Breaking News
Home / ਕੈਨੇਡਾ / ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ

ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਮਾਝਾ ਕਲਚਰਲ ਐਂਡ ਸਪੋਰਟਸ ਕਲੱਬ’ ਵੱਲੋਂ ਹਰ ਸਾਲ ਮਨਾਈ ਜਾਂਦੀ ‘ਮਝੈਲਾਂ ਦੀ ਪਿਕਨਿਕ’ ਆਮ ਤੌਰ ‘ਤੇ ਜੁਲਾਈ ਦੇ ਅਖ਼ੀਰ ਵਿਚ ਜਾਂ ਅਗਸਤ ਦੇ ਸ਼ੁਰੂ ਵਿਚ ਆਯੋਜਿਤ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਕੁਝ ਲੇਟ ਹੋ ਗਈ ਅਤੇ ਇਸ ਐਤਵਾਰ 26 ਅਗਸਤ ਸ਼ਨੀਵਾਰ ਨੂੰ ‘ਪਾਲ ਕੌਫ਼ੀ ਪਾਰਕ’ ਜਿਹੜਾ ਪਹਿਲਾਂ ਵਾਈਲਡਵੁੱਡ ਪਾਰਕ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ, ਵਿਚ ਪੂਰੀ ਧੂੰਮ-ਧਾਮ ਨਾਲ ਮਨਾਈ ਗਈ। ਇਸ ਦੇ ਲੇਟ ਹੋਣ ਬਾਰੇ ਇਸ ਦੇ ਆਯੋਜਕਾਂ ਦੀ ਟੀਮ ਦੇ ਮੈਂਬਰ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ਇਸ ਨੂੰ ਢੁੱਕਵੀਂ ਜਗ੍ਹਾ ‘ਤੇ ਮਨਾਉਣ ਲਈ ਲੋੜੀਂਦਾ ਦਿਨ ਅਤੇ ਤਰੀਕ ਨਹੀਂ ਮਿਲ ਰਹੇ ਸਨ। ਸਵੇਰੇ 11.00 ਵਜੇ ਹੀ ਲੋਕ ਪਾਰਕ ਵਿਚ ਆਉਣੇ ਸ਼ੁਰੂ ਹੋ ਗਏ ਪਰ ਅਸਲੀ ਰੌਣਕ ਤਾਂ ਬਾਅਦ ਦੁਪਹਿਰ ਦੋ ਕੁ ਵਜੇ ਹੀ ਬਣੀ ਜਦੋਂ ਵੱਖ-ਵੱਖ ਸਮਾਜਿਕ, ਰਾਜਨੀਤਕ ਅਤੇ ਬਿਜ਼ਨੈੱਸ ਅਦਾਰਿਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਦੀ ਆਮਦ ਸ਼ੁਰੂ ਹੋਈ। ਸਟੇਜ ਤੋਂ ਗੀਤ-ਸੰਗੀਤ ਦੇ ਨਾਲ-ਨਾਲ ਪਿਕਨਿਕ ਵਿਚ ਆਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੇ ਨਾਂ ਤਾੜੀਆਂ ਦੀ ਗੂੰਜ ਵਿਚ ਅਨਾਊਂਸ ਕੀਤੇ ਜਾ ਰਹੇ ਸਨ। ਉਨ੍ਹਾਂ ਨੂੰ ਸਟੇਜ ਤੋਂ ਕੁਝ ਮਿੰਟਾਂ ਲਈ ਬੋਲਣ ਦਾ ਮਾਂ ਵੀ ਦਿੱਤਾ ਜਾ ਰਿਹਾ ਸੀ। ਬੁਲਾਰਿਆਂ ਵਿਚ ਸਾਬਕਾ ਐੱਮ.ਪੀ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ, ਐੱਮ.ਪੀ.ਪੀ.ਵਿੱਕ ਢਿੱਲੋਂ, ਅਗਲੇ ਸਾਲ 2018 ਵਿਚ ਹੋਣ ਵਾਲੀਆਂ ਪੋਵਿੰਸ਼ੀਅਲ ਚੋਣਾਂ ਲੜਨ ਦੇ ਚਾਹਵਾਨ ਪੀ.ਸੀ. ਪਾਰਟੀ ਦੇ ਸੰਭਾਵੀ ਉਮੀਦਵਾਰ ਪ੍ਰਭਸ਼ਰਨਮੀਤ ਸਿੰਘ, ਜਰਮਨਜੀਤ ਸਿੰਘ ਤੇ ਸਰਬਜੀਤ ਕੌਰ, ਸਮਾਜ-ਸੇਵੀ ਸੁਲੱਖਣ ਸਿੰਘ ਹੁੰਦਲ, ‘ਸਿੱਖ ਮੋਟਰਸਾਈਕਲ ਕਲੱਬ ਟੋਰਾਂਟੋ’ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਤੇ ਕਈ ਕਈ ਹੋਰ ਸ਼ਾਮਲ ਸਨ। ਐੱਨ.ਡੀ.ਪੀ.ਦੇ ਨੇਤਾ ਸ਼ਾਇਦ ਜਗਮੀਤ ਸਿੰਘ ਦੀ ਪਾਰਟੀ ਲੀਡਰਸ਼ਿਪ ਚੋਣ ਮੁਹਿੰਮ ਵਿਚ ਰੁੱਝੇ ਹੋਣ ਕਾਰਨ ਨਹੀਂ ਪਹੁੰਚ ਸਕੇ। ਰਾਜਨੀਤਕ ਨੇਤਾਵਾਂ ਤੋਂ ਇਲਾਵਾ ਪੰਜਾਬੀ ਗਾਇਕ ਧੀਰਾ ਗਿੱਲ, ਗਾਇਕਾ ਪਰਮਿੰਦਰ ਪਿੰਕੀ ਅਤੇ ਕਵੀ ਅਜਮੇਰ ਸਿੰਘ ਪ੍ਰਦੇਸੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਕੌੜੇ, ਜਲੇਬੀਆਂ, ਫ਼ਰੂਟ, ਮੱਕੀ ਦੀਆਂ ਗਰਮ-ਗਰਮ ਛੱਲੀਆਂ, ਚਾਹ-ਪਾਣੀ, ਜੂਸ, ਕੋਲਡ-ਡਰਿੰਕਸ ਆਦਿ ਤੋਂ ਇਲਾਵਾ ‘ਬਾਰ-ਬੀ-ਕਿਊ’ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਲੋਕ ਆਪਣੀ ਮਨ-ਪਸੰਦ ਦੇ ਪਕਵਾਨ ਛਕ ਰਹੇ ਸਨ ਅਤੇ ਨਾਲ ਦੀ ਨਾਲ ਇਕ ਦੂਸਰੇ ਨਾਲ ਜਾਣ-ਪਛਾਣ ਵਿਚ ਵਾਧਾ ਕਰ ਰਹੇ ਸਨ। ‘ਵਿਲੇਜ ਆਫ਼ ਇੰਡੀਆ’ ਰੈਸਟੋਰੈਂਟ ਦੇ ਮਾਲਕ ਦਲਬੀਰ ਸਿੰਘ ਕਥੂਰੀਆ ਵੱਲੋਂ ਮੌਕੇ ‘ਤੇ ਹੀ ਤਾਜ਼ੇ ਗਰਮ-ਗਰਮ ਪਕੌੜੇ, ਜਲੇਬੀਆਂ ਆਦਿ ਬਣਾ ਕੇ ਅਤੇ ਨਾਲੋ-ਨਾਲ ਸਰਵ ਕਰਨ ਦਾ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇੰਜ ਹੀ, ਸ਼ਾਮ ਨੂੰ ਚਾਰ ਕੁ ਵਜੇ ਖਾਣਾ ਵੀ ਗਰਮ-ਗਰਮ ਪਰੋਸਿਆ ਗਿਆ। ਲੋਕ ਖਾਣ-ਪੀਣ ਦੇ ਇਸ ਵਧੀਆ ਇੰਤਜ਼ਾਮ ਦੀ ਤਾਰੀਫ਼ ਕਰਦੇ ਵੇਖੇ ਗਏ। ਪਿਕਨਿਕ ਦੇ ਆਯੋਜਕਾਂ ਵੱਲੋਂ ਬੱਚਿਆਂ ਦੀਆਂ ਦੌੜਾਂ, ਨੌਜੁਆਨਾਂ ਦੇ ਵਾਲੀਵਾਲ ਮੈਚ ਅਤੇ ਬਜ਼ੁਰਗਾਂ ਦੇ ਰੱਸਾਕਸ਼ੀ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਏਸੇ ਤਰ੍ਹਾਂ ਔਰਤਾਂ ਦੀ ਮਿਊਜ਼ੀਕਲ ਚੇਅਰ-ਰੇਸ ਵੀ ਬੜੀ ਦਿਲਚਸਪ ਰਹੀ। ਇਨ੍ਹਾਂ ਈਵੈਂਟਸ ਵਿਚ ਜੇਤੂਆਂ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਨੂੰ ਦਿਲਕਸ਼ ਇਨਾਮ ਵੀ ਦਿੱਤੇ ਗਏ। ਪਿਕਨਿਕ ਦਾ ਇਹ ਸਿਲਸਿਲਾ ਸ਼ਾਮ ਦੇ ਛੇ ਵਜੇ ਤੱਕ ਚੱਲਦਾ ਰਿਹਾ ਅਤੇ ਹਰੇਕ ਨੇ ਇਸ ਦਾ ਪੂਰਾ ਅਨੰਦ ਮਾਣਿਆਂ। ਅਖ਼ੀਰ ਵਿਚ ਪ੍ਰਬੰਧਕਾਂ ਵੱਲੋਂ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਵੱਲੋਂ ਮੀਡੀਆ ਦੇ ਅੰਕਲ ਦੁੱਗਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਾਰਿਆਂ ਨੇ ਇਕ ਦੂਜੇ ਤੋਂ ਵਿਦਾ ਲਈ। ਇਸ ਸਫ਼ਲ ਪਿਕਨਿਕ ਦੇ ਆਯੋਜਨ ਲਈ ਪ੍ਰਬੰਧਕਾਂ ਵਿਚ ਸ਼ਾਮਲ ਹਰਦਿਆਲ ਸਿੰਘ ਸੰਧੂ, ਪਰਮਜੀਤ ਸਿੰਘ ਸੰਧੂ, ‘ਜਸਟ ਰਾਈਟ ਮਕੈਨੀਕਲ ਵਰਕਸ’ ਵਾਲੇ ਸਤਨਾਮ ਸਿੰਘ ਕੈਰੋਂ, ਉਨ੍ਹਾਂ ਦੇ ਪਿਤਾ ਜੀ ਗੁਰਨਾਮ ਸਿੰਘ ਕੈਰੋਂ, ਸੁਖਦੇਵ ਸਿੰਘ ਸੋਹੀ ਅਤੇ ਉਨ੍ਹਾਂ ਦੀ ਟੀਮ ਦੇ ਸਮੂਹ ਮੈਂਬਰ ਵਧਾਈ ਦੇ ਹੱਕਦਾਰ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …