Breaking News
Home / ਕੈਨੇਡਾ / ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਗਿਆ

ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਗਿਆ

ਬਰੈਂਪਟਨ/ਬਾਸੀ ਹਰਚੰਦ : ਛੋਟੀ ਉਮਰ ਵਿੱਚ ਵੱਡੀਆਂ ਪੁਲਾਂਗਾਂ ਪੁੱਟ ਕੇ ਭਾਰਤੀਆਂ ਦੇ ਦਿਲਾਂ ਅੰਦਰ ਅਜ਼ਾਦੀ ਦੀ ਜੋਤ ਜਗਾ ਕੇ ਸ਼ਹੀਦੀ ਪਾ ਜਾਣ ਵਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਅੰਦਰ ਵਸਦਾ ਹੈ। ਜਦ ਤੱਕ ਭਾਰਤ ਦੀ ਅਜਾਦੀ ਦੇ ਸੰਘਰਸ਼ ਦੀ ਗੱਲ ਚੱਲਦੀ ਰਹੇਗੀ ਉਦੌਂ ਤੱਕ ਉਸ ਨੌਜਵਾਨ ਦੀ ਸ਼ਹੀਦੀ ਨੂੰ ਅੱਖੌਂ ਪਰੋਖੇ ਕਰਨਾ ਅਸੰਭਵ ਹੈ। ਦੇਸ਼ ਪਿਆਰ ਦੀ ਗੱਲ ਕਰਦਿਆਂ ਉਹ ਭਾਰਤ ਦਾ ਸੱਚਾ ਸਪੂਤ ਲੋਕਾਂ ਦੇ ਦਿਲਾਂ ਦੇ ਕੋਨੇ ਨੂੰ ਮੱਲ ਖੜ੍ਹੇਗਾ। ਸੋ ਅਜਿਹੇ ਆਗੂਆਂ ਨੂੰ ਯਾਦ ਰੱਖਣਾ ਦੇਸ਼ ਵਾਸੀਆਂ ਦਾ ਪਵਿੱਤਰ ਫਰਜ਼ ਬਣਦਾ ਹੈ। ਇਸ ਫਰਜ਼ ਨੂੰ ਨਿਭਾਉਣ ਖਾਤਰ ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ (ਕੈਨੇਡਾ) ਨੇ ਕੈਸੀ ਕੈਂਬਲ ਕਮਿਉਨਿਟੀ ਸੈਂਟਰ ਵਿਖੇ ਭਰਵਾਂ ਸਮਾਗਮ ਕੀਤਾ। ਮੌਸਮ ਖਰਾਬ ਹੋਣ ਦੇ ਬਾਵਜੂਦ ਸਮਾਗਮ ਵਿੱਚ ਆਸ ਤੋਂ ਵੱਧ ਲੋਕ ਸ਼ਾਮਲ ਹੋਏ।
ਹਰਚੰਦ ਸਿੰਘ ਬਾਸੀ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ, ਸਮਾਗਮ ਦੀ ਮਹੱਤਤਾ ਲੋਕਾਂ ਲਈ ਦਿਨ ਮਨਾਉਣਾ ਕਿਉਂ ਜਰੂਰੀ ਹੈ ਦੱਸ ਕੇ ਪ੍ਰਧਾਨਗੀ ਮੰਡਲ ਵਿੱਚ ਸਨਮਾਨਿਤ ਸਖਸ਼ੀਅਤਾਂ ਬਲਦੇਵ ਸਿੰਘ ਸਹਿਦੇਵ ਮੰਚ ਦੇ ਪ੍ਰਧਾਨ, ਵਿਦਵਾਨ ਪੂਰਨ ਸਿੰਘ ਪਾਂਧੀ, ਜਗਜੀਤ ਸਿੰਘ ਜੋਗਾ ਮੀਤ ਸਕੱਤਰ ਭਾਰਤੀ ਕਮਿਉਨਿਸਟ ਪਾਰਟੀ ਪੰਜਾਬ, ਕਾ: ਸੁਖਦੇਵ ਸਿੰਘ ਧਾਲੀਵਾਲ ਸਕੱਤਰ, ਪ੍ਰੋ:; ਨਿਰਮਲ ਸਿੰਘ ਧਾਰਨੀ ਅਤੇ ਡਾ:: ਬਲਜਿੰਦਰ ਸਿੰਘ ਸੇਖੋਂ ਨੂੰ, ਬਿਰਾਜਮਾਨ ਹੋਣ ਲਈ ਬੇਨਤੀ ਕੀਤੀ। ਸਮਾਗਮ ਦੇ ਸੁਰੂ ਵਿੱਚ ਬਜੁਰਗ ਕੁੰਢਾ ਸਿੰਘ ਨੇ ਕਵਿਤਾ ਪੜ੍ਹੀ।
ਬਲਦੇਵ ਸਿੰਘ ਸਹਿਦੇਵ ਨੇ ਵਿਸਥਾਰ ਵਿੱਚ ਦਸਿਆ ਕਿ ਕਾਰਪੋਰੇਟ ਦੇ ਦੈਂਤ ਨੇ ਦੁਨੀਆਂ ਵਿੱਚ ਪੈਰ ਪਸਾਰ ਲਏ ਅਤੇ ਭਾਰਤ ਨੂੰ ਵੀ ਗੁਲਾਮ ਬਣਾ ਲਿਆ। ਦੇਸ਼ ਨੂੰ ਅੰਗਰੇਜਾਂ ਤੋਂ ਨਿਜਾਤ ਦੁਆਉਣ ਲਈ ਗਦਰ ਪਾਰਟੀ ਹੋਂਦ ਵਿੱਚ ਆਈ। ਸ਼ਹੀਦ ਕਰਤਾਰ ਸਿੰਘ ਸਰਾਭਾ ਉਸ ਲਹਿਰ ਦੇ ਸਿਰਮੌਰ ਆਗੂਆਂ ਵਿਚੋਂ ਹਨ ਜਿਸ ਨੂੰ ਬਰਤਾਨਵੀ ਹਕੂਮਤ ਨੇ 16 ਨਵੰਬਰ 1915 ਨੂੰ ਛੇ ਹੋਰ ਸਾਥੀਆਂ ਸਮੇਤ ਫਾਂਸੀ ਦੇ ਦਿਤੀ। ਕਾ: ਜਗਜੀਤ ਸਿੰਘ ਜੋਗਾ ਨੇ ਨੌਜਵਾਨ ਦੇ ਛੋਟੀ ਉਮਰ ਵਿੱਚ ਗਦਰ ਪਾਰਟੀ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਅਤੇ ਵੱਡੇ ਕਾਰਨਾਮਿਆਂ ਬਾਰੇ ਵਿਸਥਾਰ ਵਿੱਚ ਦੱਸਿਆ। ਬਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਕਾਰਪਰੇਟ ਤੋਂ ਕਿਰਤੀ ਵਰਗ ਨੂੰ ਚੁਨੌਤੀਆਂ ਉਸ ਸਮੇਂ ਨਾਲੋਂ ਵਧੇਰੇ ਹਨ। ਅੱਜ ਕਿਰਤੀ ਵਰਗ ਨੂੰ ਜੀਵਨ ਗੁਜ਼ਾਰਾ ਕਰਨਾ ਅਤਿ ਕਠਿਨ ਹੁੰਦਾ ਜਾ ਰਿਹਾ ਹੈ ਅਤੇ ਸਰਮਾਏਦਾਰੀ ਮਜ਼ਬੂਤ ਹੋ ਰਹੀ ਹੈ। ਉਸ ਨੇ ਕੁੱਝ ਮਿਸਾਲਾਂ ਦਿਤੀਆਂ। ਪ੍ਰੋ::ਨਿਰਮਲ ਸਿੰਘ, ਗੁਰਦੇਵ ਸਿੰਘ ਮਾਨ, ਸੁਖਵਿੰਦਰ ਸਿੰਘ ਐਡਵੋਕੇਟ, ਮੱਲ ਸਿੰਘ ਬਾਸੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਾ:ਸੁਖਦੇਵ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਕੇ ਆਏ ਸੱਭ ਸਾਥੀਆਂ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …