲ ‘ਚ ਇੱਕ ਉਤਸੁਕਤਾ ਸੀ ਬਾਇਔਲਜੀ ਨੂੰ ਉਸ ਰੂਪ ‘ਚ ਸਮਝਣ ਦੀ ਜਿਸ ਵਿੱਚ ਮੇਰੇ ਵਰਗੇ ਬੰਦੇ ਨੂੰ ਅਸਾਨੀ ਨਾਲ਼ ਸਰੀਰ ਦੇ ਅੰਗਾਂ ਦੇ ਫ਼ੰਕਸ਼ਨ ਸਮਝ ਆ ਸਕਣ। ਮੈਂ ਸਮਝਦਾ ਸੀ ਕਿ ਡਾਕਟਰ ਸਾਹਿਬ ਨੇ ਬਹੁਤ ਹੀ ਸਰਲ ਤਰੀਕੇ ਨਾਲ਼ ਸਾਨੂੰ ਸਰੀਰ ਦੇ ਵੱਖ ਵੱਖ ਅੰਗਾਂ ਦੀ ਮਹੱਤਤਾ ਅਤੇ ਕੰਮ ਕਰਨ ਦੇ ਤਰੀਕੇ ਸਮਝਾਏ ਹੋਣਗੇ। ਪਰ ਜਿਉਂ ਜਿਉਂ ਮੈਂ ਇਹ ਕਿਤਾਬ ਪੜ੍ਹਦਾ ਗਿਆ, ਮੈਂ ਮਹਿਸੂਸ ਕਰਦਾ ਗਿਆ ਕਿ ਮੈਂ ਸਰੀਰ ਦੇ ਅੰਗਾਂ ਬਾਰੇ ਇੱਕ ਸਾਇੰਸਦਾਨ ਦੀ ਕਿਤਾਬ ਨਹੀਂ ਸਗੋਂ ਕੁਦਰਤ ਦੇ ਰੰਗਾਂ ਬਾਰੇ ਇੱਕ ਤਜ਼ਰਬੇਕਾਰ ਸ਼ਾਇਰ ਤੇ ਸਾਹਿਤਕਾਰ ਦੀ ਕਲਾਤਮਿਕਤਾ ਦਾ ਨਮੂਨਾ ਵੇਖ ਰਿਹਾ ਹਾਂ। ‘ਕਾਇਆ ਦੀ ਕੈਨਵਸ’ ਸਿਰਫ ਸਰੀਰ ਦੇ ਅੰਗਾਂ ਦੀ ਕਾਰਜਸ਼ੀਲਤਾ ਦਾ ਵਿਖਿਆਨ ਹੀ ਨਹੀਂ ਸਗੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਪਾਠਕ ਨੂੰ ਸ਼ਬਦ-ਭੰਡਾਰ ਦੀ ਅਮੀਰੀ ਬਖਸ਼ਣ ਵਾਲ਼ਾ ਇੱਕ ਅਜਿਹਾ ਕਾਵਿ-ਸੰਗ੍ਰਿਹ ਹੈ ਜੋ ਪੰਜਾਬੀ ਸਾਹਿਤ ਨੂੰ ਇੱਕ ਵਿਲੱਖਣ ਸਿਨਫ਼ ਨਾਲ਼ ਨਿਵਾਜ ਕੇ ਹੋਰ ਵੀ ਅਮੀਰ ਕਰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਸਾਹਿਤ ਵਿੱਚ ਬਹੁਤ ਵਧੀਆ ਵਾਰਤਿਕਕਾਰ ਪੈਦਾ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਵਾਰਤਿਕ ਨੂੰ ਨਵਾਂ ਮੁਹਾਂਦਰਾ ਦਿੱਤਾ ਹੈ ਤੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਮਸਲਨ: ਬੇਸ਼ੱਕ ਗੁਰਬਚਨ ਸਾਹਿਤ ਦਾ ਨਹੀਂ ਸਗੋਂ ਸਾਹਿਤਕਾਰਾਂ ਦਾ ਆਲੋਚਕ ਹੈ ਤੇ ਅਕਸਰ ਨਿੱਜੀ ਹਮਲਿਆਂ ਤੱਕ ਹੀ ਸੀਮਤ ਰਹਿੰਦਾ ਹੈ, ਪਰ ਉਹ ਜਦੋਂ ਛੋਟੇ-ਛੋਟੇ ਵਾਕ ਸਿਰਜਦਾ ਹੈ ਤਾਂ ਉਸਦੀ ਲਿਖਤ ਵਿਚਲੀ ਨਿੱਜੀ ਕੜਵਾਹਟ ਭੁੱਲ ਜਾਂਦੀ ਹੈ ਤੇ ਪਾਠਕ ਉਸਦੀ ਸਿਰਜਣ-ਕਲਾ ਨੂੰ ਮਾਨਣ ਲੱਗ ਪੈਂਦਾ ਹੈ। ਸਾਡੇ ਟਰਾਂਟੋ ਦੇ ਹੀ ਪੂਰਨ ਸਿੰਘ ਪਾਂਧੀ, ਪ੍ਰਿੰਸੀਪਲ ਸਰਵਣ ਸਿੰਘ ਅਤੇ ਸੁਰਜਨ ਜੀਰਵੀ ਜੀ ਆਪਣੇ ਵੱਖੋ-ਵੱਖਰੇ ਅੰਦਾਜ਼ਾਂ ਵਿੱਚ ਆਪਣੀ ਪਛਾਣ ਬਣਾ ਚੁੱਕੇ ਵਾਰਤਿਕਕਾਰ ਨੇ। ਪਰ ਡਾ. ਭੰਡਾਲ ਦੀ ਖ਼ੂਬੀ ਅਤੇ ਵਿਲੱਖਣਤਾ ਇਹ ਹੈ ਕਿ ਉਹ ਗਿਆਨ ਅਤੇ ਸ਼ਬਦਾਂ ਦਾ ਅਜਿਹਾ ਭੰਡਾਰਾ ਲਈ ਬੈਠੇ ਨੇ ਕਿ ਜਦ ਖੁਸ਼ਕ ਤੋਂ ਖੁਸ਼ਕ ਵਿਸ਼ੇ ਨੂੰ ਵੀ ਕਾਗਜ਼ ‘ਤੇ ਉਤਾਰਨ ਬੈਠਦੇ ਨੇ ਤਾਂ ਇੱਕ ਕਵਿਤਾ ਸਫ਼ਿਆਂ ‘ਤੇ ਉਤਰਦੀ ਚਲੀ ਜਾਂਦੀ ਹੈ ਤੇ ਇੱਕ ਸ਼ਬਦ-ਕੋਸ਼ ਪਾਠਕ ਲਈ ਦ੍ਰਿਸ਼ਟੀਮਾਨ ਹੁੰਦਾ ਚਲਿਆ ਜਾਂਦਾ ਹੈ।
ਇੱਕੋ ਹੀ ਫ਼ਿਕਰੇ ਵਿੱਚ ਕਿਸੇ ਗੱਲ ਨੂੰ ਕਹਿਣ ਲੱਗਿਆਂ ਡਾ. ਭੰਡਾਲ ਇੱਕੋ ਹੀ ਅੱਖਰ ਨਾਲ਼ ਸ਼ੁਰੂ ਹੋਣ ਵਾਲ਼ੇ ਏਨੇ ਸ਼ਬਦ ਵਰਤਦੇ ਨੇ ਕਿ ਪਾਠਕ ਭੰਡਾਲ ਸਾਹਿਬ ਦੀ ਕਹੀ ਗੱਲ ਨੂੰ ਮਾਨਣ ਤੋਂ ਪਹਿਲਾਂ ਵਾਰ ਵਾਰ ਸ਼ਬਦਾਂ ਦੀ ਲੜੀ ਨੂੰ ਮਾਨਣ ਲਈ ਮਜਬੂਰ ਹੋ ਜਾਂਦਾ ਹੈ। ਮਿਸਾਲ ਦੇ ਤੌਰ ‘ਤੇ, ”ਸਿਰ” ‘ਤੇ ਲਿਖੇ ਲੇਖ ਵਿੱਚ ਸਿਰ ਨੂੰ ਪ੍ਰੀਭਾਸ਼ਤ ਕਰਦਿਆਂ ਉਹ ਲਿਖਦੇ ਹਨ:
”ਸਿਰ, ਸੋਚ, ਸਾਧਨਾ, ਸਮਰਪਿਤਾ, ਸੁਪਨਾ, ਸੰਭਾਵਨਾ, ਸੂਖ਼ਮਤਾ, ਸੁਹਜ, ਸਹਿਜ ਅਤੇ ਸਕੂਨ ਦਾ ਸਰੋਤ।” (ਸਫ਼ਾ 13)
ਜਾਂ ਹਿਰਦੇ ਬਾਰੇ ਲਿਖਦਿਆਂ:
”ਹਿਰਦਾ, ਹੰਕਾਰ, ਹੱਠਧਰਮੀ, ਹਾਅ, ਹੁੰਗਰ, ਹੁੇਰਵਾ, ਹੂਕ, ਹੁੰਗਾਰਾ, ਹਾਕ, ਹੁਲਾਰਾ, ਹਲੀਮੀ, ਹੱਲਾਸ਼ੇਰੀ, ਹੁਕਮ, ਆਦਿ ਵਿੱਚੋਂ ਆਪਣੇ ਨੂੰ ਪਰਿਭਾਸ਼ਤ ਕਰਦਾ।” (ਸਫ਼ਾ 145)
ਅਜਿਹਾ ਕਰਦਿਆਂ ਡਾ.ਭੰਡਾਲ ਨਾ ਸਿਰਫ ਆਪਣੀ ਲੇਖਣੀ ਨੂੰ ਵਿਲੱਖਣਤਾ ਬਖ਼ਸ਼ਦੇ ਨੇ ਸਗੋਂ ਪਾਠਕ ਲਈ ਸ਼ਬਦਾਂ ਦੀ ਵਿਭਿੰਨਤਾ ਦਾ ਖ਼ਜ਼ਾਨਾ ਵੀ ਖੋਲ੍ਹਦੇ ਨੇ ਜੋ ਪਾਠਕ ਦੀ ਬੋਲੀ ਨੂੰ ਅਮੀਰ ਕਰਦਾ ਹੈ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ।
ਡਾ. ਭੰਡਾਲ ਦੀ ਖੂਬੀ ਇਹ ਹੈ ਕਿ ਉਹ ਸਾਇੰਸ ਦੇ ਵਿਦਿਆਰਥੀ ਅਤੇ ਪ੍ਰੋਫ਼ੈਸਰ ਹੋਣ ਦੇ ਬਾਵਜੂਦ ਪੰਜਾਬੀ ਦੇ ਬਹੁਤ ਵਧੀਆ ਸਾਹਿਤਕਾਰ ਵੀ ਨੇ। ਸ਼ਾਇਦ ਇਹੋ ਹੀ ਕਾਰਨ ਹੈ ਕਿ ‘ਕਾਇਆ ਦੀ ਕੈਨਵਸ’ ਲਿਖਦਿਆਂ ਉਹ ਕਿਸੇ ਸਾਇੰਸ ਦੀ ਤਰਜ਼ਮਾਨੀ ਕਰਦੇ ਪ੍ਰਤੀਤ ਨਹੀਂ ਹੁੰਦੇ ਸਗੋਂ ਕੁਦਰਤ ਦੀ ਖ਼ੂਬਸੂਰਤੀ ਅਤੇ ਮਨੁੱਖੀ ਵਰਤਾਰੇ ਦੀਆਂ ਬਾਰੀਕੀਆਂ ਨੂੰ ਬਾਕਮਾਲ ਅੰਦਾਜ਼ ਵਿੱਚ ਬਿਆਨਦੇ ਵਿਖਾਈ ਦਿੰਦੇ ਨੇ। ਉਨ੍ਹਾਂ ਦੀ ਲਿਖਤ ਵਾਰਤਿਕ ਨਾਲ਼ੋਂ ਵੱਧ ਕਾਵਿਕ ਮਹਿਸੂਸ ਹੋਣ ਲੱਗ ਪੈਂਦੀ ਹੈ:
”ਮਾਂ ਵੱਲੋਂ ਆਪਣੇ ਬੱਚੇ ਦਾ ਸਿਰ ਗੋਦ ਵਿੱਚ ਰੱਖਣਾ, ਬੱਚੇ ਦੇ ਵਾਲ਼ਾਂ ਨੂੰ ਸਹਿਲਾਉਣਾ, ਨਿੱਕੀਆਂ-ਨਿੱਕੀਆਂ ਪਟੋਕੀਆਂ ਨਾਲ਼ ਵਿਸਮਾਦੀ ਹੁਲਾਰ ਪੈਦਾ ਕਰਨਾ ਅਤੇ ਬੱਚੇ ਦਾ ਨੀਂਦ ਦੀ ਆਗੋਸ਼ ਵਿੱਚ ਜਾ, ਸੁਪਨਈ ਦੁਨੀਆਂ ਵਿੱਚ ਵਿਚਰਨਾ, ਇੱਕ ਸਵਰਗੀ ਅਹਿਸਾਸ।” ( ਸ. 14)
ਜਾਂ:
”ਕੰਧਾਂ ਨੂੰ ਲੱਗੇ ਕੰਨ ਜਦ ਤੁਹਾਡੀ ਚੁਗਲੀ ਕਰਦੇ ਤਾਂ ਕੁਝ ਅਜਿਹਾ ਹੋ ਜਾਂਦਾ ਜਿਸ ਨੂੰ ਤੁਸੀਂ ਜੱਗ-ਜਾਹਰ ਕਰਨ ਤੋਂ ਵਰਜਦੇ। ਕੁਝ ਅਜਿਹਾ ਹੁੰਦਾ ਜੋ ਤੁਹਾਡੇ ਲਈ ਨਮੋਸ਼ੀ ਬਣਦਾ ਪਰ ਕੁਝ ਲਈ ਸਿਰਲੇਖ ਵੀ ਬਣ ਜਾਂਦਾ” (ਸ.26)
ਜਾਂ:
”ਨੱਕ ਨਿਮਾਣਾ ਤੇ ਨਿਤਾਣਾ, ਨੱਕ ਦੇ ਰਾਹੀਂ ਸੱਚ ਮਾਰਗ ਜਾਣਾ। ਨੱਕ ਸਾਹਾਂ ਦਾ ਵਣਜਾਰਾ, ਨੱਕ ਸਵਾਦਾਂ ਦਾ ਭੰਡਾਰਾ। ਨੱਕ ਸੁਗੰਧ ਨੂੰ ਗਲ਼ ਲਾਵੇ, ਪਰ ਦੁਰਗੰਧ ਤੋਂ ਦੂਰ ਹੀ ਜਾਵੇ। ਨੱਕ ਦੀ ਪੂਜਾ ਜਦ ਹਉਮੈਂ ਬਣਦੀ ਤਾਂ ਜੀਵਨ-ਅੰਬਰ ‘ਤੇ ਬੱਦਲੀ ਤਣਦੀ। ਨੱਕ ਨੂੰ ਸਮਾਜ ਦਾ ਨੱਕ ਬਣਾਓ, ਨੱਕ ਵਿੱਚੋਂ ਖ਼ੁਦਾ ਦਾ ਦਰਸ਼ ਉਪਜਾਓ ਤੇ ਨੱਕ ਨੂੰ ਖ਼ੁਦ ਦਾ ਨਗ਼ਮਾ ਬਣਾਓ।” (ਸਫ਼ਾ 34)।
ਇਸੇ ਤਰ੍ਹਾਂ ਹੀ ਉਹ ਲਿਖਦੇ ਹਨ:
”ਅਜੋਕੇ ਵਕਤਾਂ ਦਾ ਕੇਹਾ ਸੱਚ ਹੈ ਕਿ ਬਹੁ-ਗਿਣਤੀ ਲੋਕ ਮਖੌਟਾਧਾਰੀ। ਆਪਣੀ ਅਸਲੀਅਤ ਤੋਂ ਡਰਦੇ, ਕਮੀਨਗੀ, ਜ਼ਹਾਲਤ, ਕੁਹਜ ਅਤੇ ਕਰਤੂਤਾਂ ਨੂੰ ਲੇਪਣਾਂ ਨਾਲ਼ ਲਕੋਂਦੇ ਅਤੇ ਸੁੱਚੇ ਹੋਣ ਦਾ ਭਰਮ ਉਪਜਾਉਂਦੇ। ਸੱਚ ਤੋਂ ਡਰਦੇ ਲੋਕ, ਹਰ ਰੋਜ਼ ਆਪਣੇ ਹੀ ਸਾਹਾਂ ਦੀ ਸੂਲ਼ੀ ਚੜ੍ਹਦੇ।” ( ਸਫ਼ਾ 36)
ਬਹੁਤ ਥਾਈ ਡਾ. ਭੰਡਾਲ ਨਵੇਂ ਮੁਹਾਵਰੇ ਵੀ ਸਿਰਜਦੇ ਨੇ:
”ਮਿੱਤਰ ਦੀ ਗੋਦ ਵਿੱਚ ਸਿਰ ਰੱਖ ਕੇ ਕੁਝ ਪਲ ਸੁਸਤਾਉਣਾ, ਮੋਹ ਭਿੱਜੇ ਪਲਾਂ ਨੂੰ ਜਿਉਣਾ, ਉਮਰ ਜੇਡਾ ਪਲ ਹੁੰਦਾ” (ਸ. 14)।
ਜਾਂ
”ਸਿਰ ‘ਚ ਦਿਮਾਗ਼, ਪੈਰਾਂ ‘ਚ ਧੌੜੀ ਦੀ ਜੁੱਤੀ ਅਤੇ ਮਨ ‘ਚ ਮੰਜ਼ਲ ਨੂੰ ਪਾਉਣ ਦਾ ਚਾਅ ਹੋਵੇ ਤਾਂ ਹਰ ਮੰਜ਼ਲ ਤੁਹਾਡੀ ਹੁੰਦੀ।” ਡਾ. ਭੰਡਾਲ ਸਿਰਫ ਸਰੀਰ ਦੇ ਅੰਗਾਂ ਦੀ ਕਾਰਜ-ਵਿਧੀ ਨੂੰ ਹੀ ਬਿਆਨ ਨਹੀਂ ਕਰਦੇ ਸਗੋਂ ਸਮਾਜੀ ਕਦਰਾਂ-ਕੀਮਤਾਂ ਅਤੇ ਵਰਤਾਰਿਆਂ ਨੂੰ ਏਨੀ ਸਹਿਜਤਾ ਨਾਲ਼ ਆਪਣੀ ਲੇਖਣੀ ਵਿੱਚ ਸਮੋਅ ਜਾਂਦੇ ਹਨ ਕਿ ਪਾਠਕ ਨੂੰ ਉਹ ਬਿਲਕੁਲ ਹੀ ‘ਲੈਕਚਰ’ ਨਹੀਂ ਲੱਗਦੀ: ”ਕੁਦਰਤ ਵੀ ਅਜੀਬ ਏ ਅਤੇ ਅਜ਼ਬ ਏ ਮਨੁੱਖ ਦੀ ਸਰੀਰਕ ਬਣਤਰ। ਦੋ ਅੱਖਾਂ, ਦੋ ਕੰਨ, ਦੋ ਹੱਥ ਅਤੇ ਦੋ ਪੈਰਾਂ ਦੀ ਸੌਗਾਤ ਮਨੁੱਖ ਦੀ ਝੋਲ਼ੀ ਵਿੱਚ ਪਾਉਣ ਵਾਲ਼ੀ ਕੁਦਰਤ ਨੇ ਸਿਰਫ਼ ਇੱਕ ਮੂੰਹ ਤੇ ਇੱਕ ਹੀ ਜ਼ੁਬਾਨ ਬਖ਼ਸ਼ੀ ਤਾਂ ਕਿ ਮਨੁੱਖ ਵੱਧ ਦੇਖੇ, ਜ਼ਿਆਦਾ ਸੁਣੇ, ਰੱਜ ਕੇ ਕਾਰ ਕਰੇ, ਦੋ ਪੈਰਾਂ ਨਾਲ਼ ਸਾਬਤ-ਕਦਮੀਂ ਮੰਜ਼ਿਲਾਂ ਦੀ ਪੈੜ ਸਿਰਜੇ ਪਰ ਇੱਕ ਮੂੰਹ ਹੋਣ ਕਾਰਨ ਘੱਟ ਖਾਵੇ ਅਤੇ ਇੱਕ ਜ਼ੁਬਾਨ ਹੋਣ ਕਾਰਨ ਸੋਚ-ਸਮਝ ਕੇ ਘੱਟ ਪਰ ਸੰਤੁਲਤ ਬੋਲੇਸ਼” (ਸ.25)
ਸਮਾਜੀ ਕੁਹਜ ਨੂੰ ਵੰਗਾਰਦਿਆਂ ਡਾ.ਭੰਡਾਲ ਇੱਕ ਹੋਰ ਖ਼ੂਬਸੂਰਤ ਕਾਵਿ-ਟੁਕੜੀ ਪੈਦਾ ਕਰਦੇ ਨੇ:
”ਖੁਦ ਦਾ ਮੁੱਖੜਾ ਸੰਵਾਰਨ, ਨਿਖ਼ਾਰਨ ਅਤੇ ਨਿਹਾਰਨ ਵਾਲਿਓ! ਕਦੇ ਸਮਾਜ ਨੂੰ ਸ਼ੀਸ਼ੇ ਵਿੱਚੋਂ ਤੱਕਿਆ ਏ, ਪੌਣ ਦੀ ਪੀੜਾ ਨੂੰ ਹੰਢਾਇਆ ਏ? ਕਦੇ ਤਿੜਕਦੇ ਰਿਸ਼ਤਿਆਂ, ਸਿਸਕਦੇ ਸਬੰਧਾਂ, ਵਿਲਕਦੀਆਂ ਸਾਂਝਾਂ, ਡਰਦੀਆਂ ਦੁਆਵਾਂ, ਡੁੱਬਦੀਆਂ ਆਸ਼ਾਵਾਂ, ਚੀਖ਼ਦੇ ਦਰਿਆਵਾਂ, ਧਰਤ-ਮਾਂ ਦੀਆਂ ਆਹਾਂ, ਡੌਲ਼ਿਓਂ ਟੁੱਟੀਆਂ ਬਾਹਾਂ ਅਤੇ ਕੁੱਖਾਂ ‘ਤੇ ਪੈਂਦੀਆਂ ਬਲਾਵਾਂ ਬਾਰੇ ਮਨ ਦੇ ਚਿੱਤਰਪਟ ‘ਤੇ ਕੁਝ ਚਿੱਤਵਿਆ ਏ? ਇਸ ਕੁਹਜਪੁਣੇ ਅਤੇ ਮਾਲੀਨਤਾ ਨੂੰ ਧੋਣ ਲਈ ਸੁਪਨਾ ਲਿਆ ਏ, ਕਿਸੇ ਤਦਬੀਰ ਦਾ ਦਰ ਖੜਕਾਇਆ ਏ ਜਾਂ ਆਪਣੀ ਹੋਣੀ ਦੀ ਉਡੀਕ ਵਿੱਚ ਸਾਹਾਂ ‘ਚ ਸਿਵੇ ਹੀ ਬਾਲ਼ ਰਹੇ ਹੋ?”
ਅੱਜ ਦਾ ਯੁੱਗ ਸਾਇੰਸ ਦੇ ਕਹਿਰ ਦਾ ਯੁੱਗ ਹੈ। ਸਾਇੰਸ, ਜਿਸ ਨੇ ਮਨੁੱਖ ਨੂੰ ਨਵੇਂ ਦਿਸਹੱਦੇ ਬਖ਼ਸ਼ ਕੇ ਖੁਸ਼ਹਾਲ ਬਣਾਉਣਾ ਸੀ, ਕੁਦਰਤ ਨਾਲ਼ ਖਿਲਵਾੜ ਕਰਕੇ ਧਰਤੀ ਤਾਂ ਕੀ, ਸਾਰੇ ਬਹ੍ਰਿਮੰਡ ਲਈ ਹੀ ਖ਼ਤਰਾ ਬਣ ਗਈ ਹੈ। ਅਸੀਂ ਜ਼ਹਿਰ ਖਾ ਰਹੇ ਹਾਂ, ਜ਼ਹਿਰ ਪੀ ਰਹੇ ਹਾਂ, ਤੇ ਜ਼ਹਿਰ ਹੀ ਸੁੰਘ ਰਹੇ ਹਾਂ: ਅਸੀਂ ਪਲ ਪਲ ਮੌਤ ਦੇ ਸਮਾਨ ਨਾਲ਼ ਭਰੀ ਜਾ ਰਹੇ ਹਾਂ। ਮਨੁੱਖ਼ ਦੀ ਹਵਸ ਬਣ ਗਈ ਸਾਇੰਸ ਦੀ ਕਾਢ ਨੇ ਭਿਆਨਕ ਬਿਮਾਰੀਆਂ ਦਿੱਤੀਆਂ ਨੇ ਤੇ ਨਾਮਰਦਗੀ ਤੇ ਬਾਂਝਪੁਣਾ ਵੀ ਦਿੱਤਾ ਹੈ।
ਇਸੇ ਹੀ ਨਮੋਸ਼ੀ ਨੂੰ ਛੁਪਾਉਣ ਲਈ ਸਾਇੰਸ ਨੇ ”ਬੱਚਾ-ਫੈਕਟਰੀ” ਵੀ ਉਤਪਨ ਕਰ ਲਈ ਹੈ: ਫਰਟਿਲਟੀ ਕਲੀਨਕਾਂ ਦੇ ਰੂਪ ਵਿੱਚ। ਪਰ ਇੱਕ ਸਾਇੰਸਦਾਨ ਹੋਣ ਦੇ ਬਾਵਜੂਦ ਡਾ.ਭੰਡਾਲ ਇਸ ਨਵੀਂ ‘ਇੰਡਸਟਰੀ’ ਬਾਰੇ ਜੋ ਲਿਖਦੇ ਹਨ ਉਹ ਉਨ੍ਹਾਂ ਦੀ ਇਨਸਾਨੀਅਤ ਦੇ ਅੰਦਰੂਨੀ ਤੇ ਗਹਿ-ਗੱਚ ਦੀਦਾਰੇ ਕਰਵਾਉਂਦਾ ਹੈ:
”ਜਣਨ-ਅੰਗਾਂ ਦੀ ਨਾ-ਅਹਿਲੀਅਤ, ਸਰੀਰਕ ਰੋਗ ਜਾਂ ਜਿਸਮਾਨੀ ਕਮਜ਼ੋਰੀ ਕਾਰਨ ਹੀ ਅਜੋਕੇ ਫਰਟਿਲਟੀ ਸੈਂਟਰ, ਕਿਰਾਏ ਦੀ ਕੁੱਖ ਉਧਾਰੀ ਲੈਣਾ ਜਾਂ ਕਲੋਨਿੰਗ ਰਾਹੀਂ ਬੱਚੇ ਪੈਦਾ ਕਰਨ ਦੇ ਰਾਹ ਮਨੁੱਖ ਤੁੱਰ ਪਿਆ ਏ। ਪਰ ਕੁੱਖ ਵਿੱਚ ਆਪਣੇ ਬੱਚੇ ਨੂੰ ਨੌਂ ਮਹੀਨੇ ਤੱਕ ਪਾਲਣ ਦਾ ਵਿਸਮਾਦ, ਕਿਰਾਏ ਦੀ ਕੁੱਖ ਰਾਹੀਂ ਕਿੰਝ ਮਿਲੇਗਾ?ਮਨੁੱਖੀ ਕਲੋਨਿੰਗ ਰਾਹੀਂ ਵਿਗਿਆਨੀ ਬੱਚੇ ਤਾਂ ਸ਼ਾਇਦ ਪੈਦਾ ਕਰ ਲੈਣ ਪਰ ਇਸ ਕਿਰਿਆ ਦੀ ਸ਼ੁਰੂਆਤ ਤੋਂ ਸੰਪੂਰਨਤਾ ਤੱਕ ਦਾ ਰੂਹ ਦਾ ਹੁਲਾਸ ਕਿੱਥੋਂ ਆਵੇਗਾ? ਸ਼ ਰੋਬੋਟ ਨਾਲ਼ ਭਲਾ ਕਿਹੜਾ ਰਿਸ਼ਤਾ ਜੋੜਿਆ ਜਾ ਸਕਦਾ ਹੈ?” (ਸਫ਼ਾ 84)।
‘ਕਾਇਆ ਦੀ ਕੈਨਵਸ’ ਨੂੰ ਪੜ੍ਹਦਿਆਂ ਮੈਂ ਆਪਣੇ ਆਪ ਨੂੰ ਇੱਕ ਵੱਖਰੇ ਹੀ ਸੰਸਾਰ ਵਿੱਚ ਵਿਚਰਦਿਆਂ ਤੇ ਪੰਜਾਬੀ ਵਾਰਤਿਕ ਦੇ ਇੱਕ ਨਵੇਂ ਰੂਪ ਨੂੰ ਉਜਾਗਰ ਹੁੰਦਿਆਂ ਮਹਿਸੂਸ ਕੀਤਾ ਹੈ। ਪੂਰਨ ਸਿੰਘ ਪਾਂਧੀ ਜੀ ਨੇ ਸੱਚ ਹੀ ਕਿਹਾ ਹੈ ਕਿ ਡਾ. ਭੰਡਾਲ ਨੂੰ ”ਸੂਖ਼ਮ ਭਾਵਾਂ ਤੇ ਛਲਕਦੇ ਜਜ਼ਬਿਆਂ ਨੂੰ ਅੰਬਰੀ ਹਵਾਵਾਂ ‘ਚੋਂ ਫੜਨ, ਢੁਕਵੀਂ ਸ਼ਬਦ ਸ਼ਿਲਪਕਾਰੀ ਕਰਨ ਅਤੇ ਪੇਸ਼ਕਾਰੀ ਵਿੱਚ ਗੂੜ੍ਹੇ ਰੰਗ ਭਰਨ ਦੀ ਜਾਚ ਹੈ।”
ਨਿਰਸੰਦੇਹ, ਡਾ ਭੰਡਾਲ ਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਇੱਕ ਵਿਲੱਖਣ ਅੰਦਾਜ਼ ਨੂੰ ਪੇਸ਼ ਕੀਤਾ ਹੈ ਤੇ ਇਹ ਅੰਦਾਜ਼ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਨਵਾਂ ਹੀਰਾ ਪ੍ਰਦਾਨ ਕਰਦਾ ਹੈ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …